ਭਾਰਤ ਵਿਚ ਹੁਣ ਵੱਡੀ ਪੱਧਰ ’ਤੇ ਸਾਹਮਣੇ ਆਉਣਗੇ ‘ਕੋਰੋਨਾ ਦੇ ਕੇਸ’

Thursday, Apr 16, 2020 - 07:47 PM (IST)

ਭਾਰਤ ਵਿਚ ਹੁਣ ਵੱਡੀ ਪੱਧਰ ’ਤੇ ਸਾਹਮਣੇ ਆਉਣਗੇ ‘ਕੋਰੋਨਾ ਦੇ ਕੇਸ’

ਜਗਬਾਣੀ ਵਿਸ਼ੇਸ਼ ਰਿਪੋਰਟ (ਜਸਬੀਰ ਵਾਟਾਂਵਾਲੀ) ਭਾਰਤ ਵਿਚ ਕੋਰੋਨਾ ਵਾਇਰਸ ਦਾ ਕਹਿਰ ਕਾਫੀ ਤੇਜ਼ੀ ਨਾਲ ਵਧ ਰਿਹਾ ਹੈ। ਹੁਣ ਤੱਕ ਇਸ ਵਾਇਰਸ ਦੀ ਲਪੇਟ ਵਿਚ 12 ਹਜ਼ਾਰ ਤੋਂ ਵਧੇਰੇ ਲੋਕ ਆ ਚੁੱਕੇ ਹਨ। ਇਸ ਦੇ ਨਾਲ-ਨਾਲ ਇਹ ਵਾਇਰਸ 400 ਤੋਂ ਵਧੇਰੇ ਲੋਕਾਂ ਦੀ ਜਾਨ ਵੀ ਲੈ ਚੁੱਕਾ ਹੈ। ਦੂਜੇ ਦੇਸ਼ਾਂ ਦੇ ਮੁਕਾਬਲੇ ਭਾਰਤ ਵਿਚ ਇਹ ਵਾਇਰਸ ਭਾਵੇਂ ਕਿ ਦੇਰੀ ਨਾਲ ਫੈਲਣਾ ਸ਼ੁਰੂ ਹੋਇਆ ਪਰ ਹੁਣ ਇਸਨੇ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਕੁਝ ਲੋਕਾਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਭਾਰਤ ਵਿਚ ਇਹ ਵਾਇਰਸ ਵੱਡੀ ਪੱਧਰ ’ਤੇ ਫੈਲ ਚੁੱਕਾ ਪਰ ਟੈਸਟ ਸੁਵਿਧਾ ਉਪਲੱਭਦ ਨਾ ਹੋਣ ਕਾਰਨ ਪੀੜਤ ਮਰੀਜ਼ਾਂ ਦੀ ਸਹੀ ਗਿਣਤੀ ਸਾਹਮਣੇ ਨਹੀਂ ਆ ਰਹੀ।

PunjabKesari

ਇਸ ਖਾਸ ਰਿਪੋਰਟ ਵਿਚ ਪੜ੍ਹੋ, ਬੱਚਿਆਂ ਲਈ ਸੈਨੇਟਾਈਜ਼ਰ ਵਰਤੋਂ ਕਿੰਨੀ ਕੁ ਖਤਰਨਾਕ ?

