ਪਾਵਰ ਨਿਗਮ ਦੀ ਮੀਟ੍ਰਿੰਗ ਲੈਬਾਰਟਰੀ ''ਚ ਕੋਰੋਨਾ ਦੀ ਦਸਤਕ, 4 ਬਿਜਲੀ ਦਫਤਰਾਂ ''ਚ ਮਚੀ ਤਰਥੱਲੀ

08/27/2020 6:43:37 PM

ਜਲੰਧਰ(ਪੁਨੀਤ) – ਪਾਵਰ ਨਿਗਮ ਦੇ ਮੀਟਰ ਚੈੱਕ ਕਰਨ ਵਾਲੀ ਮੀਟ੍ਰਿੰਗ ਲੈਬਾਰਟਰੀ ਦੇ ਐੱਸ. ਡੀ. ਓ. ਦੇ ਕੋਰੋਨਾ ਪਾਜ਼ੇਟਿਵ ਪਾਏ ਜਾਣ ਕਾਰਣ ਵਿਭਾਗ ਨੇ ਲੈਬ ਦਾ ਦਫਤਰ 4 ਦਿਨਾਂ ਲਈ ਸੀਲ ਕਰ ਦਿੱਤਾ ਹੈ। ਮੀਟਰਾਂ ਦੀ ਜਾਂਚ ਅਧਿਕਾਰੀਆਂ ਤੋਂ ਹਦਾਇਤਾਂ ਮਿਲਣ ਤੋਂ ਬਾਅਦ ਸੋਮਵਾਰ ਨੂੰ ਸ਼ੁਰੂ ਹੋ ਸਕੇਗੀ। ਮੌਜੂਦਾ ਸਮੇਂ ਵਿਚ ਪਾਵਰ ਨਿਗਮ ਦੇ 3 ਦਫਤਰ ਕੋਰੋਨਾ ਦੀ ਲਪੇਟ ਵਿਚ ਆਉਣ ਨਾਲ ਬਿਜਲੀ ਦਫਤਰਾਂ ਵਿਚ ਤਰਥੱਲੀ ਮਚ ਗਈ ਹੈ। ਸਾਰੇ ਕਾਮੇ ਖੌਫ ਵਿਚ ਕੰਮ ਕਰਦੇ ਦੇਖੇ ਜਾ ਰਹੇ ਹਨ ਕਿਉਂਕਿ ਇਸ ਤੋਂ ਪਹਿਲਾਂ ਇਕ ਹੋਰ (ਚੌਥਾ ਦਫਤਰ, 
ਵੈਸਟ ਡਵੀਜ਼ਨ) ਵੀ ਕੋਰੋਨਾ ਦੀ ਲਪੇਟ ਵਿਚ ਆ ਚੁੱਕਾ ਹੈ ਪਰ ਉਥੋਂ ਦੇ ਕਾਮੇ ਹੁਣ ਠੀਕ ਹੋ ਕੇ ਕੰਮਾਂ 'ਤੇ ਪਰਤ ਚੁੱਕੇ ਹਨ।

ਚੁਗਿੱਟੀ ਸਥਿਤ ਬਿਜਲੀ ਘਰ ਨੇੜੇ ਮੀਟਰ ਲੈਬ ਦੇ ਉਕਤ ਦਫਤਰ ਸੀਲ ਕਰਨ ਬਾਰੇ ਲੈਬ ਅਧਿਕਾਰੀਆਂ ਨੇ ਪਾਵਰ ਨਿਗਮ ਨਾਰਥ ਜ਼ੋਨ ਦੇ ਹੈੱਡ ਆਫਿਸ ਤੋਂ ਇਜਾਜ਼ਤ ਲਈ ਹੈ। ਇਸ ਸਬੰਧ ਵਿਚ ਸਰਕਲ ਅਧਿਕਾਰੀਆਂ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ।

ਪਹਿਲੇ ਕੇਸ ਵਿਚ ਕੋਰੋਨਾ ਪਾਜ਼ੇਟਿਵ ਕਾਮੇ ਦੀ ਪਛਾਣ ਰਣਜੀਤ ਨਾਂ ਦੇ ਐੱਸ. ਡੀ. ਓ. ਵਜੋਂ ਹੋਈ ਹੈ ਜੋ ਫਗਵਾੜਾ ਤੋਂ ਆਪਰੇਟ ਕਰ ਰਿਹਾ ਸੀ, ਜਦੋਂਕਿ ਰੁਟੀਨ ਵਿਚ ਕੰਮ ਦੇ ਸਿਲਸਿਲੇ ਵਿਚ ਉਸ ਦਾ ਜਲੰਧਰ ਸਥਿਤ ਲੈਬ ਵਿਚ ਆਉਣਾ-ਜਾਣਾ ਲੱਗਿਆ ਰਹਿੰਦਾ ਹੈ ਕਿਉਂਕਿ ਫਗਵਾੜਾ ਦੇ ਮੀਟਰਾਂ ਦੀ ਜਾਂਚ ਵੀ ਜਲੰਧਰ ਵਿਚ ਹੀ ਹੁੰਦੀ ਹੈ। ਇਸ ਸਬੰਧ ਵਿਚ ਲੈਬ ਦੇ ਸੀਨੀਅਰ ਐਕਸੀਅਨ ਗੁਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਲੈਬ ਨੂੰ ਬੰਦ ਕਰ ਕੇ ਉਸ ਨੂੰ ਸੈਨੇਟਾਈਜ਼ ਕਰਵਾਇਆ ਜਾ ਰਿਹਾ ਹੈ ਅਤੇ ਹੋਰ ਕਾਮਿਆਂ ਨੂੰ ਵੀ ਚੌਕਸੀ ਵਰਤਣ ਦੇ ਹੁਕਮ ਦਿੱਤੇ ਗਏ ਹਨ।

ਦੂਜੇ ਕੇਸ ਵਿਚ ਪਾਵਰ ਨਿਗਮ ਨਾਰਥ ਜ਼ੋਨ ਦੇ ਹੈੱਡ ਆਫਿਸ ਵਿਚ ਏ. ਐੱਮ. ਆਈ. ਟੀ. (ਅਸਿਸਟੈਂਟ ਮੈਨੇਜਰ ਇਨਫਾਰਮੇਸ਼ਨ ਟੈਕਨਾਲੋਜੀ) ਸੈਕਸ਼ਨ ਦੀ ਸ਼੍ਰੀਮਤੀ ਪਲਵੀ ਦੀ ਕੋਰੋਨਾ ਰਿਪੋਰਟ ਵੀ ਪਾਜ਼ੇਟਿਵ ਦੱਸੀ ਜਾ ਰਹੀ ਹੈ, ਜਿਸ ਕਾਰਣ ਵਰਕ ਸੈਕਸ਼ਨ ਬੰਦ ਕਰ ਦਿੱਤਾ ਗਿਆ ਹੈ। ਚੀਫ ਇੰਜੀਨੀਅਰ ਦੀਆਂ ਹਦਾਇਤਾਂ 'ਤੇ ਕੋਰੋਨਾ ਪਾਜ਼ੇਟਿਵ ਦੇ ਸੰਪਰਕ ਵਿਚ ਆਉਣ ਵਾਲੇ ਹੋਰ ਕਾਮਿਆਂ ਨੂੰ ਵੀ ਟੈਸਟ ਕਰਵਾਉਣ ਲਈ ਕਿਹਾ ਗਿਆ ਹੈ।

