ਕੋਰੋਨਾ ਨਿਯਮ ਤੋੜਨ ਵਾਲਿਆਂ ਦੀ ਹੁਣ ਨਹੀਂ ਖੈਰ, 67 ਨੂੰ ਨੋਟਿਸ ਜਾਰੀ, 5 ਦੇ ਕੱਟੇ ਬਿਜਲੀ ਕੁਨੈਕਸ਼ਨ
Sunday, May 31, 2020 - 06:38 PM (IST)
ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖ਼ੁਰਾਣਾ) : ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੋਵਿਡ-19 ਦੇ ਇਲਾਜ ਤੋਂ ਬਾਅਦ ਘਰਾਂ 'ਚ ਇਕਾਂਤਵਾਸ ਕੀਤੇ ਗਏ ਵਿਅਕਤੀ ਜੇਕਰ ਇਕਾਂਤਵਾਸ ਦੇ ਨਿਯਮ ਨੂੰ ਭੰਗ ਕਰਦੇ ਹਨ ਤਾਂ ਉਨ੍ਹਾਂ ਦੀ ਹੁਣ ਖੈਰ ਨਹੀਂ ਹੋਵੇਗੀ ਅਤੇ ਤੁਰੰਤ ਕਾਰਵਾਈ ਵੀ ਹੋਵੇਗੀ। ਜੀ ਹਾਂ, ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਕ ਨੋਟੀਫ਼ਿਕੇਸ਼ਨ ਜਾਰੀ ਕਰਦਿਆਂ ਇਕਾਂਤਵਾਸ ਭੰਗ ਕਰਨ ਵਾਲਿਆਂ ਖ਼ਿਲਾਫ਼ ਸਖਤ ਐਕਸ਼ਨ ਲੈਣ ਦਾ ਫੈਸਲਾ ਸੁਣਾਇਆ ਗਿਆ ਹੈ, ਜਿਸ ਵਿਚ ਇਕਾਂਤਵਾਸ ਵਿਅਕਤੀਆਂ ਦੇ ਬਿਜਲੀ ਕੁਨੈਕਸ਼ਨ ਕੱਟਣ ਸਬੰਧੀ ਵੀ ਗੱਲ ਆਖ਼ੀ ਗਈ ਹੈ। ਪ੍ਰਸ਼ਾਸਨ ਦੇ ਇਸ ਸਖਤ ਰੌਂਅ ਦੇ ਚੱਲਦਿਆਂ ਇਕਾਂਤਵਾਸ ਭੰਗ ਕਰਨ ਵਾਲੇ 5 ਵਿਅਕਤੀਆਂ ਦੇ ਜਿੱਥੇ ਬਿਜਲੀ ਕੁਨੈਕਸ਼ਨ ਕੱਟ ਦਿੱਤੇ ਗਏ ਹਨ, ਉਥੇ ਹੀ 67 ਵਿਅਕਤੀਆਂ ਨੂੰ ਇਸ ਸਬੰਧੀ ਨੋਟਿਸ ਵੀ ਜਾਰੀ ਕਰ ਦਿੱਤੇ ਗਏ ਹਨ।
ਇਹ ਵੀ ਪੜ੍ਹੋ : ਬਾਜਵਾ ਨੇ ਮੋਦੀ ਨੂੰ ਲਿਖੀ ਚਿੱਠੀ, ਬਿਜਲੀ ਸਿਬਸਿਡੀ 'ਤੇ ਰੱਖੀ ਸ਼ਰਤ ਲਈ ਕੇਂਦਰ ਨੂੰ ਦਿੱਤੀ ਚਿਤਾਵਨੀ
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ ਸੰਦੀਪ ਕੁਮਾਰ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਕੋਰੋਨਾ ਨੇਮਾਂ ਤਹਿਤ ਇਕਾਂਤਵਾਸ ਕੀਤੇ 67 ਅਜਿਹੇ ਵਿਅਕਤੀਆਂ ਨੂੰ ਨੋਟਿਸ ਜਾਰੀ ਕੀਤੇ ਹਨ ਜਿਨ੍ਹਾਂ ਨੇ ਇਕਾਂਤਵਾਸ ਭੰਗ ਕਰਕੇ ਲੋਕਾਂ ਵਿਚ ਵਿਚਰਨ ਦਾ ਗੁਨਾਹ ਕੀਤਾ ਹੈ। ਇਸ ਦੇ ਨਾਲ ਹੀ ਕਥਿਤ ਮੁਲਜ਼ਮਾਂ ਖਿਲਾਫ ਪੁਲਸ ਕਾਰਵਾਈ ਵੀ ਸ਼ੁਰੂ ਕੀਤੀ ਜਾ ਰਹੀ ਹੈ ਅਤੇ ਚਲਾਨ ਵੀ ਤਿਆਰ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਵਿਅਕਤੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ, ਉਨ੍ਹਾਂ ਨੂੰ ਪ੍ਰਸ਼ਾਸਨ ਵੱਲੋਂ ਵੱਖ-ਵੱਖ ਥਾਵਾਂ 'ਤੇ ਇਕਾਂਤਵਾਸ ਕੀਤਾ ਗਿਆ ਸੀ ਪਰ ਉਨ੍ਹਾਂ ਨੇ ਇਸ ਨਿਯਮ ਦੀ ਉਲੰਘਣਾ ਕੀਤੀ ਹੈ, ਜਿਸ ਕਰਕੇ ਪ੍ਰਸ਼ਾਸਨ ਨੂੰ ਇਹ ਕਦਮ ਚੁੱਕਣਾ ਪਿਆ ਹੈ। ਉਨ੍ਹਾਂ ਦੱਸਿਆ ਕਿ ਅਜਿਹੇ ਵਿਅਕਤੀ ਸ੍ਰੀ ਮੁਕਤਸਰ ਸਾਹਿਬ 'ਚ 13, ਮਲੋਟ 'ਚ 16 ਅਤੇ ਗਿੱਦੜਬਾਹਾ ਤੋਂ 38 ਸ਼ਾਮਲ ਹਨ।
ਇਹ ਵੀ ਪੜ੍ਹੋ : ਲੁਧਿਆਣਾ 'ਚ ਤੇਜ਼ੀ ਨਾਲ ਵੱਧ ਰਿਹੈ ਕੋਰੋਨਾ, 2 ਹਵਾਲਾਤੀਆਂ ਸਮੇਤ ਇਕੋ ਪਰਿਵਾਰ ਦੇ 7 ਜੀਅ ਆਏ ਪਾਜ਼ੇਟਿਵ