ਸ਼ਾਹਕੋਟ ਤੋਂ ਚੰਗੀ ਖਬਰ, 102 ਲੋਕਾਂ ਦੀ ਕੋਰੋਨਾ ਰਿਪੋਰਟ ਆਈ ਨੈਗੇਟਿਵ
Wednesday, Jul 01, 2020 - 11:37 AM (IST)
ਸ਼ਾਹਕੋਟ (ਤ੍ਰੇਹਨ)— ਕੋਰੋਨਾ ਲਾਗ ਦੀ ਬੀਮਾਰੀ ਖਿਲਾਫ ਜਾਰੀ ਲੜਾਈ ਦਰਮਿਆਨ ਪਿਛਲਾ ਇਕ ਹਫਤਾ ਥੋੜ੍ਹਾ ਰਾਹਤ ਦੇਣ ਵਾਲਾ ਰਿਹਾ। ਬੀਤੇ 9 ਦਿਨਾਂ ਤੋਂ ਇਲਾਕੇ 'ਚ ਕੋਰੋਨਾ ਦਾ ਕੋਈ ਪਾਜ਼ੇਟਿਵ ਮਰੀਜ਼ ਸਾਹਮਣੇ ਨਹੀਂ ਆਇਆ ਹੈ ਜਦਕਿ ਸੀ. ਐੱਚ. ਸੀ. ਸ਼ਾਹਕੋਟ ਵਿਖੇ ਕੀਤੀ ਗਈ ਸੈਂਪਲਿੰਗ 'ਚੋਂ 102 ਲੋਕਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਹੈ। ਮੰਗਲਵਾਰ ਨੂੰ ਖੇਤਰ ਦੇ 6 ਇਲਾਕਿਆਂ 'ਚ ਸਰਵੇ ਦਾ ਕੰਮ ਪੂਰਾ ਹੋ ਗਿਆ, ਜਦਕਿ ਅਜੇ ਇਕ ਮਾਈਕ੍ਰੋ ਕੰਟੇਨਮੈਂਟ ਜ਼ੋਨ ਅਤੇ 4 ਹੌਟਸਪਾਟ ਜ਼ੋਨ ਬਣੇ ਹੋਏ ਹਨ।
ਸੀਨੀਅਰ ਮੈਡੀਕਲ ਅਫਸਰ ਡਾ. ਅਮਰਦੀਪ ਸਿੰਘ ਦੁੱਗਲ ਨੇ ਦੱਸਿਆ ਕਿ ਬੀਤੇ ਤਿੰਨ ਦਿਨਾਂ ਦਰਮਿਆਨ ਸ਼ਾਹਕੋਟ ਦੇ 102 ਲੋਕਾਂ ਦੀ ਕੋਰੋਨਾ ਟੈਸਟ ਰਿਪੋਰਟ ਨੈਗੇਟਿਵ ਆਈ ਹੈ, ਜਦਕਿ ਬੀਤੇ 9 ਦਿਨਾਂ ਤੋਂ ਕੋਈ ਨਵਾਂ ਕੇਸ ਸਾਹਮਣੇ ਨਹੀਂ ਆਇਆ ਹੈ। ਮਹਿਕਮੇ ਵੱਲੋਂ ਸੋਮਵਾਰ ਨੂੰ ਜਾਰੀ ਨਵੇਂ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹੁਣ ਹੌਟਸਪਾਟ ਅਤੇ ਮਾਈਕ੍ਰੋ ਕੰਟੇਨਮੈਂਟ ਜ਼ੋਨ ਵਿਖੇ 14 ਦੀ ਥਾਂ 10 ਦਿਨ ਹੀ ਸਰਵੇ ਕੀਤਾ ਜਾਣਾ ਹੈ। ਜੇਕਰ ਇਨ੍ਹਾਂ ਇਲਾਕਿਆਂ 'ਚ ਕੋਈ ਨਵਾਂ ਕੇਸ ਆ ਜਾਂਦਾ ਹੈ, ਸਰਵੇ ਨੂੰ 7 ਦਿਨ ਹੋਰ ਵਧਾਇਆ ਜਾਵੇਗਾ।
ਬਲਾਕ ਦੇ 6 ਹੌਟਸਪਾਟ ਖੇਤਰਾਂ ਸੈਦਪੁਰ, ਝਿੜੀ, ਆਜ਼ਾਦ ਨਗਰ, ਧੂੜਕੋਟ ਮੁਹੱਲਾ, ਭੋਏਪੁਰ, ਥੰਮੂਵਾਲ ਅਤੇ ਤਲਵੰਡੀ ਸੰਘੇੜਾ ਵਿਖੇ 10 ਦਿਨ ਤੋਂ ਜ਼ਿਆਦਾ ਸਰਵੇ ਹੋ ਚੁੱਕਿਆ ਹੈ। ਇਸ ਲਈ ਮੰਗਲਵਾਰ ਨੂੰ ਇਨ੍ਹਾਂ ਇਲਾਕਿਆਂ 'ਚ ਸਰਵੇ ਤੋਂ ਬਾਅਦ ਕੰਮ ਖਤਮ ਕਰ ਦਿੱਤਾ ਗਿਆ ਹੈ। ਹੁਣ ਬਲਾਕ 'ਚ ਇਕ ਮਾਈਕ੍ਰੋ ਕੰਟੇਨਮੈਂਟ ਜ਼ੋਨ ਬਾਂਸਾਂ ਵਾਲਾ ਬਾਜ਼ਾਰ ਅਤੇ ਚਾਰ ਹੌਟਸਪਾਟ ਜ਼ੋਨ ਨਿਊ ਕਰਤਾਰ ਨਗਰ, ਬਾਹਮਣੀਆਂ, ਬਾਹਮਣੀਆਂ ਖੁਰਦ ਅਤੇ ਸਾਂਦਾ ਬਚੇ ਹਨ।