ਲੁਧਿਆਣਾ ''ਚ ਵੱਧਣ ਲੱਗੇ ਕੋਰੋਨਾ ਦੇ ਕੇਸ, ਬਣਾਏ ਗਏ 4 ਨਵੇਂ ਮਾਈਕ੍ਰੋ ਕੰਟੇਨਮੈਂਟ ਜ਼ੋਨ

Wednesday, Oct 20, 2021 - 03:50 PM (IST)

ਲੁਧਿਆਣਾ ''ਚ ਵੱਧਣ ਲੱਗੇ ਕੋਰੋਨਾ ਦੇ ਕੇਸ, ਬਣਾਏ ਗਏ 4 ਨਵੇਂ ਮਾਈਕ੍ਰੋ ਕੰਟੇਨਮੈਂਟ ਜ਼ੋਨ

ਲੁਧਿਆਣਾ (ਨਰਿੰਦਰ) : ਲੁਧਿਆਣਾ 'ਚ ਕੋਰੋਨਾ ਵਾਇਰਸ ਦੇ ਮਾਮਲੇ ਮੁੜ ਤੋਂ ਵਧਣ ਲੱਗੇ ਹਨ। ਬੀਤੇ ਦਿਨ ਕੋਰੋਨਾ ਵਾਇਰਸ ਦੇ 6 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚੋਂ 4 ਲੁਧਿਆਣਾ ਜ਼ਿਲ੍ਹੇ ਨਾਲ ਸਬੰਧਿਤ ਹਨ, ਜਦੋਂ ਕਿ 2 ਕੇਸ ਬਾਹਰਲੇ ਜ਼ਿਲ੍ਹਿਆਂ ਨਾਲ ਸਬੰਧਿਤ ਦੱਸੇ ਜਾ ਰਹੇ ਹਨ। ਸਿਰਫ ਇੰਨਾ ਹੀ ਨਹੀਂ, ਬੀਤੇ ਦਿਨ ਕੋਰੋਨਾ ਨਾਲ 2 ਮਰੀਜ਼ਾਂ ਦੀ ਮੌਤ ਵੀ ਹੋਈ ਹੈ। ਇਨ੍ਹਾਂ ਵਿੱਚੋਂ ਇੱਕ ਮਰੀਜ਼ ਲੁਧਿਆਣਾ ਅਤੇ ਇਕ ਬਾਹਰਲੇ ਜ਼ਿਲ੍ਹੇ ਨਾਲ ਸਬੰਧਿਤ ਦੱਸਿਆ ਜਾ ਰਿਹਾ ਹੈ।

ਕੋਰੋਨਾ ਦੇ ਵੱਧਦੇ ਕੇਸਾਂ ਦੇ ਮੱਦੇਨਜ਼ਰ ਲੁਧਿਆਣਾ ਸਿਹਤ ਮਹਿਕਮੇ ਵੱਲੋਂ 4 ਮਾਈਕ੍ਰੋ ਕੰਟੇਨਮੈਂਟ ਜ਼ੋਨ ਬਣਾ ਦਿੱਤੇ ਗਏ ਹਨ। ਬੀ. ਆਰ. ਐੱਸ ਨਗਰ ਬੀ-ਬਲਾਕ, ਦੁੱਗਰੀ ਅਰਬਨ ਅਸਟੇਟ, ਜਨਪਥ ਫਾਰਮ, ਚੰਦਰਨਗਰ 'ਚ ਮਾਈਕ੍ਰੋ ਕੰਟੇਨਮੈਂਟ ਜ਼ੋਨ ਬਣਾਏ ਗਏ ਹਨ। ਇਸ ਤੋਂ ਇਲਾਵਾ ਸਿਹਤ ਮਹਿਕਮੇ ਵੱਲੋਂ ਕਿਹਾ ਗਿਆ ਹੈ ਕਿ ਜੇਕਰ ਇਸੇ ਤਰ੍ਹਾਂ ਲੋਕ ਕੋਰੋਨਾ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਰਹੇ ਤਾਂ ਕੇਸ ਆਉਣ ਵਾਲੇ ਦਿਨਾਂ 'ਚ ਹੋਰ ਵੱਧ ਜਾਣਗੇ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਲੁਧਿਆਣਾ ਦੇ ਕੋਰੋਨਾ ਮਹਾਮਾਰੀ ਇੰਚਾਰਜ ਡਾ. ਸਾਹਿਲ ਵਰਮਾ ਨੇ ਦੱਸਿਆ ਕਿ ਦੋ ਤੋਂ ਤਿੰਨ ਕੇਸ ਰੋਜ਼ਾਨਾ ਆਉਣ ਲੱਗ ਗਏ ਹਨ ਅਤੇ ਬੀਤੇ ਹਫ਼ਤੇ ਤੋਂ ਇਹ ਕੇਸ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਹੁਣ ਲੱਗ ਰਿਹਾ ਹੈ ਕਿ ਕੋਰੋਨਾ ਮਹਾਮਾਰੀ ਖ਼ਤਮ ਹੋ ਚੁੱਕੀ ਹੈ ਪਰ ਅਜਿਹਾ ਕੁੱਝ ਵੀ ਨਹੀਂ ਹੈ। ਉਨ੍ਹਾਂ ਕਿਹਾ ਕਿ ਲੋਕ ਵੱਧ ਤੋਂ ਵੱਧ ਸਾਵਧਾਨੀ ਵਰਤਣ। ਉਨ੍ਹਾਂ ਕਿਹਾ ਕਿ ਜੇਕਰ ਲੋਕਾਂ ਨੇ ਕੋਵਿਡ ਨਿਯਮਾਂ ਦੀ ਪਾਲਣਾ ਨਾ ਕੀਤੀ ਤਾਂ ਆਉਂਦੇ ਦਿਨਾਂ 'ਚ ਕੇਸ ਹੋਰ ਵੱਧ ਜਾਣਗੇ। 


author

Babita

Content Editor

Related News