ਐੱਸ. ਡੀ. ਐੱਮ.-2 ਦੇ ਦਫਤਰ ''ਚ 29 ਅਤੇ ਸੇਵਾ ਕੇਂਦਰ ''ਚ 100 ਬਿਨੈਕਾਰਾਂ ਦੇ ਕੋਰੋਨਾ ਟੈਸਟ

Friday, Sep 11, 2020 - 06:09 PM (IST)

ਜਲੰਧਰ (ਚੋਪੜਾ) : ਐੱਸ. ਡੀ. ਐੱਮ.-2 ਦਫਤਰ 'ਚ ਲਾਇਸੈਂਸ ਬਣਵਾਉਣ ਅਤੇ ਸੇਵਾ ਕੇਂਦਰ 'ਚ ਵੱਖ-ਵੱਖ ਕੰਮਾਂ ਲਈ ਆਏ ਬਿਨੈਕਾਰਾਂ ਦੇ ਦੂਜੇ ਦਿਨ ਵੀ ਕੋਵਿਡ-19 ਦੇ ਟੈਸਟ ਸਬੰਧੀ ਸੈਂਪਲ ਲਏ ਜਾਣ ਤੋਂ ਬਾਅਦ ਉਨ੍ਹਾਂ ਦੇ ਸਬੰਧਤ ਕੰਮ ਕੀਤੇ ਗਏ। ੈੱਸ. ਡੀ. ਐੱਮ.-2 ਦੇ ਦਫ਼ਤਰ 'ਚ ਸਵੇਰੇ 9 ਵਜੇ ਹੀ ਲਾਇਸੈਂਸ ਬਣਵਾਉਣ ਆਏ ਲੋਕਾਂ ਦੀ ਭੀੜ ਲੱਗਣੀ ਸ਼ੁਰੂ ਹੋ ਗਈ ਪਰ ਸਿਹਤ ਮਹਿਕਮੇ ਦੀ ਟੀਮ ਵੱਲੋਂ 11 ਵਜੇ ਦੇ ਲਗਭਗ ਸੈਂਪਲ ਲੈਣ ਦਾ ਕੰਮ ਸ਼ੁਰੂ ਕੀਤਾ ਗਿਆ, ਜਿਸ ਕਾਰਣ ਲਾਇਸੈਂਸ ਬਣਵਾਉਣ ਦਾ ਕੰਮ ਪੂਰੀ ਤਰ੍ਹਾਂ ਠੱਪ ਰਿਹਾ। ਸੈਂਪਲਿੰਗ ਲਈ ਆਈ ਟੀਮ ਦਾ ਤਰਕ ਸੀ ਕਿ ਜਦੋਂ ਤੱਕ ਵਧੇਰੇ ਲੋਕ ਇਕੱਠੇ ਨਹੀਂ ਹੋ ਜਾਂਦੇ, ਉਦੋਂ ਤੱਕ ਉਹ ਸੈਂਪਲ ਲੈਣ ਦਾ ਕੰਮ ਨਹੀਂ ਸ਼ੁਰੂ ਕਰਨਗੇ। 11 ਵਜੇ ਦੇ ਲਗਭਗ ਸੈਂਪਲ ਲੈਣ ਦਾ ਕੰਮ ਕਰਦਿਆਂ ਸਿਹਤ ਮਹਿਕਮੇ ਦੀ ਟੀਮ ਨੇ 29 ਬਿਨੈਕਾਰਾਂ ਦੇ ਟੈਸਟ ਕੀਤੇ, ਜਿਨ੍ਹਾਂ 'ਚੋਂ 3 ਕੋਰੋਨਾ ਪਾਜ਼ੇਟਿਵ ਨਿਕਲੇ, ਜਿਨ੍ਹਾਂ ਨੂੰ ਐੱਸ. ਡੀ. ਐੱਮ. ਰਾਹੁਲ ਸਿੰਧੂ ਦੇ ਹੁਕਮਾਂ ਅਨੁਸਾਰ ਹੋਮ ਕੁਆਰੰਟਾਈਨ ਦੀ ਮਨਜ਼ੂਰੀ ਦੇ ਕੇ ਵਾਪਸ ਘਰ ਭੇਜ ਦਿੱਤਾ ਗਿਆ। ਲਾਇਸੈਂਸ ਬਣਵਾਉਣ ਲਈ 11.50 ਵਜੇ ਤੋਂ ਬਾਅਦ ਆਏ ਕਿਸੇ ਵੀ ਬਿਨੈਕਾਰ ਦਾ ਟੈਸਟ ਨਾ ਹੋਣ ਨਾਲ ਇਸ ਪ੍ਰਕਿਰਿਆ 'ਤੇ ਪ੍ਰਸ਼ਨ ਚਿੰਨ੍ਹ ਲੱਗ ਗਿਆ ਹੈ। ਲੋਕਾਂ ਦਾ ਕਹਿਣਾ ਸੀ ਕਿ ਜੇਕਰ ਸੈਂਪਲ ਲੈਣੇ ਹਨ ਤਾਂ ਨਿਯਮ ਸਾਰਿਆਂ ਲਈ ਇਕ ਸਮਾਨ ਹੋਣੇ ਚਾਹੀਦੇ ਹਨ, ਨਾ ਕਿ ਸਿਰਫ ਖਾਨਾਪੂਰਤੀ ਕਰਦਿਆਂ ਮਨਮਰਜ਼ੀ ਨਾਲ ਸੈਂਪਲ ਲੈਣ ਜਾਂ ਨਾ ਲੈਣ ਦਾ ਕੰਮ ਕੀਤਾ ਜਾਵੇ।

