''ਕੋਰੋਨਾ ਮਰੀਜ਼ਾਂ'' ਦੇ ਕਰੀਬ ਰਹਿਣ ਵਾਲੇ ਨਰਸਿੰਗ ਸਟਾਫ਼ ਦਾ ਦਰਦ ਸੁਣ ਪਸੀਜ ਜਾਵੇਗਾ ਹਰ ਕਿਸੇ ਦਾ ਦਿਲ

Monday, May 24, 2021 - 11:48 AM (IST)

''ਕੋਰੋਨਾ ਮਰੀਜ਼ਾਂ'' ਦੇ ਕਰੀਬ ਰਹਿਣ ਵਾਲੇ ਨਰਸਿੰਗ ਸਟਾਫ਼ ਦਾ ਦਰਦ ਸੁਣ ਪਸੀਜ ਜਾਵੇਗਾ ਹਰ ਕਿਸੇ ਦਾ ਦਿਲ

ਜਲੰਧਰ : ਪੰਜਾਬ 'ਚ ਕੋਰੋਨਾ ਵਾਇਰਸ ਨੇ ਪੂਰੀ ਤਰ੍ਹਾਂ ਤੜਥੱਲੀ ਮਚਾਈ ਹੋਈ ਹੈ। ਜਿੱਤੇ ਹਸਪਤਾਲਾਂ 'ਚ ਪਏ ਕੋਰੋਨਾ ਮਰੀਜ਼ਾਂ ਦੇ ਪਰਿਵਾਰ ਦੁਖ਼ੀ ਹੁੰਦੇ ਹਨ, ਉੱਥੇ ਹੀ ਉਨ੍ਹਾਂ ਦੀ ਦੇਖਭਾਲ ਕਰਨ ਵਾਲਾ ਨਰਸਿੰਗ ਸਟਾਫ਼ ਵੀ ਬੇਹੱਦ ਦੁਖੀ ਹੁੰਦਾ ਹੈ। ਪੰਜਾਬ ਦੇ ਵੱਖ-ਵੱਖ ਹਸਪਤਾਲਾਂ ਦੇ ਨਰਸਿੰਗ ਸਟਾਫ਼ ਦਾ ਕਹਿਣਾ ਹੈ ਕਿ ਰੋਜ਼ਾਨਾ ਇੰਨੀਆਂ ਮੌਤਾਂ ਦੇਖ ਕੇ ਉਨ੍ਹਾਂ ਦਾ ਦਿਲ ਬਹੁਤ ਦੁਖਦਾ ਹੈ। ਸਟਾਫ਼ ਦਾ ਕਹਿਣਾ ਹੈ ਕਿ ਮੌਤਾਂ ਦਾ ਸਿਲਸਿਲਾ ਦੇਖ ਉਨ੍ਹਾਂ ਦੇ ਦਿਮਾਗ ਸੁੰਨ ਹੋ ਜਾਂਦੇ ਹਨ।

