ਕੋਰੋਨਾ ਦੇ ਨਵੇਂ ਰੂਪ ''ਸਾਰਸ-ਕੋਵ-2 ਵਾਇਰਸ'' ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਅਲਰਟ

12/24/2020 1:53:21 PM

ਪਟਿਆਲਾ (ਜੋਸਨ) : ਕੋਰੋਨਾ ਦੇ ਨਵੇਂ ਰੂਪ ਸਾਰਸ-ਕੋਵ-2 ਵਾਇਰਸ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਹਰਕਤ ’ਚ ਆ ਗਿਆ ਹੈ। ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇੰਗਲੈਂਡ ’ਚ ਪਾਏ ਗਏ ਨਵੇਂ ਸਾਰਸ (ਐੱਸ. ਏ. ਆਰ. ਐੱਸ.)-ਕੋਵ-2 ਵਾਇਰਸ ਦੇ ਮੱਦੇਨਜ਼ਰ ਮਹਾਮਾਰੀ ਸਬੰਧੀ ਵਿਗਿਆਨਕ ਨਿਗਰਾਨੀ ਅਤੇ ਪ੍ਰਤੀਕਿਰਿਆ ਲਈ ਜਾਰੀ ਸਟੈਂਡਰਡ ਆਪਰੇਟਿੰਗ ਪ੍ਰਕਿਰਿਆ (ਐੱਸ. ਓ. ਪੀ.) ਤਹਿਤ ਪਿਛਲੇ 4 ਹਫ਼ਤਿਆਂ ’ਚ (25 ਨਵੰਬਰ ਤੋਂ 23 ਦਸੰਬਰ 2020) ਦੌਰਾਨ ਦੇਸ਼ ਅੰਦਰ ਯੂ. ਕੇ. ਰਾਹੀਂ ਹੋ ਕੇ ਦਾਖ਼ਲ ਹੋਏ ਕੌਮਾਂਤਰੀ ਮੁਸਾਫ਼ਰਾਂ ਲਈ ਜ਼ਿਲ੍ਹਾ ਕੰਟਰੋਲ ਰੂਮ ਨੰਬਰ 0175-2350550 ’ਤੇ ਸੂਚਨਾ ਦੇਣੀ ਲਾਜ਼ਮੀ ਕੀਤੀ ਗਈ ਹੈ।

ਕੁਮਾਰ ਅਮਿਤ ਨੇ ਦੱਸਿਆ ਕਿ ਇਨ੍ਹਾਂ ਨਵੀਆਂ ਐੱਸ. ਓ. ਪੀਜ਼ ਤਹਿਤ ਯੂ. ਕੇ. (ਇੰਗਲੈਂਡ) ਤੋਂ ਆਉਣ ਵਾਲੇ ਮੁਸਾਫ਼ਰਾਂ ਲਈ ਦੇਸ਼ ਆਉਣ ’ਤੇ ਆਰ. ਟੀ.-ਪੀ. ਸੀ. ਆਰ. ਟੈਸਟ ਲਾਜ਼ਮੀ ਕੀਤਾ ਗਿਆ ਹੈ। ਇਸੇ ਤਰ੍ਹਾਂ 21 ਤੋਂ 23 ਦਸੰਬਰ ਦੌਰਾਨ ਯੂ. ਕੇ. ਤੋਂ ਪੁੱਜੇ ਮੁਸਾਫ਼ਰਾਂ ਦੇ ਕੋਵਿਡ ਟੈਸਟ ਦੌਰਾਨ ਪਾਜ਼ੇਟਿਵ ਪਾਏ ਜਾਣ ’ਤੇ ਉਨ੍ਹਾਂ ਦੇ ਸੰਪਰਕ ’ਚ ਆਏ ਵਿਅਕਤੀਆਂ ਨੂੰ ਅਲੱਗ ਇਕਾਂਤਵਾਸ ਕੇਂਦਰਾਂ ’ਚ ਰੱਖਿਆ ਜਾਵੇਗਾ। ਨੈਗੇਟਿਵ ਪਾਏ ਗਏ ਮੁਸਾਫ਼ਰਾਂ ਨੂੰ ਘਰੇਲੂ ਇਕਾਂਤਵਾਸ ’ਚ ਰੱਖਿਆ ਜਾਵੇਗਾ ਅਤੇ ਆਈ. ਸੀ. ਐੱਮ. ਆਰ. ਦੀਆਂ ਹਦਾਇਤਾਂ ਮੁਤਾਬਕ ਉਨ੍ਹਾਂ ਦੀ ਅਗਲੀ ਟੈਸਟਿੰਗ ਕੀਤੀ ਜਾਵੇਗੀ।
 


Babita

Content Editor

Related News