...ਤੇ ਹੁਣ ਨਿੱਜੀ ਡਾਕਟਰਾਂ ਦੀ ਤਜਵੀਜ਼ ''ਤੇ ਵੀ ਹੋ ਸਕੇਗਾ ''ਕੋਰੋਨਾ ਟੈਸਟ''
Friday, Jul 03, 2020 - 12:30 PM (IST)
ਚੰਡੀਗੜ੍ਹ (ਅਰਚਨਾ) : ਚੰਡੀਗੜ੍ਹ 'ਚ ਹੁਣ ਨਿੱਜੀ ਡਾਕਟਰਾਂ ਦੀ ਤਜਵੀਜ਼ ’ਤੇ ਵੀ ਕੋਰੋਨਾ ਟੈਸਟ ਹੋ ਸਕੇਗਾ। ਹੁਣ ਤੱਕ ਸਿਰਫ ਸਰਕਾਰੀ ਡਾਕਟਰ ਦੀ ਤਜਵੀਜ਼ ’ਤੇ ਹੀ ਕੋਰੋਨਾ ਟੈਸਟ ਕਰਵਾਇਆ ਜਾ ਸਕਦਾ ਸੀ ਪਰ ਸਰਕਾਰੀ ਹਸਪਤਾਲਾਂ ਅਤੇ ਡਾਕਟਰੀ ਸੰਸਥਾਨਾਂ 'ਚ ਮਰੀਜ਼ਾਂ ਦੇ ਵੱਡੀ ਗਿਣਤੀ ਨੂੰ ਵੇਖਦੇ ਹੋਏ ਸਾਰੇ ਮਰੀਜ਼ ਸਰਕਾਰੀ ਡਾਕਟਰਾਂ ਦੀ ਤਾਵੀਜ਼ ਨਹੀਂ ਲੈ ਪਾਉਂਦੇ ਸਨ ਅਤੇ ਉਨ੍ਹਾਂ ਦਾ ਕੋਰੋਨਾ ਟੈਸਟ ਨਾ ਹੋਣ ਕਾਰਣ ਬੀਮਾਰੀ ਦੇ ਇਲਾਜ 'ਚ ਦੇਰੀ ਹੋ ਜਾਂਦੀ ਸੀ। ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਨੇ ਰਾਜਾਂ ਅਤੇ ਵੱਖ-ਵੱਖ ਯੂ. ਟੀ. ਸਮੇਤ ਚੰਡੀਗੜ੍ਹ ਨੂੰ ਨਿਰਦੇਸ਼ ਜਾਰੀ ਕਰਦੇ ਹੋਏ ਕਿਹਾ ਹੈ ਕਿ ਹੁਣ ਕਿਸੇ ਵੀ ਮੈਡੀਕਲ ਪ੍ਰੈਕਟੀਸ਼ਨਰਜ਼ ਦੀ ਤਜਵੀਜ਼ ’ਤੇ ਕੋਰੋਨਾ ਟੈਸਟ ਕੀਤਾ ਜਾ ਸਕਦਾ ਹੈ। ਪਿਛਲੇ ਦਿਨੀਂ ਅਦਾਲਤ ਨੇ ਵੀ ਕਿਹਾ ਸੀ ਕਿ ਜੇਕਰ ਮਰੀਜ਼ ਕੋਰੋਨਾ ਟੈਸਟ ਕਰਵਾਉਣਾ ਚਾਹੇ ਤਾਂ ਉਸ ਦੀ ਜਾਂਚ ਕਰਵਾਏ ਜਾਣ ਦੀ ਇੱਛਾ ਰੋਕੀ ਨਹੀਂ ਜਾ ਸਕਦੀ ਹੈ।
ਦਿਸ਼ਾ-ਨਿਰਦੇਸ਼ ਮੁਤਾਬਕ ਹੋਣ ਟੈਸਟ
