ਲੁਧਿਆਣਾ 'ਚ ਕੋਰੋਨਾ ਦਾ ਵੱਡਾ ਧਮਾਕਾ, 114 ਨਵੇਂ ਮਾਮਲੇ ਆਏ ਸਾਹਮਣੇ

Wednesday, Jul 22, 2020 - 07:26 PM (IST)

ਲੁਧਿਆਣਾ, (ਜ.ਬ.)- ਆਮ ਲੋਕਾਂ ਲਈ ਕੋਰੋਨਾ ਸੰਕਟ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ ਅਤੇ ਇਸ ਦਾ ਵਾਇਰਸ ਆਪਣਾ-ਆਪਣਾ ਘਾਤਕ ਰੂਪ ਪੇਸ਼ ਕਰ ਰਿਹਾ ਹੈ। ਅੱਜ ਇਕ ਵਾਰ ਫਿਰ ਪੁਰਾਣੇ ਰਿਕਾਰਡ ਤੋੜਦੇ ਹੋਏ ਵਾਇਰਸ ਨੇ 114 ਵਿਅਕਤੀਆਂ ਨੂੰ ਆਪਣਾ ਸ਼ਿਕਾਰ ਬਣਾਇਆ। ਇਨ੍ਹਾਂ ’ਚੋਂ 104 ਮਰੀਜ਼ ਜ਼ਿਲਾ ਲੁਧਿਆਣਾ ਦੇ ਹਨ, ਜਦੋਂਕਿ 10 ਮਰੀਜ਼ ਦੂਜੇ ਜ਼ਿਲਿਆਂ ਨਾਲ ਸਬੰਧਤ ਹਨ। ਮਹਾਨਗਰ ’ਚ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 2059 ਹੋ ਗਈ ਹੈ, ਜਦੋਂਕਿ ਇਨ੍ਹਾਂ ’ਚੋਂ 51 ਲੋਕਾਂ ਦੀ ਮੌਤ ਹੋ ਗਈ। ਸ਼ਹਿਰ ਦੇ ਹਸਪਤਾਲਾਂ ’ਚ ਦੂਜੇ ਜ਼ਿਲਿਆਂ ਨਾਲ ਸਬੰਧਤ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਵੀ 334 ਹੋ ਗਈ ਹੈ, ਜਦੋਂਕਿ ਇਨ੍ਹਾਂ ’ਚੋਂ 34 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਥਾਨਕ ਸਿਹਤ ਵਿਭਾਗ ਅਤੇ ਚੰਡੀਗੜ੍ਹ ਹੈੱਡ ਆਫਿਸ ਵਿਚ ਅੰਕੜਿਆਂ ’ਚ ਅੰਤਰ ਆਉਣਾ ਜਾਰੀ ਹੈ। ਕੱਲ ਜ਼ਿਲਾ ਸਿਹਤ ਵਿਭਾਗ ਨੇ 28 ਮਰੀਜ਼ਾਂ ਦੀ ਪੁਸ਼ਟੀ ਕੀਤੀ ਸੀ, ਜਦੋਂਕਿ ਸਟੇਟ ਨੋਡਲ ਅਫਸਰ ਨੇ 63 ਮਰੀਜ਼ਾਂ ਦੀ ਪੁਸ਼ਟੀ ਕੀਤੀ। ਅੱਜ ਚੰਡੀਗੜ੍ਹ ਤੋਂ ਜਾਰੀ ਮੀਡੀਆ ਬੁਲੇਟਿਨ ’ਚ 73 ਨਵੇਂ ਮਰੀਜ਼ ਸਾਹਮਣੇ ਆਉਣ ਦੀ ਗੱਲ ਕਹੀ ਗਈ, ਜਦੋਂਕਿ ਜ਼ਿਲਾ ਸਿਹਤ ਵਿਭਾਗ ਨੇ 114 ਮਰੀਜ਼ਾਂ ਦੀ ਪੁਸ਼ਟੀ ਕੀਤੀ ਹੈ।

ਹਾਈ ਇਮਿਊਨਿਟੀ ਦੀ ਆੜ ’ਚ ਲੋਕਾਂ ਦੀ ਦਿੱਤੀ ਜਾ ਰਹੀ ਬਲੀ

ਕੋਰੋਨਾ ਵਾਇਰਸ ਦੇ ਸਾਹਮਣੇ ਹਥਿਆਰ ਸੁੱਟ ਚੁੱਕੀ ਸਰਕਾਰ ਹੁਣ ਲੋਕਾਂ ’ਚ ਹਾਈ ਇਮਿਊਨਿਟੀ ਪੈਦਾ ਕਰਨ ਦੀਆਂ ਗੱਲਾਂ ਕਰ ਰਹੀ ਹੈ ਪਰ ਇਸ ਦੀ ਆੜ ’ਚ ਲੋਕਾਂ ਦਾ ਮਰਨਾ ਜਾਰੀ ਹੈ, ਜਿਸ ਨੂੰ ਆਮ ਲੋਕਾਂ ਦੀ ਭਾਸ਼ਾ ’ਚ ਬਲੀ ਚੜ੍ਹਾਉਣਾ ਕਿਹਾ ਜਾ ਰਿਹਾ ਹੈ। ਅੱਜ ਵੀ ਕੋਰੋਨਾ ਵਾਇਰਸ ਕਾਰਨ 2 ਮਰੀਜ਼ਾਂ ਦੀ ਮੌਤ ਹੋ ਗਈ। ਇਨ੍ਹਾਂ ’ਚੋਂ ਇਕ 50 ਸਾਲਾ ਮਰੀਜ਼ ਰਾਜੀਵ ਗਾਂਧੀ ਕਾਲੋਨੀ ਫੋਕਲ ਪੁਆਇੰਟ ਦਾ ਰਹਿਣ ਵਾਲਾ ਸੀ ਅਤੇ ਸੀ. ਐੱਮ. ਸੀ. ਹਸਪਤਾਲ ਵਿਚ ਭਰਤੀ ਸੀ, ਜਦੋਂਕਿ ਦੂਜਾ 60 ਸਾਲਾ ਜਗਰਾਓਂ ਦਾ ਰਹਿਣ ਵਾਲਾ ਸੀ ਅਤੇ ਸਿਵਲ ਹਸਪਤਾਲ ਜਗਰਾਓਂ ਵਿਚ ਭਰਤੀ ਸੀ। ਮੰਗਲਵਾਰ ਦੇਰ ਰਾਤ ਇਸ ਦੀ ਮੌਤ ਹੋ ਗਈ। ਦੋਵੇਂ ਮਰੀਜ਼ਾਂ ’ਚ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਸੀ।