 ਕੁਝ ਦਿਨ ਪਹਿਲਾਂ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਮਲਨਾਥ ਨੇ ਕਿਹਾ ਹੈ ਕਿ ਦੇਸ਼ ਵਿਚ ਕੋਰੋਨਾ ਦੇ ਮਰੀਜ਼ਾਂ ਸਥਿਤੀ ਬਹੁਤ ਭਿਆਨਕ ਹੈ ਪਰ ਸਾਡੇ ਕੋਲ ਕੋਰੋਨਾ ਟੈਸਟਿੰਗ ਦੀਆਂ ਮੁਕੰਮਲ ਸਹੂਲਤਾਂ ਨਹੀਂ ਹਨ। ਸ਼ਾਇਦ ਇਸੇ ਲਈ ਅਸਲੀ ਤਸਵੀਰ ਸਾਹਮਣੇ ਨਹੀਂ ਆ ਰਹੀ। ਟੈਸਟਿੰਗ ਕਿੱਟ ਨੂੰ ਲੈ ਕੇ ਕਮਲਨਾਥ ਨੇ ਮੋਦੀ ਸਰਕਾਰ ’ਤੇ ਨਿਸ਼ਾਨਾ ਸਾਧਦਿਆਂ ਇਹ ਵੀ ਕਿਹਾ ਸੀ ਕਿ ਸਰਕਾਰ ਨੇ ਤਾਂ ਕੋਰੋਨਾ ਵਰਗੀ ਮਹਾਮਾਰੀ ਦਾ ਮਜ਼ਾਕ ਬਣਾ ਕੇ ਰੱਖ ਦਿੱਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ 90 ਫੀਸਦੀ ਟੈਸਟਿੰਗ ਕਿੱਟਾਂ ਚੀਨ ਤੋਂ ਆਉਂਦੀਆਂ ਹਨ ਪਰ ਜੇਕਰ ਸਰਕਾਰ ਨੇ ਪਹਿਲਾਂ ਆਰਡਰ ਦਿੱਤੇ ਹੁੰਦੇ ਤਾਂ ਦੂਜੇ ਦੇਸ਼ਾਂ ਵਾਂਗੂ ਸਾਨੂੰ ਵੀ ਇਹ ਕਿੱਟਾਂ ਪਹਿਲਾਂ ਮਿਲ ਜਾਂਦੀਆਂ। ਕਾਂਗਰਸ ਪ੍ਰਮੁੱਖ ਰਾਹੁਲ ਗਾਂਧੀਂ ਨੇ ਵੀ ਅੱਜ ਪੀ. ਐੱਮ. ਮੋਦੀ ਦੇ ਕੋਰੋਨਾ ਖਿਲਾਫ ਕੀਤੇ ਗਏ ਯਤਨਾਂ ਨੂੰ ਨਾਕਾਫੀ ਦੱਸਿਆ ਹੈ ਅਤੇ ਟੈਸਟਿੰਗ ਕਿੱਟਾਂ ਦੀ ਅਣਹੋਂਦ ਨੂੰ ਸਰਕਾਰ ਦੀ ਨਾਕਾਮੀ ਕਿਹਾ।

ਅੱਜ ਭਾਰਤ ਪੁੱਜੀਆਂ ਸਾਢੇ 6 ਲੱਖ ਦੇ ਕਰੀਬ ਟੈਸਟਿੰਗ ਕਿੱਟਾਂ
 ਵਾਇਰਸ ਨਾਲ ਪੀੜਤ ਮਰੀਜ਼ਾਂ ਦੀ ਪਛਾਣ ਕਰਨ ਲਈ ਭਾਰਤ ਨੇ ਅੱਜ ਚੀਨ ਤੋਂ ਕਰੀਬ ਸਾਢੇ 6 ਲੱਖ ਟੈਸਟਿੰਗ ਕਿੱਟ ਮੰਗਵਾ ਲਈਆਂ ਹਨ। ਸਿਹਤ ਮਾਹਰਾਂ ਦਾ ਮੰਨਣਾ ਹੈ ਕਿ ਇਹ ਟੈਸਟਿੰਗ ਕਿੱਟਾਂ ਕੋਰੋਨਾ ਵਾਇਰਸ ਨਾਲ ਲੜਨ ਲਈ ਮਹੱਤਵਪੂਰਨ ਹੱਥਿਆਰ ਸਾਬਿਤ ਹੋਣਗੀਆਂ। ਸੂਤਰਾਂ ਮੁਤਾਬਕ ਭਾਰਤ ਨੇ ਇਨ੍ਹਾਂ ਟੈਸਟਿੰਗ ਕਿੱਟਾਂ ਨੂੰ ਚੀਨ ਦੀ ਕੰਪਨੀ ਕੋਲੋਂ ਖਰੀਦਿਆ ਹੈ, ਨਾ ਕਿ ਚੀਨ ਨੇ ਇਨ੍ਹਾਂ ਕਿੱਟਾਂ ਨੂੰ ਸਹਾਇਤਾ ਦੇ ਤੌਰ ’ਤੇ ਭੇਜਿਆ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਦੂਜੇ ਦੇਸ਼ਾਂ ਵਾਂਗ ਭਾਰਤ ਵੀ ਕੋਰੋਨਾ ਵਿਰੁੱਧ ਲੜਾਈ ਲੜਨ ਲਈ ਮੈਡੀਕਲ ਉਪਕਰਣਾਂ ਦੀ ਘਾਟ ਨਾਲ ਜੂਝ ਰਿਹਾ ਸੀ। ਹੁਣ ਇਨ੍ਹਾਂ ਕਿੱਟਾਂ ਦੇ ਆਉਣ ਨਾਲ ਕੋਰੋਨਾ ਵਾਇਰਸ ਖਿਲਾਫ ਲੜਾਈ ਵਿਚ ਕਾਫੀ ਤੇਜ਼ੀ ਆਵੇਗੀ। ਇਹ ਰੈਪਿਡ ਟੈਸਟਿੰਗ ਕਿੱਟਾਂ ਪਹਿਲਾਂ 5 ਅਪ੍ਰੈਲ ਨੂੰ ਆਉਣ ਵਾਲੀਆਂ ਸਨ ਪਰ ਬਾਅਦ ਵਿਚ ਡਿਲਿਵਰੀ ਦੀ ਤਰੀਕ ਅੱਗੇ ਪਾ ਦਿੱਤੀ ਗਈ।

