ਕੋਰੋਨਾ ਦੇ ਵੱਧਦੇ ਪ੍ਰਕੋਪ ਕਾਰਣ ਪ੍ਰਸ਼ਾਸਨ ਦਾ ਵੱਡਾ ਫ਼ੈਸਲਾ, ਚਾਰ ਦਿਨ ਲੱਗੇਗਾ ਸਖ਼ਤ ਲਾਕਡਾਊਨ

Friday, Jun 26, 2020 - 08:34 PM (IST)

ਗਿੱਦੜਬਾਹਾ/ਸ੍ਰੀ ਮੁਕਤਸਰ ਸਾਹਿਬ (ਕਟਾਰੀਆ, ਪਵਨ ਤਨੇਜਾ) : ਜ਼ਿਲ੍ਹੇ ਅੰਦਰ ਕੋਰੋਨਾ ਮਾਮਲਿਆਂ ਦੀ ਵੱਧਦੀ ਗਿਣਤੀ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੇ ਹਰਕਤ 'ਚ ਆਉਂਦਿਆਂ ਜ਼ਿਲ੍ਹੇ ਦੀ ਮੰਡੀ ਗਿੱਦੜਬਾਹਾ ਨੂੰ ਚਾਰ ਦਿਨਾਂ ਲਈ ਮੁਕੰਮਲ ਤੌਰ 'ਤੇ ਬੰਦ ਕਰਨ ਦਾ ਵੱਡਾ ਫ਼ੈਸਲਾ ਕੀਤਾ ਹੈ, ਕਿਉਂਕਿ ਗਿੱਦੜਬਾਹਾ ਵਿਖੇ ਇਕੋਂ ਪਰਿਵਾਰ ਦੇ 8 ਮੈਂਬਰਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ, ਜਿਸਨੂੰ ਲੈ ਕੇ ਇਲਾਕਾ ਨਿਵਾਸੀਆਂ 'ਚ ਡਰ ਅਤੇ ਸਹਿਮ ਦਾ ਮਾਹੌਲ ਹੈ। ਉਥੇ ਹੀ ਡਿਪਟੀ ਕਮਿਸ਼ਨਰ ਐੱਮ. ਕੇ, ਅਰਾਵਿੰਦ ਕੁਮਾਰ ਦੇ ਹੁਕਮਾਂ ਤਹਿਤ ਗਿੱਦੜਬਾਹਾ ਨੂੰ 26 ਜੂਨ ਨੂੰ ਦੁਪਹਿਰ 12 ਵਜੇ ਤੋਂ ਲੈ ਕੇ 30 ਜੂਨ ਸਵੇਰੇ 5 ਵਜੇ ਤੱਕ ਸੰਪੂਰਨ ਲਾਕਡਾਊਨ ਰਹੇਗਾ। 

ਇਹ ਵੀ ਪੜ੍ਹੋ : ਮੰਤਰੀਆਂ ਨਾਲ ਖਹਿਬੜਨ ਵਾਲੇ ਕਰਨ ਅਵਤਾਰ ਸਿੰਘ ਦੀ ਮੁੱਖ ਸਕੱਤਰ ਦੇ ਅਹੁਦੇ ਤੋਂ ਛੁੱਟੀ  

