ਨਾਕੇ ''ਤੇ ਤਾਇਨਾਤ ਏ. ਐੱਸ. ਆਈ. ਦੀ ਕਈ ਗੋਲੀਆਂ ਲੱਗਣ ਕਾਰਣ ਮੌਤ
Wednesday, Jun 10, 2020 - 06:23 PM (IST)
ਮੂਣਕ (ਸੈਣੀ) : ਕੋਰੋਨਾ ਮਹਾਮਾਰੀ ਸਬੰਧੀ ਲਗਾਏ ਗਏ ਅੰਤਰਰਾਜੀ ਨਾਕੇ ਕੜੈਲ ਵਿਖੇ ਤਾਇਨਾਤ ਸਹਾਇਕ ਥਾਣੇਦਾਰ (ਏ. ਐੱਸ. ਆਈ.) ਕ੍ਰਿਸ਼ਨ ਦੇਵ (51) ਦੀ ਸਰਵਸ ਕਾਰਬਾਈਨ 'ਚੋਂ ਅਚਾਨਕ ਕਈ ਗੋਲੀਆਂ ਚੱਲਣ ਨਾਲ ਮੌਤ ਹੋ ਗਈ। ਡੀ. ਐੱਸ. ਪੀ. ਬੂਟਾ ਸਿੰਘ ਗਿੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਹਾਇਕ ਥਾਣੇਦਾਰ ਕ੍ਰਿਸ਼ਨ ਦੇਵ ਪੁੱਤਰ ਗੁਰਦੇਵ ਸਿੰਘ ਵਾਸੀ ਸੇਖੁਵਾਸ (ਲਹਿਰਾ ਗਾਗਾ) ਜੋ ਕਿ ਮਹਿਲਾ ਚੌਂਕ ਥਾਣੇ ਵਿਚ ਤਾਇਨਾਤ ਸੀ ਅਤੇ ਹੁਣ ਉਹ ਕੋਰੋਨਾ ਮਹਾਮਾਰੀ ਸੰਬੰਧੀ ਪਹਿਲਾਂ ਡਿਊਟੀ ਖਨੌਰੀ ਥਾਣੇ 'ਚ ਤਾਇਨਾਤ ਸੀ ਅਤੇ ਕੱਲ੍ਹ ਹੀ ਅੰਤਰਰਾਜੀ ਨਾਕੇ ਕੜੈਲ ਵਿਖੇ ਡਿਊਟੀ 'ਤੇ ਹਾਜ਼ਰ ਹੋਇਆ ਸੀ।
ਇਹ ਵੀ ਪੜ੍ਹੋ : ਪਠਾਨਕੋਟ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 'ਚ ਭਾਰੀ ਵਾਧਾ, 19 ਨਵੇਂ ਮਾਮਲੇ ਆਏ ਸਾਹਮਣੇ
ਬੁੱਧਵਾਰ ਸਵੇਰੇ ਜਦੋਂ ਉਹ ਸਮੇਤ ਅਸਲਾ ਡਿਊਟੀ 'ਤੇ ਤਾਇਨਾਤ ਸੀ ਤਾਂ ਕ੍ਰਿਸ਼ਨ ਦੇਵ ਦੀ ਸਰਵਸ ਕਾਰਬਾਈਨ 'ਚੋਂ ਅਚਾਨਕ ਕਈ ਗੋਲੀਆਂ ਚੱਲਣ ਕਾਰਨ ਉਸਦੀ ਮੌਕੇ 'ਤੇ ਮੌਤ ਹੋ ਗਈ। ਉਨ੍ਹਾਂ ਦੱਸਿਆ ਇਸ ਸਬੰਧੀ ਸਾਰਾ ਮਾਮਲਾ ਐੱਸ. ਐੱਸ. ਪੀ. ਡਾ. ਸੰਦੀਪ ਗਰਗ ਦੇ ਧਿਆਨ 'ਚ ਲਿਆ ਦਿੱਤਾ ਗਿਆ ਹੈ। ਥਾਣਾ ਮੁਖੀ ਗੁਰਮੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਕ੍ਰਿਸ਼ਨ ਦੇਵ ਦੇ ਭਰਾ ਲਛਮਣ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਧਾਰਾ 174 ਅਧੀਨ ਕਾਰਵਾਈ ਕਰਦਿਆਂ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਰਸਾਂ ਦੇ ਹਵਾਲੇ ਕਰ ਦਿੱਤੀ ਹੈ।
ਮ੍ਰਿਤਕ ਆਪਣੇ ਪਿੱਛੇ ਦੋ ਲੜਕੇ ਲਖਦੀਪ ਸਿੰਘ (ਜੋ ਫੌਜ ਵਿਚ ਨੌਕਰੀ ਕਰਦਾ ਹੈ) ਗੁਰਜਿੰਦਰ ਸਿੰਘ ਅਤੇ ਪਤਨੀ ਕਰਮਜੀਤ ਕੌਰ ਨੂੰ ਛੱਡ ਗਿਆ ਹੈ। ਇਸ ਬੇਵਕਤੀ ਮੌਤ ਨੂੰ ਲੈ ਕੇ ਡੀ. ਐੱਸ. ਪੀ. ਬੂਟਾ ਸਿੰਘ ਗਿੱਲ ਤੋਂ ਇਲਾਵਾ ਮੂਣਕ, ਖਨੌਰੀ ਥਾਣੇ ਦੇ ਸਟਾਫ, ਪਿੰਡ ਕੜੈਲ ਦੇ ਸਰਪੰਚ ਆਦਿ ਨੇ ਗਹਿਰੇ ਦੁਖ ਦਾ ਪ੍ਰਗਟਾਵਾ ਕੀਤਾ ਹੈ।
ਇਹ ਵੀ ਪੜ੍ਹੋ : ਗੁਰਦਾਸਪੁਰ 'ਚ ਕੋਰੋਨਾ ਨੇ ਮਚਾਈ ਤੜਥੱਲੀ, 13 ਨਵੇਂ ਮਾਮਲੇ ਆਏ ਸਾਹਮਣੇ