ਇਹ ਵੀ ਪੜ੍ਹੋ : ਲੁਧਿਆਣਾ 'ਚ 'ਬਲੈਕ ਫੰਗਸ' ਨੇ ਮਚਾਈ ਤੜਥੱਲੀ, ਹੁਣ ਤੱਕ 5 ਲੋਕਾਂ ਦੀ ਮੌਤ

ਇਸ ਸਦਮੇ 'ਚੋਂ ਉੱਭਰਨ ਲਈ ਜਿੱਥੇ ਪਰਿਵਾਰਾਂ ਨੂੰ ਲੰਬਾ ਸਮਾਂ ਲੱਗੇਗਾ, ਉੱਥੇ ਹੀ 8-8 ਘੰਟੇ ਸ਼ਿਫਟਾਂ ਕਰਨ ਵਾਲੇ ਨਰਸਿੰਗ ਸਟਾਫ਼ ਨੂੰ ਕੁੱਝ ਪਲਾਂ 'ਚ ਹੀ ਉੱਭਰਨਾ ਪੈਂਦਾ ਹੈ ਤਾਂ ਜੋ ਆਈ. ਸੀ. ਯੂ. 'ਚ ਖ਼ਾਲੀ ਹੋਏ ਬੈੱਡ 'ਤੇ ਕਿਸੇ ਦੂਜੇ ਮਰੀਜ਼ ਨੂੰ ਜ਼ਿੰਦਾ ਬਚਾਈ ਰੱਖਣ ਦੀ ਕੋਸ਼ਿਸ਼ ਸ਼ੁਰੂ ਕੀਤੀ ਜਾ ਸਕੇ। ਇਸ ਦੌਰਾਨ ਕਈ ਨਰਸਾਂ ਦਾ ਕਹਿਣਾ ਹੈ ਕਿ ਜਦੋਂ ਪਰਿਵਾਰ ਵਾਲਿਆਂ ਨੂੰ ਦੱਸਣਾ ਪੈਂਦਾ ਹੈ ਕਿ ਤੁਹਾਡਾ ਮਰੀਜ਼ ਦਮ ਤੋੜ ਰਿਹਾ ਹੈ ਤਾਂ ਉਸ ਸਮੇਂ ਪਰਿਵਾਰ ਵਾਲੇ ਕਹਿੰਦੇ ਹਨ ਕਿ ਮੈਡਮ ਕੁੱਝ ਕਰੋ ਪਰ ਉਸ ਸਮੇਂ ਉਹ ਮਜ਼ਬੂਰ ਹੁੰਦੇ ਹਨ ਅਤੇ ਰੱਬ ਨੂੰ ਅਰਦਾਸ ਕਰਦੇ ਹਨ ਕਿ ਉਨ੍ਹਾਂ ਨੂੰ ਕੋਈ ਸ਼ਕਤੀ ਦੇ ਦੇਵੇ ਤਾਂ ਜੋ ਉਹ ਮਰੀਜ਼ਾਂ ਦੇ ਟੁੱਟਦੇ ਸਾਹਾਂ ਨੂੰ ਵਾਪਸ ਲਿਆ ਸਕਣ। ਨਰਸਿੰਗ ਸਟਾਫ਼ ਦਾ ਕਹਿਣਾ ਹੈ ਕਿ ਪਰਿਵਾਰ ਵਾਲਿਆਂ ਨੂੰ ਰੋਂਦੇ ਦੇਖ ਕੇ ਉਨ੍ਹਾਂ ਨੂੰ ਖ਼ੁਦ ਵੀ ਰੋਣਾ ਆਉਂਦਾ ਹੈ ਅਤੇ ਦਿਲੋਂ ਸਿਰਫ਼ ਇੱਕ ਹੀ ਦੁਆ ਨਿਕਲਦੀ ਹੈ ਕਿ ਬਸ ਕਿਸੇ ਤਰ੍ਹਾਂ ਮੌਤਾਂ ਦਾ ਸਿਲਸਿਲਾ ਬੰਦ ਹੋ ਜਾਵੇ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ 'ਚ ਕੋਰੋਨਾ ਦੇ ਵਿਗੜੇ ਹਾਲਾਤ ਤੋਂ ਪਰੇਸ਼ਾਨ 'ਕੈਪਟਨ' ਦੀ ਕਿਸਾਨਾਂ ਨੂੰ ਖ਼ਾਸ ਅਪੀਲ
ਜ਼ਿਕਰਯੋਗ ਹੈ ਕਿ ਇਸ ਘਾਤਕ ਵਾਇਰਸ ਕਾਰਨ ਐਤਵਾਰ ਨੂੰ 172 ਮਰੀਜ਼ਾਂ ਦੀ ਜਾਨ ਚਲੀ ਗਈ, ਜਦੋਂ ਕਿ ਇਸ ਲਾਗ ਕਾਰਣ 5094 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਇਸ ਦੇ ਨਾਲ ਹੀ ਪੰਜਾਬ 'ਚ ਕੋਰੋਨਾ ਕਾਰਣ ਹੋਣ ਵਾਲੀਆਂ ਮੌਤਾਂ ਦਾ ਅੰਕੜਾ 13281 ਤੱਕ ਪਹੁੰਚ ਗਿਆ ਹੈ। ਸੂਬੇ 'ਚ ਕੁੱਲ 5,38,994 ਲੋਕ ਪਾਜ਼ੇਟਿਵ ਪਾਏ ਜਾ ਚੁੱਕੇ ਹਨ ਅਤੇ ਅੱਜ ਇਸ ਬੀਮਾਰੀ ਨੂੰ 8527 ਮਰੀਜ਼ਾਂ ਨੇ ਮਾਤ ਦਿੱਤੀ ਹੈ, ਜਿਸ ਦੇ ਚੱਲਦਿਆਂ 4,68,208 ਲੋਕ ਇਸ ਤੋਂ ਸਿਹਤਮੰਦ ਹੋਏ ਹਨ। ਇਸ ਸਮੇਂ ਵੀ 57,505 ਲੋਕ ਇਸ ਬੀਮਾਰੀ ਨਾਲ ਲੜ ਰਹੇ ਹਨ। 
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


author

Babita

Content Editor

Related News