''ਕੋਰੋਨਾ'' ਦੇ ਚੱਲਦਿਆਂ PGI ''ਚ 75 ਫ਼ੀਸਦੀ ਬੈੱਡ ਫੁੱਲ, ਦੂਜੇ ਸੂਬਿਆਂ ਨੂੰ ਕੀਤੀ ਗਈ ਅਪੀਲ

04/17/2021 3:41:23 PM

ਚੰਡੀਗੜ੍ਹ (ਪਾਲ) : ਪੀ. ਜੀ. ਆਈ. ਦੇ ਡਾਇਰੈਕਟਰ ਡਾ. ਜਗਤ ਰਾਮ ਨੇ ਕਿਹਾ ਕਿ ਪੀ. ਜੀ. ਆਈ. ਵਿਚ ਇਸ ਸਮੇਂ 75 ਫ਼ੀਸਦੀ ਬੈੱਡ ਫੁੱਲ ਹੋ ਚੁੱਕੇ ਹਨ। ਕਿਸੇ ਵੀ ਗੰਭੀਰ ਮਰੀਜ਼ ਦੀ ਅਣਦੇਖੀ ਨਹੀਂ ਕੀਤੀ ਜਾ ਰਹੀ ਹੈ ਪਰ ਜੇਕਰ ਆਉਣ ਵਾਲੇ ਸਮੇਂ ਵਿਚ ਮਰੀਜ਼ ਇਸ ਤਰ੍ਹਾਂ ਹੀ ਵੱਧਦੇ ਰਹੇ ਤਾਂ ਚੀਜ਼ਾਂ ਕੰਟਰੋਲ ਤੋਂ ਬਾਹਰ ਹੋ ਜਾਣਗੀਆਂ। ਅਸੀਂ ਨਾਲ ਲੱਗਦੇ ਸੂਬਿਆਂ ਨੂੰ ਅਪੀਲ ਕਰ ਰਹੇ ਹਾਂ ਕਿ ਉਹ ਆਪਣੀਆਂ ਸਹੂਲਤਾਂ ਅਤੇ ਮੈਨਪਾਵਰ ਵਧਾਉਣ ਤਾਂ ਜੋ ਮਰੀਜ਼ਾਂ ਨੂੰ ਕਿਤੇ ਰੈਫਰ ਕਰਨ ਦੀ ਲੋੜ ਨਾ ਪਵੇ।
ਕੋਵਿਡ ਦਾ ਨਵਾਂ ਸਟ੍ਰੇਨ ਹਰ ਉਮਰ ਦੇ ਲੋਕਾਂ ’ਤੇ ਕਰ ਰਿਹੈ ਹਮਲਾ
ਪਿਛਲੇ ਸਾਲ ਕੋਵਿਡ-19 ਦਾ ਜੋ ਸਟ੍ਰੇਨ ਸੀ, ਉਹ ਵੱਡੀ ਉਮਰ ਦੇ ਲੋਕਾਂ ’ਤੇ ਜ਼ਿਆਦਾ ਹਮਲਾ ਕਰਦਾ ਸੀ। ਨਾਲ ਹੀ ਉਨ੍ਹਾਂ ਲੋਕਾਂ ’ਤੇ ਇਸ ਦਾ ਜ਼ਿਆਦਾ ਸਾਈਡ ਇਫੈਕਟ ਵੇਖਿਆ ਗਿਆ, ਜਿਨ੍ਹਾਂ ਨੂੰ ਦੂਜੀਆਂ ਕਈ ਬੀਮਾਰੀਆਂ ਸਨ ਪਰ ਕੋਵਿਡ ਦਾ ਨਵਾਂ ਸਟ੍ਰੇਨ ਯੂ. ਕੇ. ਵੇਰੀਐਂਟ ਜ਼ਿਆਦਾ ਖ਼ਤਰਨਾਕ ਇਸ ਲਈ ਹੈ ਕਿਉਂਕਿ ਇਹ ਸਾਰਿਆਂ ’ਤੇ ਅਸਰ ਕਰ ਰਿਹਾ ਹੈ, ਭਾਵੇਂ ਉਹ ਬਜ਼ੁਰਗ ਹੋਣ ਜਾਂ ਬੱਚੇ।
