ਰਾਜਿੰਦਰਾ ਹਸਪਤਾਲ ਦੀ ਖੁੱਲ੍ਹੀ ਪੋਲ, ਆਕਸੀਜਨ ਸਿਲੰਡਰ ਖ਼ਤਮ ਹੋਣ ਕਾਰਨ ਕੋਰੋਨਾ ਦੇ ਸ਼ੱਕੀ ਮਰੀਜ਼ ਦੀ ਮੌਤ

Thursday, Apr 22, 2021 - 11:01 AM (IST)

ਰਾਜਿੰਦਰਾ ਹਸਪਤਾਲ ਦੀ ਖੁੱਲ੍ਹੀ ਪੋਲ, ਆਕਸੀਜਨ ਸਿਲੰਡਰ ਖ਼ਤਮ ਹੋਣ ਕਾਰਨ ਕੋਰੋਨਾ ਦੇ ਸ਼ੱਕੀ ਮਰੀਜ਼ ਦੀ ਮੌਤ

ਪਟਿਆਲਾ (ਮਨਦੀਪ ਜੋਸਨ) : ਆਕਸੀਜਨ ਦੀ ਕੋਈ ਕਮੀ ਨਾ ਹੋਣ ਦੇ ਡੰਕੇ ਵਜਾਉਣ ਵਾਲੇ ਰਾਜਿੰਦਰਾ ਹਸਪਤਾਲ ਦੀ ਪੋਲ ਉਸ ਸਮੇਂ ਖੁੱਲ੍ਹ ਗਈ, ਜਦੋਂ ਆਕਸੀਜਨ ਦਾ ਸਿਲੰਡਰ ਖ਼ਤਮ ਹੋਣ ਕਾਰਣ ਇਕ ਕੋਵਿਡ ਦੇ ਸ਼ੱਕੀ ਮਰੀਜ਼ ਦੀ ਮੌਤ ਹੋ ਗਈ। ਤੇਜ਼ ਬਾਗ਼ ਕਾਲੋਨੀ ਪਟਿਆਲਾ ਵਿਖੇ ਕਿਰਾਏ ’ਤੇ ਰਹਿੰਦੇ ਜੀਆ ਲਾਲ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਸ ਦਾ ਬੀਤੀ ਦੁਪਹਿਰ ਸਮੇਂ ਸਾਹ ਰੁਕ ਗਿਆ।

ਇਹ ਵੀ ਪੜ੍ਹੋ : ਪੰਜਾਬ 'ਚ ਹੁਣ ਬਚ ਨਹੀਂ ਸਕਣਗੇ 'ਨਸ਼ਾ ਤਸਕਰ', ਨਸ਼ਿਆਂ ਦੀ ਸੂਚਨਾ ਦੇਣ ਵਾਲੇ ਨੂੰ ਮਿਲੇਗਾ ਵੱਡਾ ਇਨਾਮ

