ਕੋਰੋਨਾ ਤੋਂ ਰਾਹਤ ਡੇਂਗੂ ਪੈ ਰਿਹਾ ਭਾਰੀ, ਇਕ ਹਜ਼ਾਰ ਤੋਂ ਵੱਧ ਆਏ ਕੇਸ

Friday, Oct 16, 2020 - 01:58 AM (IST)

ਕੋਰੋਨਾ ਤੋਂ ਰਾਹਤ ਡੇਂਗੂ ਪੈ ਰਿਹਾ ਭਾਰੀ, ਇਕ ਹਜ਼ਾਰ ਤੋਂ ਵੱਧ ਆਏ ਕੇਸ

ਲੁਧਿਆਣਾ,(ਸਹਿਗਲ)- ਕੋਰੋਨਾ ਦੇ ਮਰੀਜ਼ਾਂ ’ਚ ਆ ਰਹੀ ਲਗਾਤਾਰ ਤੇਜ਼ੀ ਨਾਲ ਸਿਹਤ ਅਧਿਕਾਰੀ ਅਜੇ ਹਲਕੀ ਜਿਹੀ ਰਾਹਤ ਮਹਿਸੂਸ ਹੀ ਕਰ ਰਹੇ ਸਨ ਕਿ ਡੇਂਗੂ ਦੀ ਮਹਾਮਾਰੀ ਨੇ ਇਸ ਨਾਲ ਉਨ੍ਹਾਂ ਦਾ ਤਣਾਅ ਵਧਾ ਦਿੱਤਾ ਹੈ। ਸ਼ਹਿਰ ਦੇ ਪ੍ਰਮੁੱਖ ਹਸਪਤਾਲਾਂ ’ਚ ਇਕ ਹਜ਼ਾਰ ਦੇ ਕਰੀਬ ਡੇਂਗੂ ਦੇ ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ’ਚੋਂ 800 ਤੋਂ ਜ਼ਿਆਦਾ ਮਰੀਜ਼ ਜ਼ਿਲੇ ਦੇ ਰਹਿਣ ਵਾਲੇ ਹਨ। ਰਾਜ ਦੇ ਸਿਹਤ ਵਿਭਾਗ ਨੇ ਵੀ ਵੱਖ-ਵੱਖ ਜ਼ਿਲਿਆਂ ’ਚ 801 ਮਰੀਜ਼ਾਂ ਦੀ ਪੁਸ਼ਟੀ ਕੀਤੀ ਹੈ। ਹਰ ਵਾਰ ਦੀ ਤਰ੍ਹਾਂ ਇੰਨੇ ਮਰੀਜ਼ ਇਕ ਹੀ ਸ਼ਹਿਰ ’ਚ ਸਾਹਮਣੇ ਆ ਗਏ ਹਨ। ਉਦਾਹਰਣ ਵਜੋਂ ਸਥਾਨਕ ਦਯਾਨੰਦ ਹਸਪਤਾਲ ’ਚ 650 ਦੇ ਕਰੀਬ ਡੇਂਗੂ ਪਾਜ਼ੇਟਿਵ ਮਰੀਜ਼ ਆ ਚੁੱਕੇ ਹਨ। ਇਸ ਤੋਂ ਇਲਾਵਾ ਛੋਟੇ ਹਪਸਤਾਲਾਂ, ਨਰਸਿੰਗ ਹੋਮ ਅਤੇ ਨਿੱਜੀ ਕਲੀਨਿਕਾਂ ’ਤੇ ਅਜਿਹੇ ਮਰੀਜ਼ਾਂ ਦੀ ਭਰਮਾਰ ਦੇਖੀ ਜਾ ਸਕਦੀ ਹੈ ਜੋ ਡੇਂਗੂ ਦੇ ਲੱਛਣਾਂ ਦੇ ਨਾਲ ਇਲਾਜ ਲਈ ਆ ਰਹੇ ਹਨ ਅਤੇ ਡੇਂਗੂ ਦੇ ਇਲਾਜ ਤੋਂ ਰਾਹਤ ਵੀ ਪਾ ਰਹੇ ਹਨ।

