ਜਲਦਬਾਜ਼ੀ ''ਚ ਕੀਤਾ ਆਪ੍ਰੇਸ਼ਨ, ਕੋਰੋਨਾ ਪਾਜ਼ੇਟਿਵ ਆਉਣ ''ਤੇ ਤੜਫ਼ਦੀ ਮਾਂ ਸਮੇਤ ਬੱਚੇ ਨੂੰ ਭੇਜਿਆ ਘਰ

Thursday, Nov 19, 2020 - 06:17 PM (IST)

ਜਲਦਬਾਜ਼ੀ ''ਚ ਕੀਤਾ ਆਪ੍ਰੇਸ਼ਨ, ਕੋਰੋਨਾ ਪਾਜ਼ੇਟਿਵ ਆਉਣ ''ਤੇ ਤੜਫ਼ਦੀ ਮਾਂ ਸਮੇਤ ਬੱਚੇ ਨੂੰ ਭੇਜਿਆ ਘਰ

ਅੰਮ੍ਰਿਤਸਰ (ਦਲਜੀਤ): ਸਿਹਤ ਵਿਭਾਗ ਜ਼ਿਲ੍ਹੇ ਦੇ ਕੁਝ ਪ੍ਰਾਈਵੇਟ ਹਸਪਤਾਲਾਂ 'ਚ ਕੋਰੋਨਾ ਸਬੰਧੀ ਹਦਾਇਤਾਂ ਦੀ ਪਾਲਣਾ ਕਰਵਾਉਣ ਵਿਚ ਅਸਫ਼ਲ ਸਾਬਤ ਹੋ ਰਿਹਾ ਹੈ। ਸ਼ਹਿਰ ਦੇ ਇਕ ਪ੍ਰਸਿੱਧ ਪ੍ਰਾਈਵੇਟ ਹਸਪਤਾਲ ਵਲੋਂ ਇਕ ਗਰਭਵਤੀ ਜਨਾਨੀ ਦੇ ਪਰਿਵਾਰ ਕੋਲੋਂ ਹਜ਼ਾਰਾਂ ਰੁਪਏ ਲੈ ਕੇ ਕੋਰੋਨਾ ਟੈਸਟ ਦੀ ਰਿਪੋਰਟ ਦਾ ਇੰਤਜ਼ਾਰ ਕੀਤੇ ਬਿਨਾਂ ਹੀ ਜਨਾਨੀ ਦਾ ਆਪ੍ਰੇਸ਼ਨ ਕਰ ਦਿੱਤਾ ਗਿਆ। ਜਦੋਂ ਗਰਭਵਤੀ ਦੀ ਰਿਪੋਰਟ ਪਾਜ਼ੇਟਿਵ ਆਈ ਤਾਂ ਉਸਨੂੰ ਅਤੇ ਉਸਦੇ ਬੱਚੇ ਨੂੰ 24 ਘੰਟਿਆਂ ਵਿਚ ਦਰਦ ਨਾਲ ਤੜਫਦਿਆਂ ਹੋਇਆਂ ਨੂੰ ਹਸਪਤਾਲ 'ਚੋਂ ਬਾਹਰ ਕੱਢ ਦਿੱਤਾ ਗਿਆ। ਪੀੜਤ ਪਰਿਵਾਰ ਵਲੋਂ ਸਿਹਤ ਵਿਭਾਗ ਨੂੰ ਮਾਮਲੇ ਦੀ ਲਿਖ਼ਤੀ ਸ਼ਿਕਾਇਤ ਕਰਦੇ ਹੋਏ ਇਨਸਾਫ ਦੀ ਗੁਹਾਰ ਲਾਈ ਗਈ ਹੈ।