PunjabKesari

12 ਵਜੇ ਤੋਂ ਬਾਅਦ ਸਿਹਤ ਮਹਿਕਮੇ ਦੀ ਟੀਮ ਗਾਇਬ
ਪ੍ਰਸ਼ਾਸਕੀ ਕੰਪਲੈਕਸ 'ਚ ਸਥਿਤ ਸੇਵਾ ਕੇਂਦਰ 'ਚ ਸਵੇਰੇ 9 ਵਜੇ ਹੀ ਸਿਹਤ ਮਹਿਕਮੇ ਦੀ ਟੀਮ ਤਾਇਨਾਤ ਹੋ ਗਈ ਅਤੇ ਉਨ੍ਹਾਂ ਦੁਪਹਿਰ 12 ਵਜੇ ਤੱਕ ਉਥੇ ਆਉਣ ਵਾਲੇ 100 ਬਿਨੈਕਾਰਾਂ ਦੇ ਕੋਰੋਨਾ ਟੈਸਟ ਲਈ ਸੈਂਪਲ ਲਏ। ਇਸ ਦੌਰਾਨ 5 ਵਿਅਕਤੀ ਪਾਜ਼ੇਟਿਵ ਨਿਕਲੇ, ਜਿਨ੍ਹਾਂ ਨੂੰ ਐੱਸ. ਡੀ. ਐੱਮ. ਰਾਹੁਲ ਸਿੰਧੂ ਦੇ ਹੁਕਮਾਂ ਤੋਂ ਬਾਅਦ ਹੋਮ ਕੁਆਰੰਟਾਈਨ ਦਾ ਕਹਿ ਕੇ ਵਾਪਸ ਘਰਾਂ ਨੂੰ ਭੇਜ ਦਿੱਤਾ ਗਿਆ। ਸੇਵਾ ਕੇਂਦਰ 'ਚ 150 ਬਿਨੈਕਾਰਾਂ ਨੂੰ ਉਨ੍ਹਾਂ ਦੇ ਸਬੰਧਤ ਕੰਮਾਂ ਲਈ ਟੋਕਨ ਦਿੱਤੇ ਗਏ ਸਨ ਪਰ ਦੁਪਹਿਰ 12 ਵਜੇ ਤੋਂ ਬਾਅਦ ਆਉਣ ਵਾਲੇ ਬਿਨੈਕਾਰਾਂ ਨੂੰ ਸਿਹਤ ਮਹਿਕਮੇ ਦੀ ਟੀਮ ਦੇ ਨਾ ਹੋਣ ਕਾਰਣ ਬਿਨਾਂ ਕੋਰੋਨਾ ਟੈਸਟ ਸੈਂਪਲ ਲਏ ਹੀ ਸੇਵਾ ਕੇਂਦਰ ਅੰਦਰ ਜਾਣ ਦਿੱਤਾ ਗਿਆ। ਇਸ ਦੌਰਾਨ ਕਈ ਬਿਨੈਕਾਰ ਤੈਸ਼ ਵਿਚ ਆ ਕੇ ਸਰਕਾਰੀ ਕਰਮਚਾਰੀਆਂ ਨਾਲ ਬਹਿਸਦੇ ਵੀ ਦਿਸੇ ਅਤੇ ਕੋਰੋਨਾ ਟੈਸਟ ਕਰਵਾਏ ਬਿਨਾਂ ਕੰਮ ਨਾ ਹੋਣ ਸਬੰਧੀ ਪੰਜਾਬ ਸਰਕਾਰ ਦੇ ਹੁਕਮ ਦਿਖਾਉਣ ਲਈ ਕਹਿੰਦੇ ਨਜ਼ਰ ਆਏ। ਲੋਕਾਂ ਨੇ ਕਿਹਾ ਕਿ ਕੋਰੋਨਾ ਵਾਇਰਸ ਕਾਰਣ ਪਿਛਲੇ 6 ਮਹੀਨਿਆਂ ਤੋਂ ਭਾਰੀ ਦਿੱਕਤਾਂ ਝੱਲ ਰਹੇ ਹਨ ਅਤੇ ਹੁਣ ਜਬਰੀ ਟੈਸਟ ਲਈ ਸੈਂਪਲ ਦੇ ਹੁਕਮ ਜਾਰੀ ਕਰ ਕੇ ਉਨ੍ਹਾਂ ਦੀਆਂ ਦਿੱਕਤਾਂ ਨੂੰ ਵਧਾਇਆ ਜਾ ਰਿਹਾ ਹੈ। ਸੇਵਾ ਕੇਂਦਰ ਦੇ ਬਾਹਰ ਹੁਮਸ ਭਰੀ ਗਰਮੀ ਤੋਂ ਲੋਕ ਪ੍ਰੇਸ਼ਾਨ ਹੋਏ। ਪ੍ਰਸ਼ਾਸਨ ਵਲੋਂ ਉਨ੍ਹਾਂ ਦੇ ਬੈਠਣ ਲਈ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਸੀ ਅਤੇ ਉਹ ਦਰੱਖਤਾਂ ਦੀ ਛਾਵੇਂ ਅਤੇ ਜ਼ਮੀਨ 'ਤੇ ਬੈਠ ਕੇ ਆਪਣੀ ਵਾਰੀ ਦਾ ਇੰਤਜ਼ਾਰ ਕਰਦੇ ਰਹੇ । ਇਸ ਦੌਰਾਨ ਸੋਸ਼ਲ ਡਿਸਟੈਂਸਿੰਗ ਦੀਆਂ ਵੀ ਜੰਮ ਕੇ ਧੱਜੀਆਂ ਉਡਾਈਆਂ ਗਈਆਂ।

