ਕੋਰੋਨਾ ਦੇ ਕਹਿਰ ਤੇ ਲਾਕਡਾਊਨ ਨੂੰ ਲੈ ਕੇ ਸੱਚਖੰਡ ਸੰਗਤਾਂ ਦੀ ਗਿਣਤੀ ਨਾ-ਮਾਤਰ
Sunday, Jun 14, 2020 - 06:08 PM (IST)
ਅੰਮ੍ਰਿਤਸਰ (ਅਨਜਾਣ): ਕੋਰੋਨਾ ਦੇ ਕਹਿਰ ਤੇ ਹਫ਼ਤੇ ਦੇ ਆਖਰੀ ਦੋ ਦਿਨ ਲਾਕਡਾਊਨ ਕਾਰਣ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾ ਲਈ ਆਉਣ ਵਾਲੀਆਂ ਸੰਗਤਾਂ ਦੀ ਗਿਣਤੀ ਅੱਜ ਨਾ ਮਾਤਰ ਹੀ ਰਹੀ, ਹਾਲਾਂਕਿ ਪੁਲਸ ਨਾਕਿਆਂ ਤੇ ਕਿਸੇ ਨੂੰ ਵੀ ਬਿਨਾਂ ਕਿਸੇ ਰੋਕ ਟੋਕ ਦੇ ਅੰਦਰ ਜਾਣ ਦਿੱਤਾ ਜਾ ਰਿਹਾ ਹੈ। ਪ੍ਰੀਕਰਮਾ ਤੋਂ ਲੈ ਕੇ ਦਰਸ਼ਨੀ ਡਿਓੜੀ ਤੇ ਸ੍ਰੀ ਹਰਿਮੰਦਰ ਸਾਹਿਬ ਅੰਦਰ ਟਾਵੀਆਂ-ਟਾਵੀਆਂ ਸੰਗਤਾਂ ਹੀ ਦਰਸ਼ਨ ਦੀਦਾਰੇ ਕਰ ਰਹੀਆਂ ਸਨ। ਦਰਸ਼ਨੀ ਡਿਓੜੀ ਦੇ ਅੰਦਰ ਦਾ ਬਰਾਂਡਾ ਸਾਰਾ ਖਾਲੀ-ਖਾਲੀ ਨਜ਼ਰ ਆ ਰਿਹਾ ਸੀ। ਇਸ ਦੌਰਾਨ ਤਿਨ ਪਹਿਰੇ ਦੀਆਂ ਸੰਗਤਾਂ ਤੇ ਡਿਊਟੀ ਸੇਵਾਦਾਰਾਂ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਮਰਯਾਦਾ ਨੂੰ ਸੰਭਾਲੀ ਰੱਖਿਆ। ਸਾਰਾ ਦਿਨ ਵੱਖ-ਵੱਖ ਰਾਗੀ ਜਥਿਆਂ ਵਲੋਂ ਇਲਾਹੀ ਬਾਣੀ ਦਾ ਕੀਰਤਨ ਕੀਤਾ ਗਿਆ ਤੇ ਸੰਗਤਾਂ ਨੇ ਜੌੜਾਂ ਘਰ, ਛਬੀਲ, ਇਸ਼ਨਾਨ ਅਤੇ ਲੰਗਰ ਦੀ ਸੇਵਾ ਕੀਤੀ।
ਇਹ ਵੀ ਪੜ੍ਹੋ: ਮੁੰਡੇ ਨੂੰ ਟਿਕ-ਟਾਕ 'ਤੇ ਆਪਣੇ ਸ਼ੌਕ ਪੂਰੇ ਕਰਨੇ ਪਏ ਮਹਿੰਗੇ, ਹੋਇਆ ਮਾਮਲਾ ਦਰਜ