ਇਹ ਵੀ ਪੜ੍ਹੋਮਾਮਲਾ HIV ਖ਼ੂਨ ਚੜ੍ਹਾਉਣ ਦਾ, ਉੱਚ ਪੱਧਰੀ ਟੀਮ ਜਾਂਚ 'ਚ ਜੁੱਟੀ, ਹੈਰਾਨੀਜਨਕ ਖ਼ੁਲਾਸੇ ਹੋਣ ਦੀ ਉਮੀਦ

ਜਾਣਕਾਰੀ ਅਨੁਸਾਰ ਜ਼ਿਲ੍ਹੇ 'ਚ ਕੁਝ ਪ੍ਰਾਈਵੇਟ ਹਸਪਤਾਲ ਕੋਰੋਨਾ ਸਬੰਧੀ ਬਣਾਈਆਂ ਗਾਈਡਲਾਈਨਜ਼ ਦੀ ਪਾਲਣਾ ਨਹੀਂ ਕਰ ਰਹੇ ਹਨ ਅਤੇ ਸਿਹਤ ਵਿਭਾਗ ਵੀ ਇਨ੍ਹਾਂ ਹਸਪਤਾਲਾਂ 'ਤੇ ਕੋਈ ਕਾਰਵਾਈ ਨਹੀਂ ਕਰ ਰਿਹਾ ਹੈ। ਵਿਭਾਗ ਦੀ ਲਾਪ੍ਰਵਾਹੀ ਕਾਰਣ ਹਸਪਤਾਲਾਂ ਵਾਲਿਆਂ ਦੇ ਹੌਂਸਲੇ ਬੁਲੰਦ ਹੋਏ ਪਏ ਹਨ ਅਤੇ ਉਹ ਮਨਮਰਜ਼ੀ ਕਰਦੇ ਹੋਏ ਮਰੀਜ਼ਾਂ ਦਾ ਸ਼ੋਸ਼ਣ ਕਰ ਰਹੇ ਹਨ।ਆਰ. ਟੀ. ਆਈ. ਐਕਟੀਵਿਸਟ ਅਤੇ ਸਮਾਜ ਸੇਵਕ ਜੈ ਗੋਪਾਲ ਲਾਲੀ ਅਤੇ ਸੁਧੀਰ ਸੂਰੀ ਨੇ ਦੱਸਿਆ ਕਿ ਸ਼ਹਿਰ ਦੇ ਇਕ ਪ੍ਰਸਿੱਧ ਪ੍ਰਾਈਵੇਟ ਹਸਪਤਾਲ ਵਿਚ ਮਜੀਠਾ ਰੋਡ ਦੇ ਰਹਿਣ ਵਾਲੇ ਇਕ ਪਰਿਵਾਰ ਵਲੋਂ ਆਪਣੀ ਗਰਭਵਤੀ ਧੀ ਦਾ ਚੈੱਕਅਪ ਕਰਵਾਇਆ ਜਾ ਰਿਹਾ ਸੀ। 29 ਅਕਤੂਬਰ ਨੂੰ ਜਨਾਨੀ ਦਾ ਪਰਿਵਾਰ ਚੈੱਕਅਪ ਲਈ ਜਦੋਂ ਉਕਤ ਹਸਪਤਾਲ ਵਿਚ ਗਿਆ ਤਾਂ ਡਾਕਟਰਾਂ ਨੇ ਗਰਭਵਤੀ ਨੂੰ ਕੋਰੋਨਾ ਟੈਸਟ ਕਰਵਾਉਣ ਲਈ ਕਿਹਾ। 2 ਨਵੰਬਰ ਨੂੰ ਡਿਲਿਵਰੀ ਲਈ ਹਸਪਤਾਲ ਵਿਚ ਦਾਖ਼ਲ ਹੋਣ ਲਈ ਕਿਹਾ ਗਿਆ। ਪਰਿਵਾਰ ਵਲੋਂ 1 ਨਵੰਬਰ ਨੂੰ ਜ਼ਿਲ੍ਹਾ ਪੱਧਰੀ ਸਿਵਲ ਹਸਪਤਾਲ ਵਿਚ ਗਰਭਵਤੀ ਦਾ ਕੋਰੋਨਾ ਸੈਂਪਲ ਦਿੱਤਾ ਗਿਆ ਅਤੇ ਇਸ ਦੌਰਾਨ ਗਰਭਵਤੀ ਨੂੰ ਹਸਪਤਾਲ ਵਿਚ ਦਾਖਲ ਕਰਵਾ ਦਿੱਤਾ ਗਿਆ। ਅਜੇ ਕੋਰੋਨਾ ਦੀ ਰਿਪੋਰਟ ਆਈ ਨਹੀਂ ਕਿ 2 ਨਵੰਬਰ ਨੂੰ ਹਸਪਤਾਲ ਦੇ ਡਾਕਟਰਾਂ ਨੇ ਗਰਭਵਤੀ ਦਾ ਆਪ੍ਰੇਸ਼ਨ ਕਰ ਦਿੱਤਾ। 3 ਨਵੰਬਰ ਨੂੰ ਜਦੋਂ ਜਨਾਨੀ ਦੀ ਰਿਪੋਰਟ ਪਾਜ਼ੇਟਿਵ ਆਈ ਤਾਂ ਉਸਨੂੰ ਅਤੇ ਉਸਦੇ ਬੱਚੇ ਨੂੰ ਹਸਪਤਾਲ 'ਚੋਂ ਬਾਹਰ ਕੱਢ ਦਿੱਤਾ ਗਿਆ।

