ਮਾਛੀਵਾੜਾ ''ਚ ''ਕੋਰੋਨਾ'' ਕਾਰਨ ਇਕ ਹੋਰ ਮੌਤ, ਪੁਲਸ ਵੱਲੋਂ ਗ੍ਰਿਫ਼ਤਾਰ ਦੋਸ਼ੀ ਵੀ ਨਿਕਲਿਆ ਪਾਜ਼ੇਟਿਵ

Wednesday, Sep 09, 2020 - 03:08 PM (IST)

ਮਾਛੀਵਾੜਾ ''ਚ ''ਕੋਰੋਨਾ'' ਕਾਰਨ ਇਕ ਹੋਰ ਮੌਤ, ਪੁਲਸ ਵੱਲੋਂ ਗ੍ਰਿਫ਼ਤਾਰ ਦੋਸ਼ੀ ਵੀ ਨਿਕਲਿਆ ਪਾਜ਼ੇਟਿਵ

ਮਾਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ ਇਲਾਕੇ ’ਚ ਕੋਰੋਨਾ ਦਾ ਕਹਿਰ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ ਅਤੇ ਇਸ ਬੀਮਾਰੀ ਨਾਲ ਬੇਟ ਖੇਤਰ ਦੇ ਇੱਕ ਹੋਰ 55 ਸਾਲਾ ਡਰਾਈਵਰ ਦੀ ਮੌਤ ਹੋਈ ਦੱਸੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਿੱਤੇ ਵਜੋਂ ਡਰਾਈਵਰ ਮ੍ਰਿਤਕ ਵਿਅਕਤੀ ਨੂੰ ਬੁਖ਼ਾਰ ਤੇ ਛਾਤੀ ਜਾਮ ਦੀ ਸਮੱਸਿਆ ਸੀ, ਜਿਸ ਕਾਰਣ ਉਸ ਦਾ ਮਾਛੀਵਾੜਾ ਸਿਵਲ ਹਸਪਤਾਲ ’ਚ ਕੋਰੋਨਾ ਟੈਸਟ ਕਰਵਾਇਆ ਗਿਆ।

ਇਸ ਵਿਅਕਤੀ ਨੂੰ ਇਲਾਜ ਲਈ ਨਿੱਜੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਹਾਰਟ ਅਟੈਕ ਨਾਲ ਮੌਤ ਹੋਈ ਦੱਸੀ ਜਾ ਰਹੀ ਹੈ। ਪਿੰਡ 'ਚ ਮ੍ਰਿਤਕ ਵਿਅਕਤੀ ਦਾ ਅੰਤਿਮ ਸਸਕਾਰ ਵੀ ਕਰ ਦਿੱਤਾ ਗਿਆ ਪਰ ਅੱਜ ਜੋ ਸਿਹਤ ਮਹਿਕਮੇ ਵੱਲੋਂ ਮਰੀਜ਼ਾਂ ਦੀ ਸੂਚੀ ਜਾਰੀ ਕੀਤੀ ਗਈ, ਉਸ 'ਚ ਮ੍ਰਿਤਕ ਵਿਅਕਤੀ ਕੋਰੋਨਾ ਪਾਜ਼ੇਟਿਵ ਆ ਗਿਆ। ਇਸੇ ਤਰ੍ਹਾਂ ਮਾਛੀਵਾੜਾ ਪੁਲਸ ਵੱਲੋਂ 2 ਦਿਨ ਪਹਿਲਾਂ 5 ਸਤੰਬਰ ਨੂੰ ਬੇਟ ਇਲਾਕੇ ’ਚ ਚੱਲਦੀ ਨਾਜਾਇਜ਼ ਸ਼ਰਾਬ ਦੀ ਭੱਠੀ ਦੇ ਦੋਸ਼ ਹੇਠ 2 ਵਿਅਕਤੀਆਂ ਨੂੰ ਕਾਬੂ ਕੀਤਾ ਸੀ, ਪੁਲਸ ਵੱਲੋਂ ਇਨ੍ਹਾਂ ਦੋਹਾਂ ਕਥਿਤ ਦੋਸ਼ੀਆਂ ਦਾ ਕੋਰੋਨਾ ਟੈਸਟ ਕਰਵਾਇਆ ਗਿਆ, ਜਿਨ੍ਹਾਂ ’ਚੋਂ ਇੱਕ ਵਿਅਕਤੀ ਦੀ ਰਿਪੋਰਟ ਪਾਜ਼ੇਟਿਵ ਆ ਗਈ ਅਤੇ ਉਸ ਨੂੰ ਸਿਹਤ ਮਹਿਕਮੇ ਦੀ ਟੀਮ ਇਲਾਜ ਲਈ ਲੁਧਿਆਣਾ ਹਸਪਤਾਲ ਲੈ ਗਈ।