ਸਿਹਤ ਮੰਤਰਾਲਾ ਵੱਲੋਂ ਜਾਰੀ ਕੀਤੇ ਗਏ ਨਿਰਦੇਸ਼ਾਂ 'ਚ ਕਿਹਾ ਗਿਆ ਹੈ ਕਿ ਯੂ. ਟੀ. 'ਚ ਪ੍ਰੈਕਟਿਸ ਕਰਨ ਵਾਲੇ ਡਾਕਟਰ ਕੋਰੋਨਾ ਟੈਸਟਿੰਗ ਦੀ ਤਜਵੀਜ਼ ਲਿਖ ਸਕਦੇ ਹਨ ਪਰ ਇਹ ਜਾਂਚ ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ ਦੇ ਦਿਸ਼ਾ-ਨਿਰਦੇਸ਼ ਮੁਤਾਬਕ ਹੀ ਕੀਤੇ ਜਾ ਸਕਦੇ ਹਨ। ਮਰੀਜ਼ ਦੇ ਬੁਖਾਰ, ਖੰਘ, ਜ਼ੁਕਾਮ ਅਤੇ ਗਲਾ ਖ਼ਰਾਬ ਵਰਗੇ ਲੱਛਣ ਦਿਸਣ ’ਤੇ ਹੀ ਕੋਰੋਨਾ ਟੈਸਟ ਲਿਖੇ ਅਤੇ ਕੀਤੇ ਜਾ ਸਕਦੇ ਹਨ।
ਜ਼ਿਆਦਾ ਟੈਸਟਿੰਗ ਲਈ ਅਜਿਹਾ ਕਰਨਾ ਜ਼ਰੂਰੀ
ਸਿਹਤ ਮੰਤਰਾਲਾ ਦਾ ਕਹਿਣਾ ਹੈ ਕਿ ਸਿਰਫ ਸਰਕਾਰੀ ਡਾਕਟਰ ਦੀ ਤਜਵੀਜ਼ ’ਤੇ ਨਿਰਭਰ ਰਹਿਣ ’ਤੇ ਕੋਰੋਨਾ ਟੈਸਟਿੰਗ ਦੀ ਗਿਣਤੀ ਘੱਟ ਰਹੇਗੀ। ਜੇਕਰ ਮਰੀਜ਼ ਨੂੰ ਲੋੜ ਹੈ ਤਾਂ ਉਸ ਦੀ ਤਜਵੀਜ਼ ਨਿੱਜੀ ਡਾਕਟਰ ਵੀ ਲਿਖ ਸਕਦੇ ਹਨ। ਜੇਕਰ ਲੈਬ ਨੂੰ ਲੱਗਦਾ ਹੈ ਕਿ ਕੋਰੋਨਾ ਟੈਸਟ ਕਰਵਾਉਣ ਦੀ ਇੱਛਾ ਰੱਖਣ ਵਾਲੇ ਵਿਅਕਤੀ 'ਚ ਕੋਰੋਨਾ ਨਾਲ ਸੰਬੰਧਿਤ ਲੱਛਣ ਹਨ ਤਾਂ ਉਹ ਖੁਦ ਵੀ ਆਈ. ਸੀ. ਐੱਮ. ਆਰ. ਦੇ ਦਿਸ਼ਾ-ਨਿਰਦੇਸ਼ਾਂ ਨੂੰ ਧਿਆਨ 'ਚ ਰੱਖਦੇ ਹੋਏ ਕੋਰੋਨਾ ਟੈਸਟਿੰਗ ਦਾ ਫ਼ੈਸਲਾ ਲੈ ਸਕਦੇ ਹਨ। ਲੈਬੋਰੇਟਰੀ ਲਈ ਕੋਰੋਨਾ ਟੈਸਟ ਦੀ ਰਿਪੋਰਟ ਦੀ ਜਾਣਕਾਰੀ ਵੈੱਬਸਾਈਟ ’ਤੇ ਦੇਣਾ ਲਾਜ਼ਮੀ ਰਹੇਗਾ। ਚੰਡੀਗੜ੍ਹ 'ਚ ਹੁਣ ਤੱਕ 7,792 ਟੈਸਟ ਕੀਤੇ ਜਾ ਚੁੱਕੇ ਹਨ, ਜਿਨ੍ਹਾਂ 'ਚੋਂ 447 ਤੋਂ ਜ਼ਿਆਦਾ ਮਰੀਜ਼ ਪਾਜ਼ੇਟਿਵ ਆ ਚੁੱਕੇ ਹਨ।
ਟੈਸਟ ਵਿਅਕਤੀ ਦਾ ਮੌਲਿਕ ਅਧਿਕਾਰ