PunjabKesari

... ਜਦੋਂ ਕੋਰੋਨਾ ਪਾਜ਼ੇਟਿਵ ਨਿਕਲੀ ਔਰਤ ਭੁੱਬਾਂ ਮਾਰ ਕੇ ਰੋਈ
ਸੇਵਾ ਕੇਂਦਰ ਵਿਚ ਕਿਸੇ ਕੰਮ ਸਬੰਧੀ ਆਈ ਔਰਤ ਉਸ ਸਮੇਂ ਭੁੱਬਾਂ ਮਾਰ ਕੇ ਰੋਣ ਲੱਗੀ, ਜਦੋਂ ਸਿਹਤ ਮਹਿਕਮੇ ਦੀ ਟੀਮ ਨੇ ਉਸ ਨੂੰ ਦੱਸਿਆ ਕਿ ਉਸ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਔਰਤ ਦੇ ਕੋਰੋਨਾ ਪਾਜ਼ੇਟਿਵ ਹੋਣ ਦਾ ਪਤਾ ਲੱਗਣ 'ਤੇ ਲੋਕਾਂ ਨੇ ਉਸ ਨੂੰ ਦੂਰੀ ਬਣਾਉਣ ਨੂੰ ਕਿਹਾ। ਸਿਹਤ ਮਹਿਕਮੇ ਦੀ ਟੀਮ ਨੇ ਔਰਤ ਨੂੰ ਘਰ ਜਾ ਕੇ ਵੱਖ ਕਮਰੇ 'ਚ ਇਕਾਂਤਵਾਸ ਹੋਣ ਲਈ ਕਿਹਾ ਅਤੇ ਲੱਛਣ ਸਾਹਮਣੇ ਆਉਣ 'ਤੇ ਹਸਪਤਾਲ 'ਚ ਡਾਕਟਰਾਂ ਨੂੰ ਦਿਖਾਉਣ ਦਾ ਮਸ਼ਵਰਾ ਵੀ ਦਿੱਤਾ।


Anuradha

Content Editor

Related News