ਇਸ ਕਥਿਤ ਦੋਸ਼ੀ ਨੂੰ ਗ੍ਰਿਫ਼ਤਾਰ ਕਰਨ ਵਾਲੇ ਪੁਲਸ ਅਧਿਕਾਰੀਆਂ ਤੇ ਮੁਲਾਜ਼ਮਾਂ ਦੇ ਵੀ ਕੋਰੋਨਾ ਟੈਸਟ ਕੀਤੇ ਜਾਣਗੇ। ਇਸ ਤੋਂ ਇਲਾਵਾ ਮਾਛੀਵਾੜਾ ਦੇ ਆਸ-ਪਾਸ ਲੱਗੀਆਂ ਫੈਕਟਰੀਆਂ 'ਚ ਕੰਮ ਕਰਦੇ ਮਜ਼ਦੂਰਾਂ ’ਚ ਕੋਰੋਨਾ ਦੇ ਮਾਮਲੇ ਵੱਧਦੇ ਜਾ ਰਹੇ ਹਨ। ਸ਼ਹਿਰ ਨੇੜ੍ਹੇ ਹੀ ਚੱਲਦੀ ਇੱਕ ਛੋਟੀ ਜਿਹੀ ਫੈਕਟਰੀ ’ਚ ਕੰਮ ਕਰਦੇ 7 ਮੁਲਾਜ਼ਮ ਕੋਰੋਨਾ ਪਾਜ਼ੇਟਿਵ ਆ ਗਏ ਅਤੇ ਨਾਲ ਹੀ ਕੁਹਾੜਾ ਰੋਡ ’ਤੇ ਸਥਿਤ ਧਾਗਾ ਫੈਕਟਰੀਆਂ ’ਚ ਰੋਜ਼ਾਨਾ ਮਜ਼ਦੂਰ ਕੋਰੋਨਾ ਪਾਜ਼ੇਟਿਵ ਆ ਰਹੇ ਹਨ, ਜਿਸ ਤਹਿਤ ਪਿਛਲੇ 2 ਦਿਨਾਂ ਅੰਦਰ ਇਲਾਕੇ ’ਚ 15 ਤੋਂ ਵੱਧ ਕੋਰੋਨਾ ਕੇਸ ਸਾਹਮਣੇ ਆਏ। ਮਾਛੀਵਾੜਾ ਇਲਾਕੇ ’ਚ ਜਿੱਥੇ ਸਿਹਤ ਮਹਿਕਮੇ ਵੱਲੋਂ ਕੋਰੋਨਾ ਮਾਮਲਿਆਂ ਦੇ ਨਮੂਨਿਆਂ 'ਚ ਵਾਧਾ ਕੀਤਾ ਗਿਆ ਹੈ, ਉਥੇ ਵੱਧਦੇ ਮਰੀਜ਼ਾਂ ਦੀ ਗਿਣਤੀ ਵੀ ਚਿੰਤਾ ਦਾ ਵਿਸ਼ਾ ਬਣੀ ਹੈ, ਜਿਸ ਕਾਰਣ ਲੋਕਾਂ ਨੂੰ ਇਸ ਬੀਮਾਰੀ ਤੋਂ ਚੌਕਸ ਰਹਿਣ ਦੀ ਲੋੜ ਹੈ।
 
ਦੁਕਾਨਾਂ ਖੋਲ੍ਹ ਕੇ ਬੈਠੇ ਕੋਰੋਨਾ ਮਰੀਜ਼ਾਂ ਦੀ ਪੁਲਸ ਜਾਂਚ ’ਚ ਜੁੱਟੀ

ਮਾਛੀਵਾੜਾ ਸ਼ਹਿਰ ਨਾਲ ਸਬੰਧਿਤ ਇੱਕ ਪਰਿਵਾਰ ਦੇ 4 ਮੈਂਬਰ ਕੋਰੋਨਾ ਪਾਜ਼ੇਟਿਵ ਆ ਗਏ ਸਨ, ਜਿਨ੍ਹਾਂ ਨੂੰ ਸਿਹਤ ਮਹਿਕਮੇ ਨੇ 14 ਦਿਨਾਂ ਲਈ ਇਕਾਂਤਵਾਸ ਰਹਿਣ ਦੇ ਨਿਰਦੇਸ਼ ਦਿੱਤੇ ਹੋਏ ਸਨ। ਇਹ ਪਰਿਵਾਰ ਦੇ ਕੁਝ ਮੈਂਬਰ ਇਕਾਂਤਵਾਸ ਰਹਿਣ ਦੀ ਬਜਾਏ ਦੁਕਾਨਾਂ ਖੋਲ੍ਹ ਕੇ ਸਮਾਨ ਵੇਚਣ ਲੱਗ ਪਏ, ਜਿਸ ਦੀ ਸੂਚਨਾ ਮਾਛੀਵਾੜਾ ਪੁਲਸ ਨੂੰ ਦਿੱਤੀ ਗਈ। ਪੁਲਸ ਵੱਲੋਂ ਇਨ੍ਹਾਂ ਕੋਰੋਨਾ ਮਰੀਜ਼ਾਂ ਦੀਆਂ ਦੁਕਾਨਾਂ ਬੰਦ ਕਰਵਾ ਦਿੱਤੀਆਂ ਗਈਆਂ। ਥਾਣਾ ਮੁਖੀ ਰਾਓ ਵਰਿੰਦਰ ਸਿੰਘ ਨੇ ਦੱਸਿਆ ਕਿ ਸਿਹਤ ਮਹਿਕਮੇ ਤੋਂ ਇਹ ਦੁਕਾਨਾਂ ਖੋਲ੍ਹ ਕੇ ਬੈਠੇ ਮਰੀਜ਼ਾਂ ਦੀ ਜਾਣਕਾਰੀ ਲਈ ਜਾਵੇਗੀ ਕਿ ਉਨ੍ਹਾਂ ਇਕਾਂਤਵਾਸ ਦਾ ਸਮਾਂ ਪੂਰਾ ਕੀਤਾ ਹੈ ਜਾਂ ਨਹੀਂ। ਥਾਣਾ ਮੁਖੀ ਅਨੁਸਾਰ ਜੇਕਰ ਨਿਯਮਾਂ ਦੀ ਉਲੰਘਣਾ ਹੋਈ ਤਾਂ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ। 
 


author

Babita

Content Editor

Related News