'ਪ੍ਰਸ਼ਾਸਨ ਤੇ ਸਿਹਤ ਵਿਭਾਗ ਦੀ ਅਣਥੱਕ ਮਿਹਨਤ ਸਦਕਾ ਪੰਜਾਬ 'ਚ ਕੋਰੋਨਾ ਮੁਕਤ ਹੋਇਆ ਇਹ ਜ਼ਿਲ੍ਹਾ'

Wednesday, Apr 22, 2020 - 07:54 PM (IST)

ਚੰਡੀਗੜ੍ਹ\ਜਲੰਧਰ,( )- ਜ਼ਿਲ੍ਹਾ ਪ੍ਰਸ਼ਾਸਨ ਤੇ ਸਿਹਤ ਵਿਭਾਗ ਦੀ ਅਣਥੱਕ ਮਿਹਨਤ ਨਾਲ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਅੱਜ ਕੋਰੋਨਾ ਮੁਕਤ ਹੋਣ ਵਾਲਾ ਪੰਜਾਬ ਦਾ ਪਹਿਲਾ ਜ਼ਿਲ੍ਹਾ ਬਣ ਗਿਆ ਹੈ। ਕੋਰੋਨਾ ਪ੍ਰਭਾਵਿਤ ਇਸ ਜ਼ਿਲ੍ਹੇ ਦਾ ਅਠਾਰਵਾਂ ਮਰੀਜ਼ ਜਸਕਰਨ ਸਿੰਘ ਵੀ ਅੱਜ ਠੀਕ ਹੋਣ ਬਾਅਦ ਘਰ ਰਵਾਨਾ ਹੋ ਗਿਆ।
ਸ. ਬਲਬੀਰ ਸਿੰਘ ਸਿੱਧੂ ਨੇ ਸਿਹਤਯਾਬ ਹੋਏ ਮਰੀਜ਼ਾਂ ਨੂੰ ਤੰਦਰੁਸਤ ਜੀਵਨ ਦੀਆਂ ਸ਼ੁੱਭ ਕਾਮਨਾਵਾਂ ਦਿੰਦਿਆਂ ਕਿਹਾ ਕਿ ਇਹ ਸਾਰੇ ਵਿਅਕਤੀ ਹੁਣ ਕੋਰੋਨਾ ਪ੍ਰਭਾਵਿਤ ਮਰੀਜ਼ਾਂ ਲਈ ਪ੍ਰੇਰਣਾ ਦਾ ਸਰੋਤ ਹਨ ਕਿ ਹਿੰਮਤ ਤੇ ਆਤਮ-ਵਿਸ਼ਵਾਸ਼ ਨਾਲ ਘਾਤਕ ਬਿਮਾਰੀਆਂ ਨੂੰ ਵੀ ਇਨਸਾਨ ਹਰਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲੇ ਨੂੰ ਰੈੱਡ ਜ਼ੋਨ 'ਚੋਂ ਗ੍ਰੀਨ ਜ਼ੋਨ 'ਚ ਲਿਜਾਉਣ ਲਈ ਜ਼ਿਲਾ ਪ੍ਰਸ਼ਾਸਨ ਸਮੇਤ ਸਿਹਤ ਵਿਭਾਗ ਦੀਆਂ ਟੀਮਾਂ ਨੇ ਦਿਨ-ਰਾਤ ਕੰਮ ਕੀਤਾ ਤੇ ਜਿਸ ਲਈ ਵਿਧਾਇਕ ਅੰਗਦ ਸਿੰਘ, ਡਿਪਟੀ ਕਮਿਸ਼ਨਰ ਵਿਨੈ ਬਬਲਾਨੀ, ਐਸ ਐਸ ਪੀ ਅਲਕਾ ਮੀਨਾ, ਸਿਵਲ ਸਰਜਨ ਡਾ. ਰਜਿੰਦਰ ਪਰਸ਼ਾਦ ਵਧਾਈ ਦੇ ਪਾਤਰ ਹਨ ਜਿਨ੍ਹਾਂ ਦੀ ਅਗਵਾਈ ਅਧੀਨ ਸਾਰੇ ਮਰੀਜ਼ ਠੀਕ ਹੋਕੇ ਆਪਣੇ ਘਰ ਪਹੁੰਚੇ ਹਨ।