ਵਰਲਡ ਮੈਡੀਕਲ ਐਸੋਸੀਏਸ਼ਨ ਦੇ ਐਡਵਾਈਜ਼ਰ ਡਾ. ਰਮਨੀਕ ਸਿੰਘ ਬੇਦੀ ਦਾ ਕਹਿਣਾ ਹੈ ਕਿ ਕੋਈ ਵੀ ਵਿਅਕਤੀ ਜੇਕਰ ਕੋਰੋਨਾ ਟੈਸਟ ਕਰਵਾਉਣਾ ਚਾਹੁੰਦਾ ਹੈ ਤਾਂ ਉਸਨੂੰ ਟੈਸਟ ਕਰਵਾਉਣ ਦਾ ਮੌਲਿਕ ਅਧਿਕਾਰ ਹੈ। ਸਾਡਾ ਸੰਵਿਧਾਨ ਹਰ ਵਿਅਕਤੀ ਨੂੰ ਜਿਊਣ ਦਾ ਅਧਿਕਾਰ ਦਿੰਦਾ ਹੈ, ਟੈਸਟ ਦੀ ਇੱਛਾ ਰੱਖਣ ’ਤੇ ਉਸਨੂੰ ਟੈਸਟ ਕਰਵਾਉਣ ਦੀ ਛੋਟ ਮਿਲਣੀ ਚਾਹੀਦੀ ਹੈ। ਹੁਣ ਤਾਂ ਆਈ. ਸੀ. ਐੱਮ. ਆਰ. ਨੇ ਕੋਰੋਨਾ ਟੈਸਟ ਕਰਨ ਵਾਲੀ ਲੈਬੋਰੇਟਰੀ ਦੀ ਗਿਣਤੀ ਵੀ ਹਜ਼ਾਰ ਤੋਂ ਜ਼ਿਆਦਾ ਕਰ ਦਿੱਤੀ ਹੈ, ਟੈਸਟ ਵੀ ਜ਼ਿਆਆਦਾ ਤੋਂ ਜ਼ਿਆਦਾ ਹੋਣੇ ਚਾਹੀਦੇ ਹਨ। ਕਿੱਟਾਂ ਦੀ ਗਿਣਤੀ ਵੀ ਵੱਧ ਗਈ ਹੈ। ਫਿਲਹਾਲ ਚੰਡੀਗੜ੍ਹ 'ਚ ਸਿਰਫ ਇਕ ਹੀ ਲੈਬ ਨੂੰ ਕੋਰੋਨਾ ਟੈਸਟ ਦੀ ਇਜਾਜ਼ਤ ਦਿੱਤੀ ਗਈ ਹੈ। ਚੰਡੀਗੜ੍ਹ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਉਹ ਹੋਰ ਐੱਨ. ਏ. ਬੀ. ਐੱਲ. ਲੈਬੋਰੇਟਰੀ ਨੂੰ ਵੀ ਕੋਰੋਨਾ ਜਾਂਚ ਦੀ ਇਜਾਜ਼ਤ ਦਿੱਤੀਂ ਜਾਵੇ ਤਾਂ ਜੋ ਇਕ ਹੀ ਲੈਬ ’ਤੇ ਕੋਰੋਨਾ ਟੈਸਟ ਦਾ ਲੋਡ ਨਾ ਰਹੇ, ਮਰੀਜ਼ਾਂ ਨੂੰ ਰਿਪੋਰਟ ਲਈ ਇੰਤਜ਼ਾਰ ਨਾ ਕਰਨਾ ਪਵੇ। ਹਾਈਕੋਰਟ ਵੀ ਕਹਿ ਚੁੱਕਿਆ ਹੈ ਕਿ ਟੈਸਟ ਹਰ ਵਿਅਕਤੀ ਦਾ ਅਧਿਕਾਰ ਹੈ। ਐੱਸ. ਆਰ. ਐੱਲ. ਡਾਇਗਨੋਸਟਿਕ ਲੈਬ ਦੀ ਸਪੋਕਸਪਰਸਨ ਗਰਿਮਾ ਸੋਬਤੀ ਦਾ ਕਹਿਣਾ ਹੈ ਕਿ ਪਹਿਲਾਂ ਸਿਰਫ ਸਰਕਾਰੀ ਡਾਕਟਰ ਦੀ ਤਜਵੀਜ਼ ’ਤੇ ਹੀ ਟੈਸਟ ਕੀਤੇ ਜਾ ਰਹੇ ਸਨ ਪਰ ਹੁਣ ਕਿਸੇ ਵੀ ਨਿੱਜੀ ਡਾਕਟਰ ਦੀ ਤਜਵੀਜ਼ ’ਤੇ ਵੀ ਲੈਬ 'ਚ ਟੈਸਟ ਹੋ ਸਕੇਗਾ। ਟੈਸਟ ਦੋ ਹਜ਼ਾਰ ਰੁਪਏ 'ਚ ਹੀ ਹੋਵੇਗਾ।