ਪੰਜਾਬ ਸਰਕਾਰ ਦੇ ਹੁਕਮਾਂ ਮਗਰੋਂ ਜ਼ਿਲ੍ਹਾ ਪ੍ਰਸ਼ਾਸਨ ਸਖ਼ਤ, ਲੋਕਾਂ ਨੂੰ ਸਾਵਧਾਨੀ ਵਰਤਣ ਦੀ ਸਲਾਹ
Thursday, Jan 06, 2022 - 11:48 AM (IST)
ਮੋਗਾ (ਗੋਪੀ ਰਾਊਕੇ) : ਦੇਸ਼ ਭਰ ਵਿਚ ਕੋਰੋਨਾ ਦੀ ਤੀਜੀ ਲਹਿਰ ਦੇ ਖ਼ਤਰੇ ਮਗਰੋਂ ਪੰਜਾਬ ਸਰਕਾਰ ਵਲੋਂ ਦਿੱਤੇ ਸਖ਼ਤ ਨਿਰਦੇਸ਼ਾਂ ਨੂੰ ਅਮਲੀਜਾਮਾ ਪਹਿਨਾਉਂਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਮੋਗਾ ਨੇ ਕੋਰੋਨਾ ਤਹਿਤ ਨਵੀਆਂ ਪਾਬੰਦੀਆਂ ਲਗਾਉਣ ਦੇ ਨਿਰਦੇਸ਼ ਜਾਰੀ ਕਰ ਦਿੱਤੇ ਹਨ। ਜ਼ਿਕਰਯੋਗ ਹੈ ਕਿ ਬੀਤੇ ਦਿਨ ਦੇਸ਼ ਭਰ ਵਿਚ 33 ਹਜ਼ਾਰ ਤੋਂ ਜਿਆਦਾ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੇ ਕੇਸ ਸਾਹਮਣੇ ਆਉਣ ਮਗਰੋਂ ਸੂਬਾ ਸਰਕਾਰਾਂ ਨੂੰ ‘ਹੱਥਾਂ-ਪੈਰਾਂ’ ਦੀ ਪਈ ਹੈ। ਇਸ ਮਗਰੋਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਸਰਕਾਰ ਨੇ ਇਸ ਮਾਮਲੇ ’ਤੇ ਸਖ਼ਤ ਨਿਰਦੇਸ਼ ਜਾਰੀ ਕੀਤੇ ਹਨ। ਡਿਪਟੀ ਕਮਿਸ਼ਨਰ ਮੋਗਾ ਹਰੀਸ਼ ਨਈਅਰ ਨੇ 15 ਜਨਵਰੀ ਤੱਕ ਪਾਬੰਦੀਆਂ ਲਗਾਈਆਂ ਹਨ।
ਉਨ੍ਹਾਂ ਦੱਸਿਆ ਕਿ ਸਾਰੇ ਵਿਅਕਤੀਆਂ ਨੂੰ ਮਾਸਕ ਪਹਿਨਣਾ ਲਾਜ਼ਮੀ ਹੋਵੇਗਾ। ਸਮਾਜਿਕ ਦੂਰੀ ਦੀ ਪਾਲਣਾ ਵੀ ਜ਼ਰੂਰੀ ਹੋਵੇਗੀ, ਜਿਹੜੀ ਕਿ 6 ਫੁੱਟ ਤੈਅ ਕੀਤੀ ਗਈ ਹੈ। ਰਾਤ 10 ਤੋਂ ਸਵੇਰੇ 5 ਵਜੇ ਤੱਕ ਰਾਤ ਦਾ ਕਰਫ਼ਿਊ ਲੱਗੇਗਾ। ਸਾਰੀਆਂ ਵਿੱਦਿਅਕ ਸੰਸਥਾਵਾਂ ਜਿਵੇਂ ਕਿ ਸਕੂਲ, ਕਾਲਜ, ਯੂਨੀਵਰਸਿਟੀਆਂ, ਕੋਚਿੰਗ ਸੈਂਟਰ ਆਦਿ ਫਿਲਹਾਲ ਬੰਦ ਰਹਿਣਗੇ। ਆਨਲਾਈਨ ਟੀਚਿੰਗ ਜਾਰੀ ਰਹੇਗੀ। ਮੈਡੀਕਲ ਨਾਲ ਸਬੰਧਿਤ ਸੰਸਥਾਵਾਂ ਖੁੱਲ੍ਹੀਆਂ ਰਹਿਣਗੀਆਂ। ਉਨ੍ਹਾਂ ਦੱਸਿਆ ਕਿ ਸਾਰੇ ਬਾਰਜ਼, ਸਿਨੇਮਾ ਹਾਲ, ਮਲਟੀਪਲੈਕਸ, ਮਾਲਜ਼, ਰੈਸਟੋਰੈਂਟ, ਸਪਾਜ਼, ਮਿਊਜ਼ੀਅਮ, ਜੂਅ, 50 ਫ਼ੀਸਦੀ ਸਮਰੱਥਾ ਨਾਲ ਖੁੱਲ੍ਹਣ ਦੀ ਮਨਜ਼ੂਰੀ ਹੋਵੇਗੀ ਅਤੇ ਸਾਰੇ ਸਟਾਫ਼ ਦੇ ਫੁਲ ਵੈਕਸੀਨੇਸ਼ਨ ਲੱਗਣੀ ਜ਼ਰੂਰੀ ਹੈ। ਸਾਰੇ ਸਪੋਰਟਸ ਕੰਪਲੈਕਸ, ਸਟੇਡੀਅਮ, ਸਵਿਮਿੰਗ ਪੂਲਜ਼, ਜਿੰਮ ਫਿਲਹਾਲ ਬੰਦ ਰਹਿਣਗੇ। ਏ. ਸੀ. ਬੱਸਾਂ ਨੂੰ ਵੀ 50 ਫ਼ੀਸਦੀ ਸਮਰੱਥਾ ਨਾਲ ਚਲਾਉਣ ਦੀ ਮਨਜ਼ੂਰੀ ਹੋਵੇਗੀ।