ਸਿਹਤ ਮੰਤਰੀ ਨੇ ਸ਼ਹੀਦ ਭਗਤ ਸਿੰਘ ਨਗਰ ਜ਼ਿਲੇ ਦੇ ਨਿਵਾਸੀਆਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਇਥੇ ਪੰਜਾਬ ਸਰਕਾਰ ਦੀਆਂ ਹਦਾਇਤਾਂ 'ਤੇ ਕਰਫਿਊ ਦੀ ਪਾਲਣਾ ਕੀਤੀ ਗਈ ਹੈ ਉਹ ਵੀ ਸਾਰੇ ਪੰਜਾਬ ਲਈ ਮਿਸਾਲ ਹੈ ਉਨ੍ਹਾਂ ਕਿਹਾ ਕਿ ਕੋਰੋਨਾ ਵਿਰੁੱਧ ਇਸ ਲੜਾਈ ਨੂੰ ਆਮ ਜਨਤਾ ਦੇ ਸਹਿਯੋਗ ਨਾਲ ਹੀ ਜਿੱਤਿਆ ਜਾ ਸਕਦਾ ਹੈ ਜੋ ਸ਼ਹੀਦ ਭਗਤ ਸਿੰਘ ਦੇ ਨਗਰ ਨੇ ਕਰਕੇ ਵਿਖਾਇਆ ਹੈ। ਸਿਹਤ ਵਿਭਾਗ ਦੀ ਮਿਸਾਲੀ ਕਾਰਗੁਜ਼ਾਰੀ ਨੂੰ ਉਜਾਗਰ ਕਰਦਿਆਂ ਉਨ੍ਹਾ ਦੱਸਿਆ ਕਿ 19 ਮਾਰਚ ਤੋਂ 26 ਮਾਰਚ ਤੱਕ ਇੱਕ ਦਮ ਆਏ 18 ਕੋਰੋਨਾ ਮਾਮਲਿਆਂ ਨਾਲ ਇਹ ਇਲਾਕਾ ਕੋਰੋਨਾ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ ਸੀ ਜਿਸ ਕਾਰਣ ਜ਼ਿਲਾ ਹਸਪਤਾਲ ਵਿਚ ਵੀ ਤਨਾਅ ਦਾ ਮਾਹੌਲ ਬਣ ਗਿਆ। ਜਿਸ ਉਪਰੰਤ ਵੱਡੀ ਗਿਣਤੀ ਵਿੱਚ ਮਰੀਜ਼ਾਂ ਨੂੰ ਮਿਆਰੀ ਇਲਾਜ ਸੇਵਾਵਾਂ ਮੁਹੱਈਆ ਕਰਵਾਉਣਾ ਇਕ ਚੁਨੌਤੀ ਬਣ ਗਿਆ ਸੀ ਪਰ ਜਿਸ ਤਰ੍ਹਾਂ ਬਹਾਦਰੀ ਅਤੇ ਸੰਜੀਦਗੀ ਨਾਲ ਮੈਡੀਕਲ ਤੇ ਪੈਰਾ-ਮੈਡੀਕਲ ਟੀਮਾਂ ਵਲੋਂ ਮਰੀਜ਼ਾਂ ਦਾ ਧਿਆਨ ਰੱਖਿਆ ਗਿਆ ਉਹ ਕਾਬਿਲੇ ਤਰੀਫ ਹੈ ਜੋ ਭਵਿੱਖ 'ਚ ਵੀ ਆਉਣ ਵਾਲੀਆਂ ਪੀੜੀਆਂ ਨੂੰ ਪ੍ਰੇਰਿਤ ਕਰਦਾ ਰਹੇਗਾ।
ਜ਼ਿਕਰਯੋਗ ਹੈ ਕਿ ਐਸ ਐਸ ਪੀ ਅਲਕਾ ਮੀਨਾ ਦੀ ਅਗਵਾਈ ਅਧੀਨ ਸਿਹਤ ਵਿਭਾਗ ਵੱਲੋਂ ਜ਼ਿਲਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ 'ਚ ਮਰੀਜ਼ਾਂ ਲਈ ਨਿਭਾਈਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਡਾਕਟਰਾਂ ਅਤੇ ਪੈਰਾ-ਮੈਡੀਕਲ ਸਟਾਫ ਤੇ ਫੁੱਲ਼ਾਂ ਦੀ ਵਰਖਾ ਕਰਕੇ ਤਾੜੀਆਂ ਨਾਲ ਧੰਨਵਾਦ ਵੀ ਕੀਤਾ ਗਿਆ।


Bharat Thapa

Content Editor

Related News