902 ਸੈਂਪਲ ਜਾਂਚ ਲਈ ਭੇਜੇ

ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਦੱਸਿਆ ਕਿ ਸਿਹਤ ਵਿਭਾਗ ਦੀ ਟੀਮ ਵੱਲੋਂ ਅੱਜ 902 ਸੈਂਪਲ ਲੈ ਕੇ ਜਾਂਚ ਲਈ ਭੇਜੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੂੰ 1241 ਰਿਪੋਰਟਾਂ ਦੇ ਨਤੀਜਿਆਂ ਦਾ ਇੰਤਜ਼ਾਰ ਹੈ, ਜਿਸ ਦੇ ਜਲਦ ਆ ਜਾਣ ਦੀ ਸੰਭਾਵਨਾ ਹੈ।

53,223 ਵਿਅਕਤੀਆਂ ਦੀ ਹੋ ਚੁੱਕੀ ਹੈ ਜਾਂਚ

ਸਿਵਲ ਸਰਜਨ ਨੇ ਅੱਗੇ ਦੱਸਿਆ ਕਿ ਹੁਣ ਤੱਕ 53,223 ਵਿਅਕਤੀਆਂ ਦੀ ਜਾਂਚ ਹੋ ਚੁੱਕੀ ਹੈ। ਇਨ੍ਹਾਂ ’ਚੋਂ 51,982 ਵਿਅਕਤੀਆਂ ਦੇ ਟੈਸਟ ਦੀ ਰਿਪੋਰਟ ਉਨ੍ਹਾਂ ਨੂੰ ਮਿਲੀ ਹੈ। ਇਨ੍ਹਾਂ ਵਿਚੋਂ 49,598 ਵਿਅਕਤੀਆਂ ਦੇ ਟੈਸਟ ਨੈਗੇਟਿਵ ਆ ਗਏ ਹਨ।

ਸੂਬੇ ’ਚ ਸਭ ਤੋਂ ਵੱਧ ਦਾ ਕੇਸ ਲੁਧਿਆਣਾ ’ਚ

ਸਿਹਤ ਵਿਭਾਗ ਦੀ ਰਿਪੋਰਟ ਨੂੰ ਦੇਖਿਆ ਜਾਵੇ ਤਾਂ ਅੱਜ ਰਿਕਾਰਡ ਮਰੀਜ਼ ਸਾਹਮਣੇ ਆਉਣ ਤੋਂ ਇਲਾਵਾ ਰਾਜ ਵਿਚ ਸਭ ਤੋਂ ਜ਼ਿਆਦਾ ਮਰੀਜ਼ ਲੁਧਿਆਣਾ ਤੋਂ ਸਾਹਮਣੇ ਆਏ ਹਨ।

ਜ਼ਿਲਾ ਪ੍ਰਸ਼ਾਸਨ ਦੇ 4 ਅਧਿਕਾਰੀ ਹੋਏ ਕੋਰੋਨਾ ਮੁਕਤ

ਜ਼ਿਲਾ ਪ੍ਰਸ਼ਾਸਨ ਦੇ ਚਾਰ ਸੀਨੀਅਰ ਅਧਿਕਾਰੀ ਕੋਵਿਡ-19 ਤੋਂ ਪੂਰੀ ਤਰ੍ਹਾਂ ਠੀਕ ਹੋ ਗਏ ਹਨ ਅਤੇ ਜਲਦ ਹੀ ਆਪਣੇ ਫਰਜ਼ ਫਿਰ ਨਿਭਾਉਣਗੇ। ਫੇਸਬੁਕ ਲਾਈਵ ਸੈਸ਼ਨ ਦੌਰਾਨ ਡੀ. ਸੀ. ਵਰਿੰਦਰ ਸ਼ਰਮਾ ਨੇ ਦੱਸਿਆ ਕਿ ਏ. ਡੀ. ਸੀ. (ਜਨਰਲ) ਅਮਰਜੀਤ ਬੈਂਸ, ਏ. ਡੀ. ਸੀ. (ਜਗਰਾਓਂ) ਸ਼੍ਰੀਮਤੀ ਨੀਰੂ ਕਤਿਆਲ ਗੁਪਤਾ, ਐੱਸ. ਡੀ. ਐੱਮ. ਸੰਦੀਪ ਸਿੰਘ ਅਤੇ ਮਨਕੰਵਲ ਸਿੰਘ ਚਹਿਲ ਪੂਰੀ ਤਰ੍ਹਾਂ ਠੀਕ ਹੋ ਗਏ ਹਨ ਅਤੇ ਜਲਦ ਹੀ ਆਪਣੀ ਡਿਊਟੀ ਫਿਰ ਸ਼ੁਰੂ ਕਰਨਗੇ।


Deepak Kumar

Content Editor

Related News