ਇਟਲੀ 'ਚ ਕੋਰੋਨਾ ਵਾਇਰਸ ਨਾਲ 5ਵੇਂ ਪੰਜਾਬੀ ਵਿਅਕਤੀ ਦੀ ਮੌਤ

Sunday, Apr 12, 2020 - 01:29 PM (IST)

ਰੋਮ, (ਕੈਂਥ)- ਕੋਵਿਡ-19 ਦੀ ਮਹਾਮਾਰੀ ਨੇ ਜਿੱਥੇ ਸਾਰੀ ਦੁਨੀਆ ਦੀ ਨੀਂਦ ਖਰਾਬ ਕੀਤੀ ਹੋਈ ਹੈ, ਉੱਥੇ ਹੀ ਇਟਲੀ ਵਿਚ ਵੀ ਇਸ ਵਾਇਰਸ ਕਰਨ ਹੁਣ ਤੱਕ 19 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸੇ ਦੌਰਾਨ ਇਟਲੀ ਦੇ ਜਿਲਾ ਪਿਚੈਂਸਾ ਦੇ ਪਿੰਡ ਕੋਰਤੇਮਾਜੀਉਰ ਵਿਚ ਰਹਿਣ ਵਾਲੇ ਇੱਕ ਹੋਰ ਪੰਜਾਬੀ ਇਕਬਾਲ ਸਿੰਘ ਦੀ ਕੋਰੋਨਾ ਵਾਇਰਸ ਦੀ ਭਿਆਨਕ ਬਿਮਾਰੀ ਨਾਲ ਮੌਤ ਹੋ ਗਈ ਹੈ। ਉਹ ਪੰਜਾਬ ਤੋਂ ਖੰਨਾ ਸ਼ਹਿਰ ਦੇ ਰਹਿਣ ਵਾਲੇ ਸਨ। ਉਹ ਆਪਣੇ ਪਿੱਛੇ ਆਪਣੀ ਪਤਨੀ, ਦੋ ਬੇਟੇ ਅਤੇ ਇੱਕ ਧੀ ਨੂੰ ਛੱਡ ਗਏ ਹਨ।

ਸਿੰਘ ਪਿਛਲੇ ਸਾਲ 2019 ਵਿਚ ਆਪਣੇ ਤਿੰਨੋਂ ਬੱਚਿਆਂ ਦੇ ਵਿਆਹ ਕਰਕੇ ਵਾਪਸ ਇਟਲੀ ਆਏ ਸਨ। ਉਹ ਪਿਛਲੇ 15 ਦਿਨਾਂ ਤੋਂ ਕੋਰੋਨਾ ਵਾਇਰਸ ਨਾਲ ਪੀੜਤ ਸਨ ਤੇ ਪਿਚੈਂਸਾ ਸ਼ਹਿਰ ਦੇ ਵੱਡੇ ਹਸਪਤਾਲ ਵਿਚ ਦਾਖਲ ਸਨ। ਉਹ ਇਸ ਵਾਇਰਸ ਨਾਲ ਲੜਾਈ ਲੜਦੇ-ਲੜਦੇ 11 ਅਪ੍ਰੈਲ ਦਿਨ ਸ਼ਨੀਵਾਰ ਨੂੰ ਦੁਪਿਹਰ ਵੇਲੇ ਆਪਣੀ ਜ਼ਿੰਦਗੀ ਨੂੰ ਅਲਵਿਦਾ ਕਰ ਗਏ ਹਨ।

ਸਿੰਘ ਦੀ ਬੇਵਕਤੀ ਮੌਤ ਤੇ ਇਟਲੀ ਵਿਚ ਵੱਸਦੇ ਪੰਜਾਬੀ ਭਾਈਚਾਰੇ ਵਲੋਂ ਸੋਗ ਦੀ ਲਹਿਰ ਫੈਲ ਗਈ ਹੈ, ਇਟਲੀ ਵਿਚ ਪਹਿਲਾਂ ਵੀ ਹੁਣ ਤੱਕ 4 ਪੰਜਾਬੀ ਕੋਰੋਨਾ ਵਾਇਰਸ ਦੀ ਲਪੇਟ ਵਿਚ ਆ ਕੇ ਆਪਣੀ ਜਾਨ ਗੁਆ ਚੁੱਕੇ ਹਨ।
 


Lalita Mam

Content Editor

Related News