ਕੋਰੋਨਾ 'ਤੇ ਪੰਜਾਬ ਦੇ 12 ਜ਼ਿਲ੍ਹਿਆਂ 'ਚ ਸਰਕਾਰ ਦਾ ਸਰਵੇ, ਜਾਰੀ ਕੀਤੇ ਹੈਰਾਨ ਕਰਨ ਵਾਲੇ ਅੰਕੜੇ

12/11/2020 10:36:11 PM

ਚੰਡੀਗੜ੍ਹ : ਸੂਬੇ ਦੇ 12 ਜ਼ਿਲ੍ਹਿਆਂ ਵਿਚ ਕਰਵਾਏ ਗਏ ਦੂਜੇ ਸੀਰੋ ਸਰਵੇ ਮੁਤਾਬਕ ਪੰਜਾਬ ਦੀ ਕੁੱਲ ਆਬਾਦੀ ਵਿਚੋਂ 24.19 ਫੀਸਦੀ ਵਸੋਂ ਕੋਰੋਨਾ ਪਾਜ਼ੇਟਿਵ ਹੋ ਚੁੱਕੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਉਚ ਪੱਧਰੀ ਮੀਟਿੰਗ ਦੌਰਾਨ ਸਿਹਤ ਸਕੱਤਰ ਹੁਸਨ ਲਾਲ ਨੇ ਚੋਣਵੇਂ ਜ਼ਿਲ੍ਹਿਆਂ ਅਤੇ ਆਬਾਦੀ ਦੇ ਕੀਤੇ ਗਏ ਸਰਵੇ ਦੇ ਨਤੀਜੇ ਸਾਂਝੇ ਕਰਦਿਆਂ ਦੱਸਿਆ ਕਿ ਕੁੱਲ 4678 ਲੋਕਾਂ ਨਾਲ ਗੱਲਬਾਤ ਕੀਤੀ ਗਈ ਅਤੇ ਉਨ੍ਹਾਂ ਦੇ ਖੂਨ ਦੇ ਨਮੂਨੇ ਵੀ ਲਏ ਗਏ। ਇਨ੍ਹਾਂ ਵਿੱਚੋਂ 1201 ਵਿਅਕਤੀ ਆਈ. ਜੀ. ਜੀ. ਰਿਐਕਟਿਵ (ਐਂਟੀਬੌਡੀ) ਪਾਏ ਗਏ ਜਿਨ੍ਹਾਂ ਵਿਚੋਂ ਸਿਰਫ 4.03 ਫ਼ੀਸਦੀ ਵਿਚ ਲੱਛਣ ਪਾਏ ਗਏ ਜਦਕਿ 95.9 ਫ਼ੀਸਦੀ ਲੱਛਣਾਂ ਤੋਂ ਰਹਿਤ ਮਿਲੇ।

ਇਹ ਵੀ ਪੜ੍ਹੋ : ਪੰਜਾਬ 'ਚ ਵਧਿਆ ਨਾਈਟ ਕਰਫਿਊ, ਮੁੱਖ ਮੰਤਰੀ ਨੇ ਜਾਰੀ ਕੀਤੇ ਸਖ਼ਤ ਹੁਕਮ

ਸ਼ਹਿਰੀ ਇਲਾਕਿਆਂ ਵਿਚ 30.5 ਫ਼ੀਸਦੀ ਪਾਜ਼ੇਟਿਵ ਦਰ ਜਦਕਿ ਪੇਂਡੂ ਇਲਾਕਿਆਂ ਵਿਚ 21.0 ਫ਼ੀਸਦੀ ਪਾਜ਼ੇਟਿਵ ਦਰ ਪਾਈ ਗਈ। ਲੁਧਿਆਣਾ ਵਿਚ ਇਸ ਦੀ ਸਭ ਤੋਂ ਵੱਧ ਮਾਰ ਪਈ ਜਿਸ ਦੀ ਕੁੱਲ ਪਾਜ਼ੇਟਿਵ ਦਰ 54.6 ਫ਼ੀਸਦੀ ਪਾਈ ਗਈ ਜਦਕਿ ਸ਼ਹਿਰੀ ਖੇਤਰਾਂ ਵਿਚ ਇਹ ਦਰ 71.7 ਫ਼ੀਸਦੀ ਪਾਈ ਗਈ। ਇਸ ਤੋਂ ਬਾਅਦ ਫਿਰੋਜ਼ਪੁਰ, ਜਲੰਧਰ ਅਤੇ ਐੱਸ. ਏ. ਐੱਸ. ਨਗਰ (ਮੋਹਾਲੀ) ਵੱਧ ਪ੍ਰਭਾਵਿਤ ਹੋਏ। ਸ਼ਹਿਰੀ ਅਤੇ ਪੇਂਡੂ ਇਲਾਕਿਆਂ ਵਿਚ ਔਰਤਾਂ 'ਚ ਪਾਜ਼ੇਟਿਵ ਦਰ ਵੱਧ ਪਾਈ ਗਈ। ਹਰੇਕ ਜ਼ਿਲ੍ਹੇ ਨੂੰ 400 ਨਮੂਨੇ ਇਕੱਠੇ ਕਰਨ ਦਾ ਜ਼ਿੰਮਾ ਸੌਂਪਿਆ ਗਿਆ ਸੀ ਜਿਨ੍ਹਾਂ ਵਿਚੋਂ 200 ਨਮੂਨੇ ਪੇਂਡੂ ਇਲਾਕਿਆਂ ਵਿਚੋਂ ਜਦਕਿ 200 ਸ਼ਹਿਰੀ ਇਲਾਕਿਆਂ ਵਿਚੋਂ ਲਏ ਗਏ ਸਨ।

ਇਹ ਵੀ ਪੜ੍ਹੋ : ਫੇਸਬੁੱਕ 'ਤੇ ਫਿਰ ਬੋਲੇ ਨਵਜੋਤ ਸਿੱਧੂ, ਸਰਕਾਰ 'ਤੇ ਚੁੱਕੇ ਵੱਡੇ ਸਵਾਲ

ਨੋਟ : ਕੋਰੋਨਾ 'ਤੇ ਸਰਕਾਰ ਵਲੋਂ ਕੀਤੇ ਜਾ ਰਹੇ ਦਾਅਵਿਆਂ ਨਾਲ ਕੀ ਤੁਸੀਂ ਸਹਿਮਤ ਹੋ? ਕੁਮੈਂਟ ਕਰਕੇ ਦਿਓ ਜਵਾਬ।

Gurminder Singh

Content Editor

Related News