ਜੀਆ ਲਾਲ ਨੂੰ ਤੁਰੰਤ ਰਾਜਿੰਦਰਾ ਹਸਪਤਾਲ ਦੀ ਅਮਰਜੈਂਸੀ ’ਚ ਲਿਆਂਦਾ, ਜਿੱਥੇ ਸਾਹ ਦੀ ਸਮੱਸਿਆ ਕਾਰਣ ਤੁਰੰਤ ਕੋਵਿਡ ਵਾਰਡ ’ਚ ਭੇਜ ਦਿੱਤਾ ਗਿਆ। ਅਮਰਜੈਂਸੀ ਵਾਰਡ ’ਚੋਂ ਜੋ ਆਕਸੀਜਨ ਸਿਲੰਡਰ ਲਗਾ ਕੇ ਕੋਵਿਡ ਵਾਰਡ ਭੇਜਿਆ ਸੀ, ਉਹ ਸਿਲੰਡਰ ਰਸਤੇ ’ਚ ਹੀ ਖ਼ਤਮ ਹੋ ਗਿਆ, ਜਿਸ ਨੂੰ ਵਾਰਡ ਅਟੈਂਡੈਂਟ ਲੈ ਕੇ ਵਾਪਸ ਚਲਾ ਗਿਆ। ਮਰੀਜ਼ ਨੂੰ ਇਸੇ ਤਰ੍ਹਾਂ ਬਿਨਾਂ ਆਕਸੀਜਨ ਤੋਂ ਹੀ ਕੋਵਿਡ ਵਾਰਡ ਭੇਜ ਦਿੱਤਾ। ਉਨ੍ਹਾਂ ਦੱਸਿਆ ਕਿ ਅੱਗੇ ਕੋਵਿਡ ਵਾਰਡ ’ਚ ਵੀ ਮਰੀਜ਼ ਨੂੰ ਆਕਸੀਜਨ ਲਗਾਈ। ਅਸੀਂ ਕਾਫ਼ੀ ਦੇਰ ਰੌਲਾ ਵੀ ਪਾਇਆ ਕਿ ਆਕਸੀਜਨ ਜਲਦੀ ਲਾ ਦਿਓ ਪਰ ਉੱਥੇ ਮੌਜੂਦ ਡਾਕਟਰਾਂ ਨੇ ਸਾਡੀ ਇਕ ਨਾ ਸੁਣੀ ਅਤੇ ਇੰਨੀ ਦੇਰ ’ਚ ਜੀਆ ਲਾਲ ਦੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਨੇ ਇਲਜ਼ਾਮ ਲਾਇਆ ਕਿ ਜੇਕਰ ਜੀਆ ਲਾਲ ਨੂੰ ਸਮਾਂ ਰਹਿੰਦੇ ਹੋਏ ਆਕਸੀਜਨ ਮਿਲ ਜਾਂਦੀ ਤਾਂ ਉਸ ਦੀ ਜਾਨ ਬਚ ਸਕਦੀ ਸੀ।

ਇਹ ਵੀ ਪੜ੍ਹੋ : ਜ਼ਰੂਰੀ ਖ਼ਬਰ : ਪੰਜਾਬ 'ਚ 'ਵੈਡਿੰਗ ਰਿਜ਼ਾਰਟਸ' 'ਚ 30 ਅਪ੍ਰੈਲ ਤੱਕ ਹੋਣ ਵਾਲੇ ਸਾਰੇ ਸਮਾਗਮ ਰੱਦ
ਸਾਡੇ ਕੋਲ ਪਈ ਵਾਧੂ ਆਕਸੀਜਨ : ਸੁਰਭੀ ਮਲਿਕ
ਇਸ ਸਬੰਧੀ ਜਦੋਂ ਕੋਵਿਡ ਕੇਅਰ ਇੰਚਾਰਜ ਸੁਰਭੀ ਮਲਿਕ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਾਡੇ ਕੋਲ ਆਕਸੀਜਨ ਵਾਧੂ ਪਈ ਹੈ। ਕਈ ਵਾਰ ਕੁੱਝ ਮਰੀਜ਼ ਆਖ਼ਰੀ ਮੌਕੇ ’ਤੇ ਹਸਪਤਾਲ ਆਉਂਦੇ ਹਨ, ਜਿਨਾਂ ਨੂੰ ਬਚਾ ਪਾਉਣਾ ਸਾਡੇ ਲਈ ਬਹੁਤ ਮੁਸ਼ਕਿਲ ਹੁੰਦਾ ਹੈ, ਜਦੋਂ ਕਿ ਆਕਸੀਜਨ ਸਿਲੰਡਰ ਖ਼ਤਮ ਹੋਣ ਦਾ ਇਲਜ਼ਾਮ ਸਹੀ ਨਹੀਂ ਹੈ। ਫਿਰ ਵੀ ਜੀਆ ਲਾਲ ਦੇ ਕੇਸ ਦੀ ਜਾਂਚ ਕੀਤੀ ਜਾਵੇਗੀ।
ਨੋਟ : ਪੰਜਾਬ 'ਚ ਲਗਾਤਾਰ ਵੱਧ ਰਹੇ ਕੋਰੋਨਾ ਕੇਸਾਂ ਬਾਰੇ ਦਿਓ ਆਪਣੀ ਰਾਏ
 


author

Babita

Content Editor

Related News