ਸੰਕਟ ਦੀ ਘੜੀ ''ਚ ਦੇਸ਼ ਨੂੰ ਖੁਰਾਕ ਸੁਰੱਖਿਆ ਦੇਣ ਵਿਚ ਅਹਿਮ ਭੂਮਿਕਾ ਨਿਭਾਅ ਰਿਹਾ ਪੰਜਾਬ : ਆਸ਼ੂ

Wednesday, Apr 22, 2020 - 06:24 PM (IST)

ਲੁਧਿਆਣਾ (ਹਿਤੇਸ਼) : ਕੋਰੋਨਾ ਵਾਇਰਸ ਦੇ ਮੱਦੇਨਜ਼ਰ ਦੇਸ਼ ਭਰ ਵਿਚ ਲਾਗੂ ਲਾਕਡਾਊਨ ਦੌਰਾਨ ਦੇਸ਼ ਵਾਸੀਆਂ ਨੂੰ ਖੁਰਾਕ ਸੁਰੱਖਿਆ ਦੇਣ ਵਿਚ ਪੰਜਾਬ ਅਹਿਮ ਭੂਮਿਕਾ ਨਿਭਾਅ ਰਿਹਾ ਹੈ। ਉਕਤ ਪ੍ਰਗਟਾਵਾ ਅੱਜ ਇਥੇ ਪੰਜਾਬ ਦੇ ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਵੱਲੋਂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਦੇਸ਼ ਦੀ ਆਬਾਦੀ ਦਾ ਢਿੱਡ ਭਰਨ ਲਈ ਪੰਜਾਬ ਦੇ ਗੁਦਾਮਾਂ ਤੋਂ ਰਿਕਾਰਡ 50 ਵਿਸ਼ੇਸ਼ ਮਾਲ ਗੱਡੀਆਂ ਰਾਹੀਂ 1.25 ਲੱਖ ਮੀਟ੍ਰਿਕ ਟਨ ਕਣਕ ਅਤੇ ਚੌਲ ਭੇਜੇ ਗਏ ਹਨ। ਭੇਜੇ ਗਏ ਅਨਾਜ ਵਿਚ 102500 ਮੀਟ੍ਰਿਕ ਟਨ ਚੌਲ ਅਤੇ 22500 ਮੀਟ੍ਰਿਕ ਟਨ ਕਣਕ ਹੈ।

ਉਨ੍ਹਾਂ ਕਿਹਾ ਕਿ ਦੇਸ਼ ਵਿਚ ਲਾਕਡਾਊਨ ਲਾਗੂ ਹੋਣ ਤੋਂ ਲੈ ਕੇ ਹੁਣ ਤੱਕ ਪੰਜਾਬ ਵਿਚੋਂ 759 ਸਪੈਸ਼ਲ ਟਰੇਨਾਂ ਰਾਹੀਂ 13.5 ਲੱਖ ਮੀਟ੍ਰਿਕ ਟਨ ਚੌਲ ਅਤੇ 5.47 ਲੱਖ ਮੀਟ੍ਰਿਕ ਟਨ ਕਣਕ ਦੂਸਰੇ ਸੂਬਿਆਂ ਨੂੰ ਭੇਜੀ ਜਾ ਚੁੱਕੀ ਹੈ। ਆਸ਼ੂ ਨੇ ਪੰਜਾਬ ਨੂੰ ਸਪੈਸ਼ਲ ਟਰੇਨਾਂ ਦੇਣ ਲਈ ਐਫ. ਸੀ. ਆਈ. ਦੇ ਸੀ. ਐੱਮ. ਡੀ. ਡੀ. ਵੀ. ਪ੍ਰਸਾਦ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕਰਦਿਆਂ ਕਿਹਾ ਕਿ ਇਨ੍ਹਾਂ ਸਪੈਸ਼ਲ ਟਰੇਨਾਂ ਰਾਹੀਂ ਭੇਜੇ ਗਏ ਅਨਾਜ ਸਦਕੇ ਜਿੱਥੇ ਲੋਕਾਂ ਨੂੰ ਲਾਕਡਾਊਨ ਦੌਰਾਨ ਭਰ ਪੇਟ ਭੋਜਨ ਮਿਲੇਗਾ ਉਸ ਦੇ ਨਾਲ ਹੀ ਪੰਜਾਬ ਦੇ ਚੌਲ ਗੁਦਾਮਾਂ ਦੀ ਸਟੋਰੇਜ ਦੀ ਵੀ ਸਮੱਸਿਆ ਹੱਲ ਹੋਈ ਹੈ। ਆਸ਼ੂ ਨੇ ਦੱਸਿਆ ਕਿ ਇਨ੍ਹਾਂ ਵਿਸ਼ੇਸ਼ ਮਾਲ ਗੱਡੀਆਂ ਵਿਚ ਅਨਾਜ ਦੀ ਲਦਾਈ ਮੌਕੇ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਇੰਨ ਬਿੰਨ ਪਾਲਣਾ ਕੀਤੀ ਗਈ।


Gurminder Singh

Content Editor

Related News