ਮਾਹਰਾਂ ਦੇ ਮੁਤਾਬਕ ਡੇਂਗੂ ਦੇ ਕੇਸ ਕਾਫੀ ਗਿਣਤੀ ’ਚ ਸਾਹਮਣੇ ਆ ਰਹੇ ਹਨ ਪਰ ਜ਼ਿਆਦਾਤਰ ਕੇਸਾਂ ’ਚ ਲੋਕ ਇਲਾਜ ਦੇ ਨਾਲ ਠੀਕ ਵੀ ਹੋ ਰਹੇ ਹਨ ਪਰ ਜੇਕਰ ਕੋਰੋਨਾ ਦੇ ਨਾਲ ਕਿਸੇ ਵਿਅਕਤੀ ਨੂੰ ਡੇਂਗੂ ਹੋ ਜਾਂਦਾ ਹੈ ਤਾਂ ਉਹ ਉਸ ਦੇ ਲਈ ਮਾਰੂ ਸਿੱਧ ਹੋ ਸਕਦਾ ਹੈ। ਜ਼ਿਲਾ ਮਲੇਰੀਆ ਅਫਸਰ ਡਾ. ਰਾਜੇਸ਼ ਭਗਤ ਨੇ ਅੱਜ 819 ਮਰੀਜ਼ਾਂ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ’ਚੋਂ 658 ਮਰੀਜ਼ ਜ਼ਿਲੇ ਦੇ ਰਹਿਣ ਵਾਲੇ ਹਨ, ਜਦੋਂਕਿ 135 ਦੂਜੇ ਜ਼ਿਲਿਆਂ ਨਾਲ ਸਬੰਧਤ ਹਨ। ਇਸ ਤੋਂ ਇਲਾਵਾ 26 ਮਰੀਜ਼ ਦੂਜੇ ਰਾਜਾਂ ਦੇ ਰਹਿਣ ਵਾਲੇ ਹਨ। ਜ਼ਿਲੇ ’ਚ 1322 ਸ਼ੱਕੀ ਮਰੀਜ਼ ਵੀ ਸਾਹਮਣੇ ਆ ਚੁੱਕੇ ਹਨ।

ਹਸਪਤਾਲਾਂ ’ਚ ਮਰੀਜ਼ਾਂ ਦੀ ਗਿਣਤੀ ਘਟੀ, ਕੋਰੋਨਾ ਦਾ ਡਰ ਲੋਕਾਂ ਦੇ ਦਿਲ ’ਚ ਅਜੇ ਬਾਕੀ

ਸ਼ਹਿਰ ’ਚ ਡੇਂਗੂ ਦੇ ਕੇਸਾਂ ਵਿਚ ਵਾਧਾ ਹੋਣ ਦੇ ਬਾਵਜੂਦ ਲੋਕ ਮੁੱਖ ਥਾਵਾਂ ’ਤੇ ਜਾਣ ਤੋਂ ਕਤਰਾ ਰਹੇ ਹਨ। ਖਾਸ ਕਰ ਅਜਿਹੇ ਹਸਪਤਾਲਾਂ ’ਚ ਜਿੱਥੇ ਕੋਰੋਨਾ ਦੇ ਮਰੀਜ਼ ਭਰਤੀ ਹੋਏ ਪਰ ਇਨ੍ਹਾਂ ਹਸਪਤਾਲਾਂ ਦੀ ਓ.ਪੀ. ਡੀ. ’ਚ ਡੇਂਗੂ ਦੇ ਮਰੀਜ਼ਾਂ ਦੀ ਕਾਫੀ ਗਿਣਤੀ ਇਲਾਜ ਲਈ ਆ ਰਹੀ ਹੈ। ਇਕ ਹਸਪਤਾਲ ਦੇ ਬੁਲਾਰੇ ਨੇ ਦੱਸਿਆ ਕਿ ਲੋਕਾਂ ਦੇ ਦਿਲਾਂ ਵਿਚ ਕੋਰੋਨਾ ਵਾਇਰਸ ਦਾ ਵੀ ਕਾਫੀ ਡਰ ਪਾਇਆ ਜਾ ਰਿਹਾ ਹੈ ਜਿਸ ਦੇ ਚਲਦੇ ਮੁੱਖ ਹਸਪਤਾਲਾਂ ’ਚ ਆਉਣ ਤੋਂ ਲੋਕ ਕਤਰਾ ਰਹੇ ਹਨ।