ਪੀ. ਜੀ. ਆਈ. ਦੇ ਡਾਇਰੈਕਟਰ ਡਾ. ਜਗਤਰਾਮ ਦਾ ਕਹਿਣਾ ਹੈ ਕਿ ਇਸ ਦੀ ਇਨਫੈਕਸ਼ਨ ਦਰ ਜ਼ਿਆਦਾ ਦੇਖਣ ਨੂੰ ਮਿਲ ਰਹੀ ਹੈ। ਵਾਇਰਸ ਦਾ ਸੁਭਾਅ ਹੈ ਬਦਲਾਅ, ਜਿਸ ਨੂੰ ਅਸੀਂ ਆਬਜ਼ਰਵ ਕਰ ਰਹੇ ਹਾਂ। ਇਸ ਦੇ ਪੈਟਰਨ ਨੂੰ ਵੇਖਦੇ ਹੋਏ ਲੱਗ ਰਿਹਾ ਹੈ ਇਹ ਅਜੇ ਹੋਰ ਵਧੇਗਾ। ਮਈ ਅਤੇ ਜੂਨ ਵਿਚ ਇਸ ਦੇ ਪੀਕ ’ਤੇ ਆਉਣ ਦੀ ਸੰਭਾਵਨਾ ਹੈ। ਸਾਡੀ ਲਾਪਰਵਾਹੀ ਅਤੇ ਅਣਦੇਖੀ ਇਸ ਨੂੰ ਹੋਰ ਵਧਾ ਸਕਦੀ ਹੈ। ਅਸੀਂ ਲਗਾਤਾਰ ਕੋਵਿਡ ਨਿਯਮਾਂ ਦੀ ਗੱਲ ਕਰਦੇ ਹਾਂ। ਲੋਕ ਇਨ੍ਹਾਂ ਨੂੰ ਅਣਦੇਖਿਆਂ ਕਰ ਰਹੇ ਹਨ, ਜੋ ਇਸ ਨੂੰ ਖ਼ਤਰਨਾਕ ਬਣਾ ਰਿਹਾ ਹੈ।
ਪ੍ਰੋਟੋਕਾਲ ਨੂੰ ਫਾਲੋ ਕਰਨਾ ਜ਼ਿਆਦਾ ਜ਼ਰੂਰੀ
ਵੀਕੈਂਡ ਲਾਕਡਾਊਨ ਸਬੰਧੀ ਉਨ੍ਹਾਂ ਕਿਹਾ ਕਿ ਇਹ ਪ੍ਰਸ਼ਾਸਨ ਦਾ ਫ਼ੈਸਲਾ ਹੈ। ਸਭ ਤੋਂ ਜ਼ਰੂਰੀ ਪ੍ਰੋਟੋਕਾਲ ਨੂੰ ਫਾਲੋ ਕਰਨਾ ਹੈ। ਉਹ ਹੀ ਵਾਇਰਸ ਨੂੰ ਕੰਟਰੋਲ ਕਰ ਸਕਦਾ ਹੈ। ਨਾਲ ਹੀ ਵੈਕਸੀਨ ਸਬੰਧੀ ਅਸੀਂ ਲਗਾਤਾਰ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ। ਹੁਣ ਤੱਕ ਅਸੀਂ ਵੇਖਿਆ ਹੈ ਕਿ ਵੈਕਸੀਨ ਲਵਾਉਣ ਤੋਂ ਬਾਅਦ ਜਿਹੜੇ ਲੋਕ ਪਾਜ਼ੇਟਿਵ ਹੋਏ ਹਨ, ਉਨ੍ਹਾਂ ਵਿਚ ਵਾਇਰਸ ਦੀ ਗੰਭੀਰਤਾ ਘੱਟ ਹੋਈ ਹੈ। ਉਨ੍ਹਾਂ ਦੀ ਜਲਦੀ ਰਿਕਵਰੀ ਹੋਈ ਹੈ। ਉਨ੍ਹਾਂ ਨੂੰ ਦਾਖਲ ਕਰਨ ਦੀ ਲੋੜ ਨਹੀਂ ਪਈ ਹੈ। ਇਸ ਲਈ ਲੋਕਾਂ ਨੂੰ ਵੈਕਸੀਨ ਲਵਾਉਣ ਲਈ ਅੱਗੇ ਆਉਣ ਦੀ ਲੋੜ ਹੈ। 
 


Babita

Content Editor

Related News