ਇਹ ਵੀ ਪੜ੍ਹੋ:  ਕਾਰ ਅੰਦਰ ਸੜ ਕੇ ਸੁਆਹ ਹੋਣ ਵਾਲੇ 5 ਮਿੱਤਰਾਂ ਨੇ ਮਰਨ ਤੋਂ ਪਹਿਲਾਂ ਕਰਾਈ ਤਸਵੀਰ ਬਣੀ ਆਖ਼ਰੀ ਯਾਦ

ਲਾਲੀ ਅਤੇ ਸੂਰੀ ਨੇ ਕਿਹਾ ਕਿ ਹਸਪਤਾਲ ਪ੍ਰਸ਼ਾਸਨ ਵੱਲੋਂ ਪੀੜਿਤ ਪਰਿਵਾਰ ਨਾਲ 45000 ਰੁਪਏ ਦਾ ਪੈਕੇਜ ਕੀਤਾ ਗਿਆ ਪਰ ਇਸਦੇ ਬਾਵਜੂਦ 18000 ਰੁਪਏ ਹੋਰ ਪਰਿਵਾਰ ਤੋਂ ਲਏ ਗਏ। ਪੈਕੇਜ ਹੋਣ ਦੇ ਬਾਵਜੂਦ ਬਿਨਾਂ ਟਾਂਕੇ ਖੋਲਿਆਂ ਦਰਦ ਨਾਲ ਤੜਫਦੀ ਹੋਈ ਔਰਤ ਨੂੰ ਛੁੱਟੀ ਦੇ ਦਿੱਤੀ ਗਈ। ਸਮਾਜ ਸੇਵਕਾਂ ਨੇ ਇਲਜ਼ਾਮ ਲਾਇਆ ਕਿ ਹਸਪਤਾਲ ਪ੍ਰਸ਼ਾਸਨ ਵੱਲੋਂ ਪਹਿਲਾਂ ਤਾਂ ਖ਼ੁਦ ਗਲਤੀ ਕਰਦੇ ਹੋਏ ਰਿਪੋਰਟ ਦਾ ਇੰਤਜ਼ਾਰ ਕੀਤੇ ਬਿਨਾਂ ਗਰਭਵਤੀ ਦੀ ਡਲਿਵਰੀ ਕਰ ਦਿੱਤੀ ਗਈ ਅਤੇ ਜਦੋਂ ਰਿਪੋਰਟ ਪਾਜ਼ੇਟਿਵ ਆਈ ਤਾਂ ਉਸਦਾ ਧਿਆਨ ਰੱਖਣ ਦੀ ਬਜਾਏ ਉਸਨੂੰ ਹਸਪਤਾਲ 'ਚੋਂ ਬਾਹਰ ਕੱਢ ਦਿੱਤਾ ਗਿਆ।