ਕੋਰੋਨਾ ਨਾਲ 3 ਮਰੀਜ਼ਾਂ ਦੀ ਮੌਤ, 103 ਨਵੇਂ ਕੇਸ ਆਏ ਸਾਹਮਣੇ

ਜ਼ਿਲੇ ’ਚ ਕੋਰੋਨਾ ਨਾਲ ਅੱਜ 3 ਮਰੀਜ਼ਾਂ ਦੀ ਮੌਤ ਹੋ ਗਈ, ਜਦੋਂਕਿ 103 ਪਾਜ਼ੇਟਿਵ ਕੇਸ ਸਾਹਮਣੇ ਆਏ ਹਨ। ਇਨ੍ਹਾਂ ਮਰੀਜ਼ਾਂ ’ਚ 81 ਮਰੀਜ਼ ਜ਼ਿਲੇ ਨਾਲ ਸਬੰਧਤ ਹਨ, ਜਦੋਂਕਿ 22 ਮਰੀਜ਼ ਦੂਜੇ ਜ਼ਿਲਿਆਂ ਜਾਂ ਰਾਜਾਂ ਦੇ ਰਹਿਣ ਵਾਲੇ ਹਨ। ਸਿਵਲ ਸਰਜਨ ਦੇ ਮੁਤਾਬਕ ਹੁਣ ਤੱਕ 19484 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ’ਚੋਂ 812 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ 2543 ਪਾਜ਼ੇਟਿਵ ਮਰੀਜ਼ ਦੂਜੇ ਜ਼ਿਲਿਆਂ ਜਾਂ ਰਾਜਾਂ ਦੇ ਰਹਿਣ ਵਾਲੇ ਹਨ। ਇਨ੍ਹਾਂ ’ਚੋਂ 293 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਕੋਰੋਨਾ ਦੇ ਮਰੀਜ਼ਾਂ ’ਚ 18279 ਮਰੀਜ਼ ਠੀਕ ਵੀ ਹੋ ਚੁੱਕੇ ਹਨ। ਜ਼ਿਲੇ ਵਿਚ ਮੌਜੂਦਾ ’ਚ 393 ਐਕਟਿਵ ਮਰੀਜ਼ ਰਹਿ ਗਏ ਹਨ। 3910 ਸ਼ੱਕੀ ਮਰੀਜ਼ਾਂ ਦੇ ਸੈਂਪਲ ਜਾਂਚ ਲਈ ਭੇਜੇ ਸਿਹਤ ਵਿਭਾਗ ਨੇ ਅੱਜ 3910 ਸ਼ੱਕੀ ਮਰੀਜ਼ਾਂ ਦੇ ਸੈਂਪਲ ਜਾਂਚ ਲਈ ਭੇਜੇ ਹਨ, ਜਦੋਂਕਿ 1336 ਮਰੀਜ਼ਾਂ ਦੀ ਰਿਪੋਰਟ ਅਜੇ ਪੈਂਡਿੰਗ ਹੈ। ਜ਼ਿਲੇ ’ਚ ਹੁਣ ਤੱਕ 340189 ਸੈਂਪਲ ਜਾਂਚ ਲਈ ਭੇਜੇ ਜਾ ਚੁੱਕੇ ਹਨ। ਇਨ੍ਹਾਂ ’ਚੋਂ 388853 ਵਿਅਕਤੀਆਂ ਦੇ ਟੈਸਟ ਦੀ ਰਿਪੋਰਟ ਸਿਹਤ ਵਿਭਾਗ ਨੂੰ ਮਿਲ ਚੁੱਕੀ ਹੈ। ਇਨ੍ਹਾਂ ’ਚੋਂ 316826 ਵਿਅਕਤੀਆਂ ਦੇ ਟੈਸਟ ਨੈਗੇਟਿਵ ਆ ਚੁੱਕੇ ਹਨ।133 ਵਿਅਕਤੀਆਂ ਨੂੰ ਹੋਮ ਆਈਸੋਲੇਸ਼ਨ ’ਚ ਭੇਜਿਆ। ਸਿਹਤ ਵਿਭਾਗ ਨੇ ਅੱਜ ਸਕ੍ਰੀਨਿੰਗ ਉਪਰੰਤ 133 ਹੋਰ ਵਿਅਕਤੀਆਂ ਨੂੰ ਹੋਮ ਆਈਸੋਲੇਸ਼ਨ ’ਚ ਭੇਜਿਆ ਹੈ। ਮੌਜੂਦਾ ’ਚ 1745 ਵਿਅਕਤੀ ਹੋਮ ਆਈਸੋਲੇਸ਼ਨ ’ਚ ਰਹਿ ਰਹੇ ਹਨ।

ਮ੍ਰਿਤਕ ਮਰੀਜ਼ਾਂ ਦਾ ਵੇਰਵਾ :

ਇਲਾਕਾ

ਸ਼ਾਮ ਨਗਰ

ਸ਼ਾਮ ਨਗਰ

ਬਸੰਤ ਨਗਰ

ਉਮਰ/ਲਿੰਗ

68 ਪੁਰਸ਼

80 ਮਹਿਲਾ

29 ਮਹਿਲਾ

ਹਸਪਤਾਲ

ਦੀਪ ਅਰਜਨ ਨਗਰ

ਸਿਵਲ

ਰਾਜਿੰਦਰਾ ਪਟਿਆਲਾ।


author

Bharat Thapa

Content Editor

Related News