ਇਹ ਵੀ ਪੜ੍ਹੋ: ਸਿਵਿਲ ਹਸਪਤਾਲ 'ਚ ਹੁਣ ਨਹੀਂ ਹੋਣਗੇ ਪੰਜਾਬ ਪੁਲਸ ਮੁਲਾਜ਼ਮਾਂ ਦੇ ਕੋਰੋਨਾ ਟੈਸਟ
ਇਹ ਵੀ ਪੜ੍ਹੋ: ਵੀਕੈਂਡ ਲਾਕਡਾਊਨ 'ਚ ਖੁੱਲ੍ਹੇ ਠੇਕਿਆਂ 'ਤੇ ਮੰਨਾ ਨੇ 'ਢਾਹਿਆ' ਕੈਪਟਨ (ਵੀਡੀਓ)
ਗੁਰਦੁਆਰਾ ਦੁੱਖ ਭੰਜਨੀ ਬੇਰੀ ਸਾਹਿਬ ਵਿਖੇ ਹੋਈ ਸਰਬੱਤ ਦੇ ਭਲੇ ਦੀ ਅਰਦਾਸ :
ਕੋਰੋਨਾ ਮਹਾਮਾਰੀ ਤੇ ਜਿੱਤ ਹਾਸਲ ਕਰਨ ਲਈ ਗੁਰਦੁਆਰਾ ਦੁੱਖ ਭੰਜਨੀ ਬੇਰੀ ਸਾਹਿਬ ਵਿਖੇ ਸੰਗਤਾਂ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਦੁੱਖਾਂ ਨੂੰ ਭੰਜਨ ਵਾਲੀ ਦੁੱਖ ਭੰਜਨੀ ਬੇਰੀ ਦਾ ਇਤਿਹਾਸ ਆਪਣੇ ਆਪ 'ਚ ਵਿਲੱਖਣ ਹੈ। ਇਹ ਉਹ ਅਸਥਾਨ ਹੈ ਜਿੱਥੇ ਇਸ਼ਨਾਨ ਕਰਕੇ ਬੀਬੀ ਰਜਨੀ ਦਾ ਪਿੰਗਲਾ ਪਤੀ ਦੇਹ ਅਰੋਗ ਹੋਇਆ ਸੀ। ਪੱਟੀ ਦੇ ਇਕ ਹੰਕਾਰੀ ਚੌਧਰੀ ਦੁਨੀ ਚੰਦ ਨੇ ਆਪਣੀਆਂ ਪੁੱਤਰੀਆਂ ਤੋਂ ਪੁੱਛਿਆ ਕਿ ਉਹ ਕਿਹਦਾ ਦਿੱਤਾ ਖਾਂਦੀਆਂ ਹਨ। ਸਭ ਪੁੱਤਰੀਆਂ ਨੇ ਕਿਹਾ ਕਿ ਪਿਤਾ ਜੀ ਤੁਹਾਡਾ ਦਿੱਤਾ ਖਾਂਦੀਆਂ ਹਾਂ। ਪਰ ਬੀਬੀ ਰਜਨੀ ਨੇ ਸਪੱਸ਼ਟ ਕਹਿ ਦਿੱਤਾ ਕਿ ਸਭ ਵਾਹਿਗੁਰੂ ਦਾ ਦਿੱਤਾ ਖਾਂਦੇ ਹਨ। ਜਵਾਬ ਸੁਣ ਕੇ ਕਰੋਧ ਵਿੱਚ ਆਏ ਹੰਕਾਰੀ ਪਿਤਾ ਨੇ ਬੀਬੀ ਰਜਨੀ ਦੀ ਸ਼ਾਦੀ ਪਿੰਗਲੇ ਨਾਲ ਕਰ ਦਿੱਤੀ। ਬੀਬੀ ਭਾਣਾ ਮੰਨ ਆਪਣੇ ਪਤੀ ਨੂੰ ਟੋਕਰੇ ਵਿੱਚ ਚੁੱਕ ਕੇ ਪਿੰਡੋ ਪਿੰਡੀ ਹੁੰਦਿਆਂ ਇਸ ਅਸਥਾਨ ਤੇ ਪਹੁੰਚੀ (ਸੰਮਤ 1637, ਸੰਨ 1580 ਈ:) ਨੂੰ ਟੋਕਰਾ ਇਸ ਬੇਰੀ ਦੀ ਛਾਂ ਹੇਠ ਰੱਖ ਕੇ ਬੀਬੀ ਪ੍ਰਸ਼ਾਦੇ ਲੈਣ ਲਈ ਤੁੰਗ ਪਿੰਡ ਗਈ ਤਾਂ ਪਿੱਛੋਂ ਪਿੰਗਲੇ ਪਤੀ ਨੂੰ ਅਦਭੁੱਤ ਨਜ਼ਾਰਾ ਡਿੱਠਾ ਕਿ ਕਾਲੇ ਕਾਂ ਸਰੋਵਰ 'ਚ ਟੁੱਭੀ ਲਾ ਕੇ ਹੰਸ ਬਣ ਕੇ ਉੱਡਦੇ ਜਾ ਰਹੇ ਹਨ। ਇਹ ਤੱਕ ਸਾਹਸ ਕਰਕੇ ਉਸ ਨੇ ਵੀ ਬੇਰੀ ਦੀਆਂ ਜੜ੍ਹਾ ਦੇ ਆਸਰੇ ਨਾਲ ਸਰੋਵਰ 'ਚ ਟੁੱਭੀ ਲਾਈ। ਗੁਰੂ ਕੀ ਕਿਰਪਾ ਨਾਲ ਉਸ ਦੀ ਦੇਹ ਅਰੋਗ ਹੋ ਗਈ। ਬੀਬੀ ਨੇ ਵਾਪਸ ਆ ਕੇ ਜਦ ਆਪਣੇ ਪਿੰਗਲੇ ਪਤੀ ਦੀ ਥਾਂ ਖੂਬਸੂਰਤ ਨੌਜਵਾਨ ਨੂੰ ਡਿੱਠਾ ਤਾਂ ਉਸ ਨੂੰ ਸ਼ੰਕਾ ਹੋਈ ਕਿ ਸ਼ਾਇਦ ਇਸ ਨੌਜਵਾਨ ਨੇ ਉਸ ਦੇ ਪਿੰਗਲੇ ਪਤੀ ਨੂੰ ਮਾਰ ਦਿੱਤਾ ਹੈ। ਜਦ ਇਹ ਮਾਮਲਾ ਸੰਤੋਖਸਰ ਦੀ ਸੇਵਾ ਕਰਵਾ ਰਹੇ ਸ੍ਰੀ ਗੁਰੂ ਰਾਮਦਾਸ ਜੀ ਪਾਸ ਪੁੱਜਾ ਤਾਂ ਉਨ੍ਹਾਂ ਬੀਬੀ ਦੀ ਸ਼ੰਕਾ ਨਵਿਰਤ ਕਰਦਿਆਂ ਕਿਹਾ ਕਿ ਬੀਬੀ, ਤੇਰੀ ਸੇਵਾ, ਸ਼ਰਧਾ, ਦ੍ਰਿੜਤਾ ਅਤੇ ਇਸ ਅਸਥਾਨ ਦੀ ਸ਼ਕਤੀ ਸੱਦਕਾ ਤੇਰਾ ਪਿੰਗਲਾ ਪਤੀ ਅਰੋਗ ਹੋ ਗਿਆ ਹੈ। ਗੁਰੂ ਜੀ ਨੇ ਆਪ ਇਸ ਅਸਥਾਨ ਦਾ ਨਾਮ ਦੁੱਖ ਭੰਜਨੀ ਬੇਰੀ ਰੱਖਿਆ। ਅੱਜ ਵੀ ਏਥੇ ਸ਼ਰਧਾ ਤੇ ਦ੍ਰਿੜਤਾ ਨਾਲ ਇਸ਼ਨਾਨ ਕਰਨ ਵਾਲੇ ਅਨੇਕਾਂ ਰੋਗੀ ਠੀਕ ਹੋ ਕੇ ਜਾਂਦੇ ਨੇ।
ਇਹ ਵੀ ਪੜ੍ਹੋ: 'ਆਪ' ਨੂੰ ਨਹੀਂ ਕੋਰੋਨਾ ਦਾ ਖ਼ੌਫ਼, ਬੈਠਕ ਦੌਰਾਨ ਸਰਕਾਰੀ ਨਿਯਮਾਂ ਦੀਆਂ ਉਡਾਈਆਂ ਧੱਜੀਆਂ
ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰੋਂ ਡਾਕਟਰੀ ਟੀਮਾਂ ਹਟਾਈਆਂ :
