ਪੰਜਾਬ ਵਾਸੀਆਂ ਲਈ 'ਕੋਰੋਨਾ' ਨੂੰ ਲੈ ਕੇ ਧਿਆਨ ਦੇਣ ਵਾਲੀ ਖ਼ਬਰ, ਸਾਰੇ ਜ਼ਿਲ੍ਹਿਆਂ ਨੂੰ ਜਾਰੀ ਹੋਇਆ ਅਲਰਟ
Thursday, Dec 22, 2022 - 10:58 AM (IST)
ਲੁਧਿਆਣਾ (ਸਹਿਗਲ) : ਜ਼ਿਲ੍ਹਾ ਸਿਹਤ ਵਿਭਾਗ ਕੋਰੋਨਾ ਦੀ ਸੈਂਪਲਿੰਗ ਬੰਦ ਕਰ ਕੇ ਜ਼ਿਲ੍ਹੇ ਨੂੰ ਕੋਰੋਨਾ ਮੁਕਤ ਐਲਾਨਿਆ ਜਾ ਚੁੱਕਾ ਹੈ ਪਰ ਸੂਬੇ ਦੇ ਸਿਹਤ ਵਿਭਾਗ 'ਚ ਸਾਰੇ ਜ਼ੋਨਾਂ ਨੂੰ ਅਲਰਟ ਜਾਰੀ ਕਰਦਿਆਂ ਕਿਹਾ ਗਿਆ ਹੈ ਕਿ ਕੋਰੋਨਾ ਅਜੇ ਖ਼ਤਮ ਨਹੀਂ ਹੋਇਆ। ਹਰ ਪਾਜ਼ੇਟਿਵ ਮਰੀਜ਼ ਦੇ ਸੈਂਪਲ ਜ਼ਿਨੋਮ ਸਿਕਵੈਂਸਿੰਗ ਲਈ ਭੇਜੇ ਜਾਣ ਪਰ ਦੂਜੇ ਪਾਸੇ ਸਿਹਤ ਵਿਭਾਗ ਵੱਲੋਂ ਕਈ ਹਫ਼ਤੇ ਪਹਿਲਾਂ ਹੀ ਕੋਰੋਨਾ ਦੀ ਜਾਂਚ ਲਈ ਸੈਂਪਲਿੰਗ ਬੰਦ ਕਰਨ ’ਤੇ ਨੋਟਿਸ ਲੈਂਦੇ ਹੋਏ ਸਿਹਤ ਡਾਇਰੈਕਟੋਰੇਟ ਨੇ ਇਸ ਨੂੰ ਤੁਰੰਤ ਸ਼ੁਰੂ ਕਰਨ ਲਈ ਕਿਹਾ ਹੈ। ਦੂਜੇ ਪਾਸੇ ਕੋਰੋਨਾ ਦੀ ਸਮੀਖਿਆ ਲਈ ਹਫ਼ਤਾਵਾਰੀ ਮੀਟਿੰਗ ਕਰਨ ਲਈ ਵੀ ਕਿਹਾ ਜਾ ਰਿਹਾ ਹੈ। ਕੇਂਦਰੀ ਸਿਹਤ ਮੰਤਰਾਲਾ ਪਹਿਲਾਂ ਇਸ ਦਿਸ਼ਾ ’ਚ ਨਿਰਦੇਸ਼ ਜਾਰੀ ਕਰ ਚੁੱਕਾ ਹੈ ਅਤੇ ਸਾਰੇ ਸੂਬਿਆਂ ਨੂੰ ਪੱਤਰ ਲਿਖ ਕੇ ਕਈ ਦੇਸ਼ਾਂ ’ਚ ਸ਼ੁਰੂ ਹੋਏ ਕੋਰੋਨਾ ਦੇ ਮਾਮਲਿਆਂ ਦੇ ਮੱਦੇਨਜ਼ਰ ਚੌਕਸ ਰਹਿਣ ਨੂੰ ਕਿਹਾ ਗਿਆ ਹੈ। ਆਪਣੇ ਲਿਖੇ ਪੱਤਰ 'ਚ ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਕਿਹਾ ਕਿ ਕੋਰੋਨਾ ਸਬੰਧੀ ਜਾਂਚ 'ਚ ਟੈਸਟ, ਟਰੈਕ, 'ਟਰੀਟ, ਵੈਕਸੀਨੇਸ਼ਨ ਅਤੇ ਇਲਾਜ ਦੇ ਮੱਦੇਨਜ਼ਰ ਸਮਾਂ ਰਹਿੰਦੇ ਜਾਂਚ, ਆਈਸੋਲੇਸ਼ਨ ਅਤੇ ਮੈਨੇਜਮੈਂਟ ’ਤੇ ਧਿਆਨ ਦੇਣਾ ਪਵੇਗਾ। ਪੰਜਾਬ ਦੇ ਨੋਡਲ ਅਫ਼ਸਰ ਡਾ. ਰਾਜੇਸ਼ ਭਾਸਕਰ ਨੇ ਦੱਸਿਆ ਕਿ ਸਾਰੇ ਜ਼ਿਲ੍ਹਿਆਂ ਨੂੰ ਨਿਰਦੇਸ਼ ਜਾਰੀ ਕੀਤੇ ਜਾ ਚੁੱਕੇ ਹਨ।
ਇਹ ਵੀ ਪੜ੍ਹੋ : ਲੁਧਿਆਣਾ 'ਚ ਕੰਡਕਟਰ ਵੱਲੋਂ ਸਵਾਰੀ ਨਾਲ ਕੁੱਟਮਾਰ ਦੀ ਵੀਡੀਓ ਵਾਇਰਲ, ਜਾਣੋ ਕੀ ਹੈ ਪੂਰਾ ਮਾਮਲਾ (ਵੀਡੀਓ)
ਨਿੱਜੀ ਹਸਪਤਾਲਾਂ ਅਤੇ ਲੈਬ ਦੀਆਂ ਰਿਪੋਰਟਾਂ ਨੂੰ ਦਿਖਾਇਆ ਜਾ ਰਿਹਾ ਸੀ ਕਾਰਗੁਜ਼ਾਰੀ
ਸਿਹਤ ਵਿਭਾਗ ਵੱਲੋਂ ਸੈਂਪਲਿੰਗ ਦਾ ਕੰਮ ਬੰਦ ਕਰ ਕੇ ਨਿੱਜੀ ਹਸਪਤਾਲਾਂ, ਲੈਬਸ ਦੇ ਸੈਂਪਲਾਂ ਨੂੰ ਆਪਣੀ ਰਿਪੋਰਟ ’ਚ ਸ਼ਾਮਲ ਕਰ ਕੇ ਆਪਣੀ ਕਾਰਗੁਜ਼ਾਰੀ ਦਿਖਾਈ ਜਾ ਰਹੀ ਸੀ। ਜਦੋਂ ਇਸ ਦਾ ਉੱਚ ਅਧਿਕਾਰੀਆਂ ਨੂੰ ਪਤਾ ਲੱਗਾ ਤਾਂ ਉਹ ਹੈਰਾਨ ਰਹਿ ਗਏ। ਸੈਂਪਲ ਲੈਣ ਦਾ ਕੰਮ ਬੰਦ ਕਰ ਕੇ ਲੋਕਾਂ ਨੂੰ ਕੋਰੋਨਾ ਮੁਕਤ ਕਰਾਰ ਦਿੱਤਾ ਗਿਆ, ਜਦੋਂਕਿ ਸਿਹਤ ਮੰਤਰਾਲਾ ਦਾ ਕਹਿਣਾ ਹੈ ਕਿ ਜਾਂਚ ਦਾ ਕੰਮ ਬੰਦ ਨਹੀਂ ਕੀਤਾ ਜਾਣਾ ਚਾਹੀਦਾ। ਜੇਕਰ ਨਵੇਂ ਵੇਰੀਐਂਟ ਤੋਂ ਕੋਈ ਵਿਅਕਤੀ ਪੀੜਤ ਹੋ ਜਾਂਦਾ ਹੈ ਤਾਂ ਜਦੋਂ ਤੱਕ ਉਸ ਦਾ ਪਤਾ ਲੱਗੇਗਾ, ਹਾਲਾਤ ਵਿਗੜ ਚੁੱਕੇ ਹੋਣਗੇ।
ਇਹ ਵੀ ਪੜ੍ਹੋ : ਪੰਜਾਬ ਨੇ ਸਿਹਤ ਖੇਤਰ 'ਚ ਹਾਸਲ ਕੀਤੀ ਇਕ ਹੋਰ ਉਪਲੱਬਧੀ, ਕੇਂਦਰ ਸਰਕਾਰ ਨੇ ਕੀਤਾ ਸਨਮਾਨਿਤ
