''ਕੋਰੋਨਾ'' ਪਾਜ਼ੇਟਿਵ ਆਉਣ ''ਤੇ ਪਰੇਸ਼ਾਨ ਸੀ ਨੌਜਵਾਨ, ਹਸਪਤਾਲ ਦੀ ਪਹਿਲੀ ਮੰਜ਼ਿਲ ਤੋਂ ਮਾਰੀ ਛਾਲ

08/31/2020 8:42:45 AM

ਲੁਧਿਆਣਾ (ਤਰੁਣ) : ਦਰੇਸੀ ਇਲਾਕੇ 'ਚ ਸਥਿਤ ਇਕ ਚੈਰੀਟੇਬਲ ਹਸਪਤਾਲ ਦੀ ਪਹਿਲੀ ਮੰਜ਼ਿਲ ਤੋਂ ਛਾਲ ਮਾਰ ਕੇ ਇਕ ਨੌਜਵਾਨ ਨੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਨੌਜਵਾਨ ਨੇ ਇਹ ਕਦਮ ਚੁੱਕਿਆ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਮਾਨਸਿਕ ਤੌਰ ’ਤੇ ਪੀੜਤ ਹੈ। ਨੌਜਵਾਨ ਨੇ ਹਸਪਤਾਲ ਦੇ ਵਾਰਡ ਦੀ ਖਿੜਕੀ ਦਾ ਸ਼ੀਸ਼ਾ ਤੋੜ ਕੇ ਪਹਿਲੀ ਮੰਜ਼ਿਲ ਤੋਂ ਸੜਕ ’ਤੇ ਛਾਲ ਮਾਰ ਦਿੱਤੀ।

ਛਾਲ ਲਾਉਣ ਦੀ ਵੀਡੀਓ ਉੱਥੇ ਖੜ੍ਹੇ ਵਿਅਕਤੀ ਨੇ ਬਣਾ ਲਈ, ਜਿਸ ਤੋਂ ਬਾਅਦ ਵੀਡੀਓ ਵਾਇਰਲ ਹੋਈ ਹੈ। ਜਾਣਕਾਰੀ ਅਨੁਸਾਰ ਦਰੇਸੀ ਇਲਾਕੇ ਦੇ ਇਕ ਚੈਰੀਟੇਬਲ ਹਸਪਤਾਲ 'ਚ ਇਕ ਨੌਜਵਾਨ 3 ਦਿਨ ਤੋਂ ਦਾਖ਼ਲ ਸੀ, ਜਿਸ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਤੋਂ ਹੀ ਉਹ ਮਾਨਸਿਕ ਤੌਰ ’ਤੇ ਪਰੇਸ਼ਾਨ ਰਹਿਣ ਲੱਗਾ। ਹਸਪਤਾਲ 'ਚ ਦਾਖ਼ਲ ਹੋਣ ਤੋਂ ਪਹਿਲਾਂ ਵੀ ਉਹ ਕਾਫੀ ਪਰੇਸ਼ਾਨੀ ਭਰੇ ਮਾਹੌਲ ’ਚੋਂ ਗੁਜ਼ਰ ਰਿਹਾ ਸੀ। ਛਾਲ ਮਾਰਨ ਤੋਂ ਬਾਅਦ ਉਸ ਦੇ ਕਾਫੀ ਗੰਭੀਰ ਸੱਟਾਂ ਲੱਗੀਆਂ ਹਨ। ਹਸਪਤਾਲ 'ਚ ਦਾਖ਼ਲ ਨੌਜਵਾਨ ਦੇ ਸਿਰ ਅਤੇ ਪੈਰ ਦੀ ਹੱਡੀ ਟੁੱਟਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ।

ਗੰਭੀਰ ਹਾਲਤ ਨੂੰ ਦੇਖਦਿਆਂ ਨੌਜਵਾਨ ਨੂੰ ਸਿਵਲ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਮੌਕੇ ’ਤੇ ਮੌਜੂਦ ਲੋਕਾਂ ਨੇ ਨੌਜਵਾਨ ਨੂੰ ਛਾਲ ਮਾਰਨ ਤੋਂ ਪਹਿਲਾਂ ਕਾਫੀ ਰੋਕਣ ਦੀ ਕੋਸ਼ਿਸ਼ ਕੀਤੀ ਪਰ ਨੌਜਵਾਨ ਨਹੀਂ ਰੁਕਿਆ। ਮੌਕੇ ’ਤੇ ਖੜ੍ਹੇ ਲੋਕਾਂ ਨੇ ਤੁਰੰਤ ਨੌਜਵਾਨ ਨੂੰ ਹਸਪਤਾਲ ਪਹੁੰਚਾਇਆ। ਥਾਣਾ ਡਵੀਜ਼ਨ ਨੰਬਰ-4 ਦੀ ਪੁਲਸ ਨੂੰ ਜਾਣਕਾਰੀ ਮਿਲਣ ’ਤੇ ਮੌਕੇ ’ਤੇ ਪੁੱਜੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਵੀਡੀਓ ਵਾਇਰਲ ਹੋਣ ਤੋਂ ਬਾਅਦ ਕਈ ਲੋਕਾਂ ਦੀ ਵੱਖ-ਵੱਖ ਤਰ੍ਹਾਂ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ।
 


Babita

Content Editor

Related News