ਜਨਤਾ ਕਰਫਿਊ ਤੇ ਲਾਕਡਾਊਨ ਖੁਲ•ਣ ਤੋਂ ਪਹਿਲਾਂ ਜਿਸ ਸ਼੍ਰੋਮਣੀ ਕਮੇਟੀ ਵੱਲੋਂ ਇਹ ਦਾਹਵੇ ਕੀਤੇ ਜਾ ਰਹੇ ਸਨ ਕਿ ਸਾਡੇ ਵੱਲੋਂ ਸਭ ਪ੍ਰਬੰਧ ਮੁਕੰਮਲ ਕੀਤੇ ਗਏ ਨੇ ਤਕਰੀਬਨ ਇਕ ਹਫ਼ਤੇ ਬਾਅਦ ਹੀ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰੋਂ ਘੰਟਾ ਘਰ ਵਾਲੀ ਬਾਹੀ ਨੂੰ ਛੱਡ ਬਾਕੀ ਸਾਰੇ ਪਾਸਿਓਂ ਡਾਕਟਰੀ ਟੀਮਾਂ ਹਟਵਾ ਦਿੱਤੀਆਂ ਗਈਆਂ ਹਨ। ਜਦ ਕਿ ਸਿਹਤ ਵਿਭਾਗ ਵੱਲੋਂ ਚੌਕੰਨੇ ਰਹਿਣ ਦੀਆਂ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਕਿਉਂਕਿ ਸੰਗਤਾਂ ਚਾਰੇ ਗੇਟਾਂ ਤੋਂ ਆਉਂਦੀਆ ਹਨ। ਭਾਵੇਂ ਸੰਗਤਾਂ ਦੀ ਗਿਣਤੀ ਬਹੁਤ ਘੱਟ ਹੈ ਪਰ ਫੇਰ ਵੀ ਕੋਈ ਪਤਾ ਨਹੀਂ ਕਿ ਕਿਸ ਗੇਟ ਤੋਂ ਰੱਬ ਨਾ ਕਰੇ ਕੋਈ ਪਾਜ਼ਿਟਿਵ ਵਿਅਕਤੀ ਅੰਦਰ ਦਾਖਲ ਹੋ ਗਿਆ ਤਾਂ ਇਸ ਦਾ ਖਮਿਆਜਾ ਸਭ ਨੂੰ ਭੁਗਤਣਾ ਪੈ ਸਕਦਾ ਹੈ। ਨਾ ਹੀ ਪ੍ਰੀਕਰਮਾ ਵਿੱਚ ਕੋਈ ਅਨਾਊਂਸਮੇਂਟ ਕੀਤੀ ਜਾ ਰਹੀ ਹੈ ਤੇ ਨਾ ਹੀ ਕੋਈ ਸੇਵਾਦਾਰ ਸੰਗਤਾਂ ਨੂੰ ਅੰਦਰ ਦਾਖਲ ਹੋਣ ਤੋਂ ਪਹਿਲਾਂ ਮਾਸਕ ਜਾਂ ਰੁਮਾਲ ਨਾਲ ਆਪਣਾ ਚਿਹਰਾ ਢੱਕ ਕੇ ਅੰਦਰ ਜਾਣ ਲਈ ਹਿਦਾਇਤ ਕਰਦਾ ਨਜ਼ਰ ਆ ਰਿਹਾ ਹੈ। ਜੇਕਰ ਕੋਈ ਚਿਹਰਾ ਢੱਕ ਕੇ ਅੰਦਰ ਦਾਖਲ ਹੁੰਦਾ ਵੀ ਹੈ ਤਾਂ ਦਰਸ਼ਨੀ ਡਿਓੜੀ ਦੇ ਅੰਦਰ ਖਲੋਤਾ ਚੌਭਦਾਰ ਉਸ ਨੂੰ ਮਾਸਕ ਜਾਂ ਰੁਮਾਲ ਉਤਾਰਨ ਲਈ ਕਹਿੰਦਾ ਨਜ਼ਰ ਆਉਂਦਾ ਹੈ।