ਕਿਸੇ ਸਥਾਈ ਅਧਿਕਾਰੀ ਦੀ ਨਿਯੁਕਤੀ ਨਹੀਂ
ਜ਼ਿਲ੍ਹੇ 'ਚ ਕੋਰੋਨਾ ਦਾ ਕੰਮ-ਕਾਜ ਦੇਖਣ ਲਈ ਕਿਸੇ ਸਥਾਈ ਅਧਿਕਾਰੀ ਦੀ ਨਿਯੁਕਤੀ ਨਹੀਂ ਕੀਤੀ ਗਈ। ਤਿੰਨ ਐਪੀਡੈਮਿਓਲਾਜਿਸਟ ਬਦਲੇ ਜਾ ਚੁੱਕੇ ਹਨ। ਉਨ੍ਹਾਂ ਦੀ ਜਗ੍ਹਾ ਕਿਸੇ ਨੂੰ ਨਿਯੁਕਤ ਨਹੀਂ ਕੀਤਾ ਗਿਆ। ਇਨ੍ਹਾਂ ’ਚੋਂ ਇਕ ਡਾ. ਰਮੇਸ਼ ਭਗਤ ਨੂੰ ਅਮਰਜੈਂਸੀ ਸਥਿਤੀ ’ਚ ਬੁਲਾਇਆ ਜਾਂਦਾ ਹੈ, ਜਦੋਂਕਿ ਕੋਰੋਨਾ ਤੋਂ ਇਲਾਵਾ ਸਾਰੇ ਕੰਮ-ਕਾਜ ਜਿਸ 'ਚ ਡੇਂਗੂ, ਮਲੇਰੀਆ, ਸਵਾਈਨ ਫਲੂ, ਗੈਸਟ੍ਰੋਐਂਟ੍ਰਾਇਟਿਸ ਆਦਿ ਦਾ ਕੰਮ ਇਕ ਲੇਡੀ ਡਾਕਟਰ ਨੂੰ ਸੌਂਪ ਦਿੱਤਾ ਗਿਆ ਹੈ, ਜੋ ਬਤੌਰ ਜ਼ਿਲ੍ਹਾ ਐਪੀਡੈਮਿਓਲਾਜਿਸਟ ਕੰਮ ਕਰ ਰਹੀ ਹੈ।
70 ਫ਼ੀਸਦੀ ਸੈਂਪਲ ਹੋਣਗੇ ਆਰ. ਟੀ. ਪੀ. ਸੀ. ਆਰ.
ਸੂਬੇ ਦੇ ਨੋਡਲ ਅਫ਼ਸਰ ਡਾ. ਰਾਜੇਸ਼ ਭਾਸਕਰ ਨੇ ਦੱਸਿਆ ਕਿ ਜ਼ਿਲ੍ਹਿਆਂ ’ਚ ਸੈਂਪਲਿੰਗ ਨੂੰ ਵਧਾਇਆ ਜਾਵੇਗਾ, ਜਿਸ ਦੀ ਗਿਣਤੀ ਜ਼ਿਲ੍ਹੇ ਦੇ ਸਾਈਜ਼ ’ਤੇ ਨਿਰਭਰ ਕਰੇਗੀ। ਇਨ੍ਹਾਂ ’ਚ 70 ਫ਼ੀਸਦੀ ਸੈਂਪਲ ਆਰ. ਟੀ. ਪੀ. ਸੀ. ਆਰ. ਪ੍ਰਣਾਲੀ ਰਾਹੀਂ ਲਏ ਜਾਣਗੇ, ਜਦੋਂਕਿ 30 ਫ਼ੀਸਦੀ ਸੈਂਪਲਪ ਰੈਪਿਡ ਐਂਟੀਜ਼ਨ ਹੋਣਗੇ। ਇਹ ਨਿਰਦੇਸ਼ ਇਕ ਅੱਧੇ ਦਿਨ ਵਿਚ ਸਾਰੇ ਜ਼ਿਲ੍ਹਿਆਂ ਨੂੰ ਭੇਜ ਦਿੱਤੇ ਜਾਣਗੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