ਉਕਤ ਜਾਣਕਾਰੀ ਦਿੰਦਿਆਂ ਗਿੱਦੜਬਾਹਾ ਐੱਸ. ਡੀ. ਐੱਮ. ਓਮ ਪ੍ਰਕਾਸ਼ ਨੇ ਦੱਸਿਆ ਕਿ ਅਜਿਹਾ ਗਿੱਦੜਬਾਹਾ ਵਿਖੇ ਲਗਾਤਾਰ ਵੱਧ ਰਹੇ ਕੋਰੋਨਾ ਮਹਾਮਾਰੀ ਕਾਰਨ ਇਹਤਿਆਤ ਵਜੋਂ ਕੀਤਾ ਗਿਆ ਹੈ ਤਾਂ ਜੋ ਇਸ ਮਹਾਮਾਰੀ ਨੂੰ ਫੈਲ੍ਹਣ ਤੋਂ ਰੋਕਿਆ ਜਾ ਸਕੇ। ਐੱਸ. ਡੀ. ਐੱਮ. ਨੇ ਦੱਸਿਆ ਕਿ ਮੈਡੀਕਲ ਐਂਮਰਜੈਂਸੀ, ਦੁੱਧ ਸਪਲਾਈ ਅਤੇ ਆਰ. ਓ. ਪਾਣੀ ਵਾਲੇ ਆਪਣੀਆਂ ਸੇਵਾਵਾਂ ਦੇ ਸਕਣਗੇ। ਉਨ੍ਹਾਂ ਦੱਸਿਆ ਕਿ ਇਕੋ ਪਰਿਵਾਰ ਦੇ ਅੱਠ ਮੈਂਬਰਾਂ ਦੇ ਕੋਰੋਨਾ ਪਾਜ਼ੇਟਿਵ ਆਉਣ ਕਾਰਣ ਸੁਭਾਸ਼ ਨਗਰ ਦੀ ਗਲੀ ਨੰਬਰ 3 ਅਤੇ 4 ਨੂੰ ਪੂਰੀ ਤਰ੍ਹਾਂ ਨਾਲ ਸੀਲ ਕਰ ਦਿੱਤਾ ਗਿਆ ਹੈ ਅਤੇ ਇੰਨ੍ਹਾਂ ਦਾ ਇਕ ਮੈਂਬਰ ਵਿਪਨ ਸੇਠੀ ਜਿਸਦਾ ਕੋਰੋਨਾ ਪਾਜ਼ੇਟਿਵ ਆਇਆ ਸੀ, ਉਸਦਾ ਖ਼ਾਤਾ ਸੈਂਟਰਲ ਬੈਂਕ ਆਫ਼ ਇੰਡੀਆ ਵਿਚ ਹੋਣ ਕਰਕੇ ਉਹ ਬੈਂਕ ਸਟਾਫ਼ ਦੇ ਸੰਪਰਕ ਵਿਚ ਸੀ, ਇਸ ਲਈ ਸੈਂਟਰਲ ਬੈਂਕ ਆਫ਼ ਇੰਡੀਆ ਨੂੰ ਸੀਲ ਕਰਕੇ ਬੈਂਕ ਸਟਾਫ਼ ਨੂੰ 14 ਦਿਨਾਂ ਲਈ ਕੁਆਰੰਟਾਈਨ ਸੈਂਟਰ ਥੇਹੜੀ ਵਿਖੇ ਭੇਜ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਵੱਡੀ ਵਾਰਦਾਤ, ਕਾਂਗਰਸੀ ਕੌਸਲਰ ਦੇ ਘਰ 'ਤੇ ਹਮਲਾ, ਚੱਲੀਆਂ ਗੋਲੀਆਂ 

ਉਨ੍ਹਾਂ ਦੱਸਿਆ ਕਿ ਅਜੇ ਤੱਕ ਗਿੱਦੜਬਾਹਾ ਵਿਖੇ 11 ਪਾਜ਼ੇਟਿਵ ਕੇਸ ਆਏ ਹਨ। ਐੱਸ. ਡੀ. ਐੱਮ. ਨੇ ਦੱਸਿਆ ਕਿ ਭੋਗ ਅਤੇ ਅੰਤਿਮ ਅਰਦਾਸ ਘਰ ਵਿਚ ਹੀ ਕੀਤੀ ਜਾਵੇਗੀ ਤੇ ਇਸ ਵਿਚ 20 ਵਿਅਕਤੀਆਂ ਤੋਂ ਜ਼ਿਆਦਾ ਇਕੱਠ 'ਤੇ ਪੂਰਨ ਤੌਰ 'ਤੇ ਪਾਬੰਦੀ ਹੋਵੇਗੀ।


Gurminder Singh

Content Editor

Related News