ਕੋਰੋਨਾ ਨੇ ਮਾਲੇਰਕੋਟਲਾ ’ਚ ਮਚਾਇਆ ਮੌਤ ਦਾ ਕਹਿਰ, 4 ਦਿਨਾਂ ’ਚ ਤੀਜੀ ਮੌਤ
Sunday, Jun 14, 2020 - 02:16 AM (IST)
ਮਾਲੇਰਕੋਟਲਾ, (ਸ਼ਹਾਬੂਦੀਨ/ਜ਼ਹੂਰ)- ਲੰਘੀ ਕੱਲ ਮਾਲੇਰਕੋਟਲਾ ਵਾਸੀ ਕੋਰੋਨਾ ਪੀੜਤ ਮਹਿਲਾ ਬਿਮਲਾ ਦੇਵੀ ਦੀ ਲੁਧਿਆਣਾ ਦੇ ਇਕ ਪ੍ਰਾਈਵੇਟ ਹਸਪਤਾਲ ’ਚ ਇਲਾਜ ਦੌਰਾਨ ਹੋਈ ਮੌਤ ਤੋਂ ਬਾਅਦ ਮਾਲੇਰਕੋਟਲਾ ਦੇ ਮੁਹੱਲਾ ਚੋਰਮਾਰਾਂ ਅੰਦਰੂਨ ਸੁਨਾਮੀ ਗੇਟ ਦੇ ਵਸਨੀਕ ਕੋਰੋਨਾ ਪੀੜਤ 65 ਸਾਲਾ ਨਸੀਰ ਅਹਿਮਦ ਨੇ ਵੀ ਪਟਿਆਲਾ ਦੇ ਰਾਜਿੰਦਰਾ ਹਸਪਤਾਲ ’ਚ ਕੋਰੋਨਾ ਦੀ ਮਹਾਮਾਰੀ ਨਾਲ ਜ਼ਿਦਗੀ ਤੇ ਮੌਤ ਦੀ ਲੜਾਈ ਲੜਦੇ ਹੋਏ ਅੱਜ ਸਵੇਰੇ ਆਖਰਕਾਰ ਦਮ ਤੋੜ ਦਿੱਤਾ ਹੈ। ਪਿਛਲੇ ਲਗਾਤਾਰ ਚਾਰ ਦਿਨਾਂ ’ਚ ਇਹ ਕੋਰੋਨਾ ਵਾਇਰਸ ਨਾਲ ਤੀਜੀ ਮੌਤ ਹੋਈ ਹੈ। ਮ੍ਰਿਤਕ ਨਸੀਰ ਅਹਿਮਦ ਦੀਆਂ ਅੰਤਿਮ ਰਸਮਾਂ ਪੂਰੀਆਂ ਕਰਨ ਲਈ ਅੱਜ ਦੁਪਹਿਰੇ ਜਿਉਂ ਹੀ ਉਸਦੀ ਲਾਸ਼ ਨੂੰ ਪਟਿਆਲਾ ਤੋਂ ਐਂਬੂਲੈਂਸ ਰਾਹੀਂ ਸਿੱਧਾ ਮਾਲੇਰਕੋਟਲਾ ਦੀ ਛੋਟੀ ਈਦਗਾਹ ਨੇੜਲੇ ਕਬਰਿਸਤਾਨ ਲਿਆਂਦਾ ਗਿਆ ਤਾਂ ਵੱਡੀ ਗਿਣਤੀ ਲੋਕ ਉਥੇ ਪੁੱਜਣੇ ਸ਼ੁਰੂ ਹੋ ਗਏ। ਜਿਥੇ ਮਾਸਟਰ ਸ਼ਈਅਦ ਸਾਹਿਬ ਵੱਲੋਂ ਸੋਸ਼ਲ ਡਿਸਟੈਂਸ ਰੱਖਦੇ ਹੋਏ ਮ੍ਰਿਤਕ ਨਸੀਰ ਅਹਿਮਦ ਦੇ ਜਨਾਜ਼ੇ ਦੀ ਨਮਾਜ਼ ਅਦਾ ਕਰਵਾਉਣ ਉਪਰੰਤ ਡਿਊਟੀ ਮੈਜਿਸਟ੍ਰੇਟ ਤਹਿਸੀਲਦਾਰ ਬਾਦਲ ਦੀਨ ਅਤੇ ਸਿਵਲ ਹਸਪਤਾਲ ਦੇ ਡਾਕਟਰ ਸੁਖਵਿੰਦਰ ਸਿੰਘ ਦੀ ਦੇਖ-ਰੇਖ ਹੇਠ ਮ੍ਰਿਤਕ ਨੂੰ ਸਪੁਰਦ-ਏ-ਖਾਕ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਮਾਲੇਰਕੋਟਲਾ ’ਚ ਅੱਜ ਦੋ ਦਰਜਨ ਦੇ ਕਰੀਬ ਕੋਰੋਨਾ ਪਾਜ਼ੇਟਿਵ ਕੇਸ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ’ਚੋਂ ਇਕ ਮਹਿਲਾ ਸਮੇਤ ਤਿੰਨ ਪੀੜਤਾਂ ਦੀ ਮੌਤ ਹੋ ਚੁੱਕੀ ਹੈ।