ਇਹ ਵੀ ਪੜ੍ਹੋਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਕੋਈ ਵੀ ਵੱਖ ਨਹੀਂ ਕਰ ਸਕਦਾ : ਸੁਖਬੀਰ

ਸਿਹਤ ਵਿਭਾਗ ਨੇ ਵੀ ਮੌਕੇ 'ਤੇ ਨਹੀਂ ਕੱਢਿਆ ਸਮੱਸਿਆ ਦਾ ਹੱਲ : ਸੂਰੀ ਅਤੇ ਲਾਲੀ ਨੇ ਕਿਹਾ ਕਿ ਇਸ ਸਬੰਧੀ ਉਨ੍ਹਾਂ ਨੇ ਮੌਕੇ 'ਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਵੀ ਫੋਨ 'ਤੇ ਗੱਲਬਾਤ ਕੀਤੀ ਪਰ ਕਿਸੇ ਨੇ ਵੀ ਸਮੱਸਿਆ ਦਾ ਹੱਲ ਨਹੀਂ ਕੱਢਿਆ ਅਤੇ ਉਹ ਵੀ ਹਸਪਤਾਲ ਪ੍ਰਸ਼ਾਸਨ ਦਾ ਹੀ ਪੱਖ ਲੈਂਦੇ ਰਹੇ। ਲਾਲੀ ਅਤੇ ਸੂਰੀ ਨੇ ਕਿਹਾ ਕਿ ਵਿਭਾਗ ਦੇ ਅਧਿਕਾਰੀਆਂ ਦੀ ਗੱਲ ਸੁਣ ਕੇ ਉਹ ਵੀ ਹੈਰਾਨ ਰਹਿ ਗਏ ਅਤੇ ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਪ੍ਰਾਈਵੇਟ ਹਸਪਤਾਲਾਂ ਨਾਲ ਉਨ੍ਹਾਂ ਦੀ ਗੰਢਤੁਪ ਹੈ ਅਤੇ ਉਹ ਮਰੀਜ਼ਾਂ ਦੇ ਸ਼ੋਸ਼ਣ ਨੂੰ ਰੋਕਣ ਵਿਚ ਪੂਰੀ ਤਰ੍ਹਾਂ ਪ੍ਰਾਈਵੇਟ ਹਸਪਤਾਲਾਂ ਦੇ ਨਾਲ ਮਿਲੇ ਹੋਏ ਹਨ।ਲਾਲੀ ਅਤੇ ਸੂਰੀ ਨੇ ਕਿਹਾ ਕਿ ਉਹ ਕਈ ਦਿਨ ਤਕ ਸਿਵਲ ਸਰਜਨ ਡਾ. ਨਵਦੀਪ ਸਿੰਘ ਨੂੰ ਇਸ ਮਾਮਲੇ ਸਬੰਧੀ ਲਿਖਤੀ ਸ਼ਿਕਾਇਤ ਦੇਣ ਲਈ ਜਾਂਦੇ ਰਹੇ ਪਰ ਉਹ ਆਪਣੇ ਦਫ਼ਤਰ ਵਿਚ ਨਹੀਂ ਮਿਲਦੇ ਰਹੇ। ਇਸ ਤੋਂ ਬਾਅਦ ਉਨ੍ਹਾਂ ਨੇ ਜ਼ਿਲਾ ਪਰਿਵਾਰ ਭਲਾਈ ਅਧਿਕਾਰੀ ਡਾ. ਜਸਪ੍ਰੀਤ ਸ਼ਰਮਾ ਨੂੰ ਮਾਮਲੇ ਦੀ ਲਿਖਤੀ ਸ਼ਿਕਾਇਤ ਦਿੱਤੀ। ਉਨ੍ਹਾਂ ਕਿਹਾ ਕਿ ਜ਼ਿਲੇ ਦੇ ਕੁਝ ਪ੍ਰਾਈਵੇਟ ਹਸਪਤਾਲ ਕੋਰੋਨਾ ਵਾਇਰਸ ਸਬੰਧੀ ਗਾਈਡਲਾਈਨਜ਼ ਨੂੰ ਦਰਕਿਨਾਰ ਕਰ ਰਹੇ ਹਨ ਅਤੇ ਸਿਹਤ ਵਿਭਾਗ ਕੁੰਭਕਰਨ ਦੀ ਨੀਂਦ ਸੁੱਤਾ ਹੋਇਆ ਹੈ। ਲੋਕਾਂ ਦਾ ਸ਼ੋਸ਼ਣ ਹੋ ਰਿਹਾ ਹੈ ਅਤੇ ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਜਲਦੀ ਇਸ ਮਾਮਲੇ ਵਿਚ ਉਕਤ ਹਸਪਤਾਲ ਖਿਲਾਫ ਕਾਰਵਾਈ ਨਾ ਕੀਤੀ ਗਈ ਤਾਂ ਉਹ ਸਿਵਲ ਸਰਜਨ ਦਫ਼ਤਰ ਦੇ ਬਾਹਰ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਸ਼ੁਰੂ ਕਰਨਗੇ ਅਤੇ ਪੀੜਿਤ ਪਰਵਾਰ ਨੂੰ ਇਨਸਾਫ ਦਿਵਾ ਕੇ ਹੀ ਰਹਿਣਗੇ।