ਹੁਣ ਕੋਰੋਨਾ ਕੇਸਾਂ ਵਿਚ ਆਵੇਗੀ ਵੱਡੀ ਤੇਜ਼ੀ
ਇਸ ਤੋਂ ਪਹਿਲਾਂ ਭਾਰਤ ਵਿਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦਾ ਪਤਾ ਲਗਾਉਣ ਲਈ ਆਰਟੀ-ਪੀਸੀਆਰ ਟੈਸਟ ਕੀਤਾ ਜਾ ਰਿਹਾ ਸੀ। ਇਸ ਟੈਸਟ ਨਾਲ 5 ਘੰਟਿਆਂ ਵਿਚ ਪਤਾ ਲਗਦਾ ਸੀ ਕਿ ਵਿਅਕਤੀ ਕੋਰੋਨਾ ਪੀੜਤ ਹੈ ਜਾਂ ਨਹੀਂ। ਹੁਣ ਇਸ ਕਿੱਟ ਨਾਲ ਨਤੀਜ਼ਿਆਂ ਵਿਚ ਵੱਡੀ ਤੇਜ਼ੀ ਆਵੇਗੀ ਕਿਉਂਕਿ ਕਿ ਇਸ ਟੈਸਟ ਕਿੱਟ ਨਾਲ 30 ਮਿੰਟਾਂ ਵਿੱਚ ਨਤੀਜਾ ਆ ਜਾਂਦਾ ਹੈ। ਇਸ ਸਭ ਦੇ ਮੱਦੇਨਜ਼ਰ ਹੁਣ ਭਾਰਤ ਵਿਚ ਕੋਰੋਨਾ ਪੀੜਤ ਮਰੀਜ਼ਾਂ ਦੀ ਟੈਸਟਿੰਗ ਵਿੱਚ ਵੱਡੀ ਤੇਜ਼ੀ ਆਵੇਗੀ, ਜਿਸ ਨਾਲ ਪਾਜਿਟਿਵ ਕੇਸਾਂ ਦੀ ਗਿਣਤੀ ਵੀ ਤੇਜ਼ੀ ਨਾਲ ਵਧੇਗੀ।

PunjabKesariਇਸ ਦੇ ਨਾਲ-ਨਾਲ ਪਿਛਲੇ ਸਮੇਂ ਦੌਰਾਨ ਇਨ੍ਹਾਂ ਟੈਸਟਿੰਗ ਕਿੱਟਾਂ ਦੀ ਗੁਣਵੱਤਾ ਅਤੇ ਜਾਂਚ ’ਤੇ ਵੀ ਸਵਾਲ ਉੱਠੇ ਸਨ। ਜੇਕਰ ਇਨ੍ਹਾਂ ਟੈਸਟਿੰਗ ਕਿੱਟਾਂ ਦੀ ਜਾਂਚ ਅਤੇ ਗੁਣਵੱਤਾ ਵਿਚ ਕੋਈ ਕਮੀ ਪਾਈ ਜਾਂਦੀ ਹੈ ਤਾਂ ਵੀ ਕੇਸਾਂ ਅਤੇ ਪੀੜਤ ਮਰੀਜ਼ਾਂ ਦਾ ਅੰਕੜਾ ਵੱਡੀ ਪੱਧਰ ’ਤੇ ਪਰਭਾਵਿਤ ਹੋਵੇਗਾ।

ਇਸ ਖਾਸ ਰਿਪੋਰਟ ਵਿਚ ਪੜ੍ਹੋ ਲਾਕਡਾਊਨ ਨਾਲ ਹੋਵੇਗਾ ਭਾਰਤ ਦਾ ਕਿੰਨਾ ਵੱਡਾ ਨੁਕਸਾਨ

ਇਹ ਵੀ ਪੜ੍ਹੋ : ਨਹੀਂ ਰੁਕ ਰਿਹਾ ਕੋਰੋਨਾ, 20 ਲੱਖ ਤੋਂ ਟੱਪੀ ਪੀੜਤ ਮਰੀਜ਼ਾਂ ਦੀ ਗਿਣਤੀ


author

jasbir singh

News Editor

Related News