ਦਿੱਲੀ ਤੋਂ ਪਰਤੇ ਪਰਿਵਾਰ ਦੇ 3 ਮੈਂਬਰਾਂ ਸਣੇ 6 ਦੀ ਰਿਪੋਰਟ ਕੋਰੋਨਾ ਪਾਜ਼ੇਟਿਵ

Sunday, Jun 07, 2020 - 09:31 PM (IST)

ਨਵਾਂਸ਼ਹਿਰ, (ਤ੍ਰਿਪਾਠੀ,ਮਨੋਰੰਜਨ,ਜੋਬਨਪ੍ਰੀਤ)- ਨਵਾਂਸ਼ਹਿਰ 'ਚ ਦਿੱਲੀ ਤੋਂ ਪਰਤੇ ਇਕ ਪਰਿਵਾਰ ਦੇ 3 ਸਾਲਾਂ ਬੱਚੇ ਸਮੇਤ 3 ਮੈਂਬਰ ਕੋਰੋਨਾ ਪਾਜ਼ੇਟਿਵ ਪਾਏ ਜਾਣ ਤੋਂ ਇਲਾਵਾ 3 ਹੋਰ ਵਿਅਕਤੀਆਂ ਦੇ ਕੋਰੋਨਾ ਪਾਜ਼ੇਟਿਵ ਆਉਣ ਦਾ ਸਮਾਚਾਰ ਹੈ। ਜ਼ਿਲੇ 'ਚ ਐਕਟਿਵ ਮਰੀਜ਼ਾਂ ਦੀ ਗਿਣਤੀ ਵੱਧ ਕੇ 10 ਹੋ ਗਈ ਹੈ। ਸਿਵਲ ਸਰਜਨ ਡਾ.ਰਜਿੰਦਰ ਭਾਟੀਆ ਨੇ ਦੱਸਿਆ ਕਿ ਦਿੱਲੀ ਵਾਸੀ ਉਕਤ ਪਰਿਵਾਰ ਨਵਾਂਸ਼ਹਿਰ ਦੇ ਪਿੰਡ ਸਲੋਹ ਵਿਖੇ ਆਇਆ ਸੀ। ਸਿਹਤ ਵਿਭਾਗ ਦੀ ਟੀਮ ਵਲੋਂ ਪਰਿਵਾਰ ਨੂੰ ਘਰ ਵਿਚ ਕੁਆਰੰਟਾਈਨ ਕਰਕੇ ਸੈਂਪਲ ਲੈਕੇ ਜਾਂਚ ਲਈ ਭੇਜੇ ਗਏ ਸਨ। ਜਿਨ੍ਹਾਂ ਦੀ ਰਿਪੋਰਟ ਸ਼ਨੀਵਾਰ ਦੇਰ ਸ਼ਾਮ ਮਿਲਣ 'ਤੇ ਪਰਿਵਾਰ ਦੇ 3 ਸਾਲਾਂ ਦੇ ਬੱਚੇ ਸਮੇਤ 31 ਸਾਲ ਦਾ ਵਿਅਕਤੀ ਅਤੇ 25 ਸਾਲ ਦੀ ਔਰਤ ਕੋਰੋਨਾ ਪਾਜ਼ੇਟਿਵ ਪਾਏ ਗਏ ਜਦੋਂ ਕਿ ਪਰਿਵਾਰ ਦੇ ਨਾਲ ਆਈ 10 ਸਾਲਾਂ ਦੀ ਬੱਚੀ ਦੀ ਰਿਪੋਰਟ ਨੈਗੇਟਿਵ ਆਈ ਹੈ।
ਇਸੇ ਤਰ੍ਹਾਂ ਐਤਵਾਰ ਦੇਰ ਸ਼ਾਮ 3 ਨਵੇਂ ਪਾਜ਼ੇਟਿਵ ਆਏ ਮਾਮਲਿਆਂ 'ਚ ਨਵਾਂਸ਼ਹਿਰ ਦੇ ਕਿੱਲਾ ਮੁਹੱਲਾ ਵਾਸੀ 32 ਸਾਲ ਦਾ ਰਾਮਦਾਸ ਜੋ ਕਿ ਕੁਵੈਤ ਤੋਂ ਵਾਪਿਸ ਆਇਆ ਸੀ ਅਤੇ ਜਿਸ ਨੂੰ ਸਟੇਟ ਕੁਆਰੰਟਾਈਨ ਸੈਂਟਰ ਵਿਖੇ ਰੱਖਿਆ ਗਿਆ ਸੀ ਤੋਂ ਇਲਾਵਾ ਗੋਲੂ ਮਾਜਰਾ ਦੇ 29 ਮਈ ਨੂੰ ਦਿੱਲੀ ਤੋਂ ਆਏ ਪਰਿਵਾਰ ਦੇ 3 ਮੈਂਬਰਾਂ 'ਚੋਂ ਬੇਟੀ ਦੀ ਰਿਪੋਰਟ ਨੈਗੇਟਿਵ ਆਈ ਹੈ, ਮਾਂ ਦੀ ਰਿਪੋਰਟ ਪਾਜ਼ੇਟਿਵ ਹੈ ਜਦਕਿ ਪੁੱਤਰ ਦੇ ਸੈਂਪਲ ਲੈਕੇ ਜਾਂਚ ਲਈ ਭੇਜੇ ਗਏ ਹਨ।
ਇਸੇ ਤਰ੍ਹਾਂ ਪਿੰਡ ਰੁੜਕੀ ਖੁਰਦ ਨਾਲ ਸੰਬੰਧਿਤ ਵਿਅਕਤੀ ਜਿਹੜਾ ਪਟਿਆਲਾ ਵਿੱਖੇ ਹਜਾਮਤ ਦਾ ਕੰਮ ਕਰਦਾ ਸੀ 4 ਜੂਨ ਨੂੰ ਪਿੰਡ ਆਇਆ ਸੀ ਅਤੇ 5 ਜੂਨ ਨੂੰ ਉਸਦਾ ਸੈਪਲ ਲੈਕੇ ਜਾਂਚ ਲਈ ਭੇਜਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਬਲਾਚੌਰ 'ਚ ਪੈਂਦੇ ਦੋਵੇ ਪਾਜ਼ੇਟਿਵ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ 'ਤੇ ਨਿਗਰਾਨੀ ਰੱਖਣ ਲਈ ਐੱਸ.ਐੱਮ.ਓ.ਬਲਾਚੌਰ ਨੂੰ ਕਿਹਾ ਗਿਆ ਹੈ। ਉਨ੍ਹਾਂ ਦੱਸਿਆ ਪਾਜ਼ੇਟਿਵ ਪਾਏ ਸਾਰੇ ਮਰੀਜੋਂ ਨੂੰ ਆਈਸੋਲੇਸ਼ਨ ਸੈਂਟਰ ਭੇਜ ਦਿੱਤਾ ਗਿਆ ਹੈ।

ਸਿਹਤ ਵਿਭਾਗ ਤੋ ਮਿਲੀ ਜਾਣਕਾਰੀ ਅਨੁਸਾਰ ਉਕਤ ਪਰਿਵਾਰ 30 ਮਈ ਨੂੰ ਦਿੱਲੀ ਤੋਂ ਨਵਾਂਸ਼ਹਿਰ ਦੇ ਪਿੰਡ ਸਲੋਹ ਆਇਆ ਸੀ। ਜ਼ਿਲੇ ਵਿਚ ਹੁਣ ਤੱਕ 117 ਮੈਂਬਰ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ ਜਿਨ੍ਹਾਂ 'ਚੋਂ 109 ਮਰੀਜ਼ ਸਿਹਤਯਾਬ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ ਜਦਕਿ 1 ਦੀ ਮੌਤ ਹੋ ਗਈ ਅਤੇ 10 ਕੇਸ ਐਕਟਿਵ ਹਨ।


Bharat Thapa

Content Editor

Related News