ਕੋਰੋਨਾ ਟੈਸਟਿੰਗ ਸਕੈਮ ''ਚ ਪੰਜਾਬ ਸਰਕਾਰ ਨੇ ਗਠਿਤ ਕੀਤੀ ਐੱਸ. ਆਈ. ਟੀ.

07/13/2020 6:35:21 PM

ਚੰਡੀਗੜ੍ਹ/ਜਲੰਧਰ (ਅਸ਼ਵਨੀ,ਧਵਨ) : ਅੰਮ੍ਰਿਤਸਰ ਦੀ ਤੁਲੀ ਲੈਬ ਦੇ ਕੋਰੋਨਾ ਟੈਸਟਿੰਗ ਸਕੈਮ ਨੂੰ ਲੈ ਕੇ ਪੰਜਾਬ ਸਰਕਾਰ ਨੇ ਸਪੈਸ਼ਲ ਇਨਵੈਸਟੀਗੈਸ਼ਨ ਟੀਮ (ਐੱਸ. ਆਈ. ਟੀ.) ਦਾ ਗਠਨ ਕਰ ਦਿੱਤਾ ਹੈ। 3 ਮੈਂਬਰੀ ਇਸ ਐੱਸ. ਆਈ. ਟੀ. ਨੂੰ ਅੰਮ੍ਰਿਤਸਰ ਦੇ ਪੁਲਸ ਕਮਿਸ਼ਨਰ ਲੀਡ ਕਰਨਗੇ। ਐਤਵਾਰ ਨੂੰ ਸੋਸ਼ਲ ਮੀਡੀਆ 'ਤੇ ਰੂ-ਬ-ਰੂ ਹੋਏ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਤੁਲੀ ਲੈਬ ਮਾਮਲੇ ਵਿਚ ਉਨ੍ਹਾਂ ਕੋਲ ਸ਼ਿਕਾਇਤ ਆਈ ਸੀ, ਜਿਸ 'ਤੇ ਨੋਟਿਸ ਲੈਂਦੇ ਹੋਏ ਵਿਜੀਲੈਂਸ ਨੂੰ ਜਾਂਚ ਦੇ ਹੁਕਮ ਦਿੱਤੇ ਗਏ ਸਨ। ਜਾਂਚ ਵਿਚ ਪਾਇਆ ਗਿਆ ਕਿ ਇਸ ਮਾਮਲੇ ਵਿਚ ਕੋਈ ਸਰਕਾਰੀ ਅਧਿਕਾਰੀ ਸ਼ਾਮਲ ਨਹੀਂ ਹੈ, ਇਸ ਲਈ ਹੁਣ ਇਸ ਦੀ ਜਾਂਚ ਐੱਸ. ਆਈ. ਟੀ. ਨੂੰ ਸੌਂਪੀ ਗਈ ਹੈ। ਮੁੱਖ ਮੰਤਰੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਬਿਕਰਮ ਸਿੰਘ ਮਜੀਠੀਆ 'ਤੇ ਨਿਸ਼ਾਨਾ ਲਾਉਂਦੇ ਹੋਏ ਕਿਹਾ ਕਿ ਉਹ ਇਸ ਮਾਮਲੇ ਨੂੰ ਸਿਆਸੀ ਰੰਗ ਨਾ ਦੇਣ।

ਇਹ ਵੀ ਪੜ੍ਹੋ : ਬੱਚੀ ਨੂੰ ਬਚਾਉਣ ਲਈ ਪਾਣੀ ਵਾਲੇ ਟੈਂਕ 'ਚ ਉੱਤਰੇ ਸਕੇ ਭਰਾਵਾਂ ਦੀ ਦਰਦਨਾਕ ਮੌਤ 

ਇਹ ਉਚ ਪੱਧਰੀ ਤਿੰਨ ਮੈਂਬਰੀ ਟੀਮ ਪੁਲਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਦੀ ਅਗਵਾਈ ਹੇਠ ਕੰਮ ਕਰੇਗੀ। ਲਾਈਵ ਪ੍ਰੋਗਰਾਮ ਵਿਚ ਅੰਮ੍ਰਿਤਸਰ ਵਾਸੀ ਸਾਹਿਲ ਧਵਨ ਵੱਲੋਂ ਕੀਤੇ ਗਏ ਸਵਾਲ ਦੇ ਜਵਾਬ ਦੇ ਮੁੱਖ ਮੰਤਰੀ ਨੇ ਦੱਸਿਆ ਕਿ ਪਹਿਲਾਂ ਇਹ ਜਾਂਚ ਵਿਜੀਲੈਂਸ ਬਿਊਰੋ ਵੱਲੋਂ ਕੀਤੀ ਗਈ ਹੈ ਪਰ ਤੁਲੀ ਲੈਬ ਨੇ ਅਦਾਲਤ 'ਚ ਪਹੁੰਚ ਕਰਦਿਆਂ ਕਿਹਾ ਸੀ ਕਿ ਵਿਜੀਲੈਂਸ ਸਿਰਫ ਸਰਕਾਰੀ ਵਿਭਾਗਾਂ ਦੀ ਹੀ ਜਾਂਚ ਕਰ ਸਕਦੀ ਹੈ, ਇਸ ਨੂੰ ਨਿੱਜੀ ਕੇਸਾਂ ਵਿਚ ਜਾਂਚ ਕਰਨ ਦਾ ਅਧਿਕਾਰ ਨਹੀਂ ਹੈ। ਇਸ ਤੋਂ ਬਾਅਦ ਮੌਜੂਦਾ ਸਥਿਤੀ ਨੂੰ ਵੇਖਦੇ ਹੋਏ ਇਹ ਜਾਂਚ ਪੁਲਸ ਕਮਿਸ਼ਨਰ ਦੀ ਅਗਵਾਈ ਹੇਠ ਬਣਾਈ 'ਸਿੱਟ' ਨੂੰ ਦੇ ਦਿੱਤੀ ਗਈ ਹੈ ਜਿਸ ਵਿਚ ਵਧੀਕ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਅਤੇ ਸਿਵਲ ਸਰਜਨ ਵੀ ਸ਼ਾਮਿਲ ਹਨ। ਉਨਾਂ ਕਿਹਾ ਕਿ ਇਹ ਤਿੰਨ ਅਧਿਕਾਰੀਆਂ ਦੀ ਟੀਮ ਕੇਸ ਦੀ ਜਾਂਚ ਕਰਕੇ ਸੱਚ ਸਾਹਮਣੇ ਲਿਆਏਗੀ। ਇਸ ਮਗਰੋਂ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਸ਼ਿਵ ਸੈਨਾ ਆਗੂ ਸੁਧੀਰ ਸੂਰੀ ਇੰਦੌਰ ''ਚ ਗ੍ਰਿਫ਼ਤਾਰ


Gurminder Singh

Content Editor

Related News