ਇਹ ਵੀ ਪੜ੍ਹੋਬਹਿਬਲਕਲਾਂ ਗੋਲੀਕਾਂਡ: ਐੱਸ.ਪੀ.ਬਿਕਰਮਜੀਤ ਸਣੇ 4 ਜਣਿਆਂ ਨੂੰ ਅਦਾਲਤ 'ਚ ਪੇਸ਼ ਹੋਣ ਦੇ ਹੁਕਮ

ਮਾਮਲੇ ਦੀ ਕੀਤੀ ਜਾ ਰਹੀ ਹੈ ਜਾਂਚ : ਜ਼ਿਲ੍ਹਾ ਪਰਿਵਾਰ ਭਲਾਈ ਅਧਿਕਾਰੀ ਡਾ. ਜਸਪ੍ਰੀਤ ਸ਼ਰਮਾ ਨੇ ਕਿਹਾ ਕਿ ਹਸਪਤਾਲ ਖਿਲਾਫ ਲਿਖਤੀ ਸ਼ਿਕਾਇਤ ਮਿਲੀ ਗਈ ਹੈ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਦੋਂ ਹਸਪਤਾਲ ਪ੍ਰਸ਼ਾਸਨ ਦੇ ਖਿਲਾਫ ਉਨ੍ਹਾਂ ਨੂੰ ਸ਼ਿਕਾਇਤ ਦਿੱਤੀ ਗਈ ਸੀ ਤਾਂ ਉਨ੍ਹਾਂ ਨੇ ਤੁਰੰਤ ਹਰਕਤ ਵਿਚ ਆਉਂਦੇ ਹੋਏ ਡਾਕਟਰਾਂ ਨੂੰ ਨਿਰਦੇਸ਼ ਦਿੱਤੇ ਸਨ ਕਿ ਗਰਭਵਤੀ ਔਰਤ ਦੇ ਟਾਂਕੇ ਖੋਲ੍ਹ ਦਿੱਤੇ ਜਾਣ। ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾਵੇਗੀ।


author

Shyna

Content Editor

Related News