ਤੀਜੇ ਕੇਸ 'ਚ ਆਬਾਦਪੁਰਾ ਡਵੀਜ਼ਨ ਦੇ ਐੱਸ. ਡੀ. ਓ. ਅਸ਼ਵਨੀ ਕੁਮਾਰ ਦੀ ਰਿਪੋਰਟ ਦੁਬਾਰਾ ਪਾਜ਼ੇਟਿਵ ਪਾਈ ਗਈ ਹੈ। ਪਿਛਲੇ ਮਹੀਨੇ ਜਦੋਂ ਉਹ ਪਾਜ਼ੇਟਿਵ ਆਏ ਸਨ ਤਾਂ ਮਾਡਲ ਟਾਊਨ ਡਵੀਜ਼ਨ ਦਫਤਰ ਸੀਲ ਕਰ ਦਿੱਤਾ ਗਿਆ ਸੀ। ਇਸ ਦੌਰਾਨ ਅਸ਼ਵਨੀ ਕੁਮਾਰ ਠੀਕ ਹੋ ਗਏ ਪਰ ਹੁਣ ਦੁਬਾਰਾ ਟੈਸਟ ਕਰਵਾਉਣ 'ਤੇ ਉਹ ਕੋਰੋਨਾ ਪਾਜ਼ੇਟਿਵ ਪਾਏ ਗਏ, ਜਿਸ ਕਾਰਣ ਉਨ੍ਹਾਂ ਨੂੰ ਛੁੱਟੀ 'ਤੇ ਭੇਜ ਕੇ ਇਲਾਜ ਕਰਵਾਉਣ ਦੀ ਹਦਾਇਤ ਦਿੱਤੀ ਗਈ ਹੈ। 

ਸੀਨੀਅਰ ਐਕਸੀਅਨ ਮਾਡਲ ਟਾਊਨ ਦਾ ਕਹਿਣਾ ਹੈ ਕਿ ਦਫਤਰ ਵਿਚ ਸਭ ਤੋਂ ਪਹਿਲਾਂ ਸੰਦੀਪ ਨਾਂ ਦਾ ਵਿਅਕਤੀ ਪਾਜ਼ੇਟਿਵ ਆਇਆ। ਇਸ ਤੋਂ ਬਾਅਦ 29 ਵਿਅਕਤੀਆਂ ਦੇ ਟੈਸਟ ਕਰਵਾਏ ਗਏ।

ਵੈਸਟ ਡਵੀਜ਼ਨ ਦੀ ਗੱਲ ਕੀਤੀ ਜਾਵੇ ਤਾਂ ਉਥੇ ਵੀ ਐੱਸ. ਡੀ. ਓ. ਸਮੇਤ ਹੋਰ ਕਾਮਿਆਂ ਦੇ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਸਟਾਫ ਦੇ ਟੈਸਟ ਕਰਵਾਏ ਗਏ ਪਰ ਉਥੇ ਹੁਣ ਹਾਲਾਤ ਆਮ ਹਨ ਅਤੇ ਫਿਲਹਾਲ ਅਜਿਹਾ ਕੋਈ ਕੇਸ ਨਹੀਂ ਹੈ। ਸਬੰਧਤ ਐਕਸੀਅਨ ਦਰਸ਼ਨ ਸਿੰਘ ਦਾ ਕਹਿਣਾ ਹੈ ਕਿ ਮੁਲਾਜ਼ਮ ਪੂਰੀ ਚੌਕਸੀ ਨਾਲ ਕੰਮ ਕਰ ਰਹੇ ਹਨ। 

ਉਥੇ ਡਿਪਟੀ ਚੀਫ ਇੰਜੀਨੀਅਰ ਆਪ੍ਰੇਸ਼ਨ ਸਰਕਲ ਜਲੰਧਰ ਹਰਜਿੰਦਰ ਸਿੰਘ ਬਾਂਸਲ ਨੇ ਕਿਹਾ ਕਿ ਸਾਰੇ ਦਫਤਰਾਂ ਨੂੰ ਸਮੇਂ-ਸਮੇਂ 'ਤੇ ਸੈਨੇਟਾਈਜ਼ ਕਰਵਾਉਣ ਲਈ ਕਿਹਾ ਜਾ ਰਿਹਾ ਹੈ ਤਾਂ ਜੋ ਕੋਰੋਨਾ ਤੋਂ ਬਚਾਅ ਕੀਤਾ ਜਾ ਸਕੇ।


Harinder Kaur

Content Editor

Related News