ਕੋਰੋਨਾ ਮਰੀਜ਼ਾਂ ਲਈ ਸੌਖਾ ਹੋਇਆ ''ਡਾਇਲਿਸਿਸ'' ਸਿਸਟਮ, ਹੈਲਪਲਾਈਨ ਨੰਬਰ ਦੀ ਮਿਲੀ ਸਹੂਲਤ
Tuesday, Sep 29, 2020 - 02:07 PM (IST)
ਚੰਡੀਗੜ੍ਹ (ਰਾਜਿੰਦਰ) : ਪ੍ਰਸ਼ਾਸਕ ਵੀ. ਪੀ. ਸਿੰਘ ਬਦਨੌਰ ਨੇ ਬਾਰ ਰੂਮ ਬੈਠਕ 'ਚ ਦੱਸਿਆ ਕਿ ਕੋਵਿਡ ਮਰੀਜ਼ਾਂ ਲਈ ਡਾਇਲਿਸਿਸ ਦੇ ਸਿਸਟਮ ਨੂੰ ਹੋਰ ਸੁਖਾਲਾ ਬਣਾ ਦਿੱਤਾ ਗਿਆ ਹੈ। ਇਸ ਲਈ ਇਕ ਹੈਲਪਲਾਈਨ ਨੰਬਰ 70870-07434 ਵੀ ਸ਼ੁਰੂ ਕੀਤਾ ਗਿਆ। ਇਸ ਹੈਲਪਲਾਈਨ ’ਤੇ ਕਾਲ ਕਰ ਕੇ ਕੋਈ ਵੀ ਮਰੀਜ਼ ਡਾਇਲਿਸਿਸ ਦੀ ਸਹੂਲਤ ਦਾ ਲਾਭ ਲੈ ਸਕਦਾ ਹੈ। ਮਰੀਜ਼ ਨੂੰ ਲਿਆਉਣ ਲਈ ਵੀ ਐਂਬੂਲੈਂਸ ਦੀ ਸਹੂਲਤ ਦਿੱਤੀ ਜਾਵੇਗੀ।
ਵੈਕਸੀਨ ਦੇ ਟੈਸਟ ਲਈ ਵਲੰਟੀਅਰਜ਼ ਦੀ ਲੋੜ
ਬੈਠਕ 'ਚ ਪੀ. ਜੀ. ਆਈ. 'ਚ ਕੋਰੋਨਾ ਵੈਕਸੀਨ ਦਾ ਮਨੁੱਖੀ ਟੈਸਟ ਸ਼ੁਰੂ ਹੋਣ ਦਾ ਮਾਮਲਾ ਵੀ ਉੱਠਿਆ। ਪੀ. ਜੀ. ਆਈ. ਨੂੰ ਵੈਕਸੀਨ ਦੇ ਟੈਸਟ ਲਈ ਵਲੰਟੀਅਰਜ਼ ਦੀ ਲੋੜ ਹੈ। ਇਸ ’ਤੇ ਪ੍ਰਸ਼ਾਸਕ ਬਦਨੌਰ ਨੇ ਕਿਹਾ ਕਿ ਕੋਈ ਵੀ ਯੋਗ ਸ਼ਹਿਰ ਵਾਸੀ ਜੇਕਰ ਚਾਹੇ ਤਾਂ ਉਹ ਖੁਦ ਦਾ ਪੀ. ਜੀ. ਆਈ. ਦੀ ਵੈੱਬਸਾਈਟ ’ਤੇ ਜਾ ਕੇ ਰਜਿਸਟਰਡ ਕਰਵਾ ਸਕਦਾ ਹੈ।
ਪ੍ਰਦਰਸ਼ਨਾਂ ਕਾਰਣ ਕੋਰੋਨਾ ਨਾ ਫੈਲੇ, ਇਸ ਲਈ ਉਚਿਤ ਕਦਮ ਚੁੱਕੋ
ਬੈਠਕ 'ਚ ਪ੍ਰਸ਼ਾਸਕ ਬਦਨੌਰ ਨੂੰ ਜਾਣਕਾਰੀ ਦਿੱਤੀ ਗਈ ਕਿ ਸ਼ਹਿਰ 'ਚ ਕੋਰੋਨਾ ਵਾਇਰਸ ਦੇ ਮਾਮਲਿਆਂ 'ਚ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਕਮੀ ਵੇਖੀ ਜਾ ਰਹੀ ਹੈ, ਜਿਸ ’ਤੇ ਬਦਨੌਰ ਨੇ ਤਸੱਲੀ ਪ੍ਰਗਟ ਕੀਤੀ। ਪ੍ਰਸ਼ਾਸਕ ਨੇ ਚੰਡੀਗੜ੍ਹ ਦੇ ਡੀ. ਜੀ. ਪੀ. ਸੰਜੇ ਬੈਨੀਵਾਲ ਨੂੰ ਹੁਕਮ ਦਿੱਤੇ ਕਿ ਉਹ ਯਕੀਨੀ ਕਰਨ ਕਿ ਸ਼ਹਿਰ 'ਚ ਹੋ ਰਹੇ ਧਰਨਾ-ਪ੍ਰਦਰਸ਼ਨਾਂ ਕਾਰਣ ਕੋਰੋਨਾ ਨਾ ਫੈਲੇ ਅਤੇ ਇਸ ਲਈ ਉਚਿਤ ਕਦਮ ਚੁੱਕੇ ਜਾਣ। ਬੈਠਕ 'ਚ ਡਾਇਰੈਕਟਰ ਹੈਲਥ ਸਰਵੀਸਿਜ਼ ਡਾ. ਜੀ. ਦੀਵਾਨ ਨੇ ਦੱਸਿਆ ਕਿ ਹੁਣ ਤੱਕ ਸ਼ਹਿਰ ਦੇ 66,167 ਲੋਕਾਂ ਨੇ ਡਿਜ਼ੀਟਲ ਹੈਲਥ ਕਾਰਡ ਬਣਵਾ ਲਏ ਹਨ, ਉੱਥੇ ਹੀ, 5, 16,199 ਵਾਰ ਆਰੋਗਿਆ ਸੇਤੂ ਐਪ ਨੂੰ ਡਾਊਨਲੋਡ ਕੀਤਾ ਗਿਆ ਹੈ। ਮਾਸਕ ਨਾ ਪਹਿਨਣ ਅਤੇ ਸਮਾਜਿਕ ਦੂਰੀ ਦਾ ਪਾਲਣ ਨਾ ਕਰਨ ਨੂੰ ਲੈ ਕੇ ਹੁਣ ਤੱਕ 18000 ਤੋਂ ਜ਼ਿਆਦਾ ਚਲਾਨ ਕੱਟੇ ਗਏ ਹਨ।