ਚੰਡੀਗੜ੍ਹ 'ਚ ਮੁੜ ਤੋਂ 'ਕੋਵਿਡ' ਨੂੰ ਲੈ ਕੇ ਐਡਵਾਈਜ਼ਰੀ ਜਾਰੀ, ਲਗਾਤਾਰ ਸਾਹਮਣੇ ਆ ਰਹੇ ਨਵੇਂ ਕੇਸ

03/28/2023 11:05:09 AM

ਚੰਡੀਗੜ੍ਹ (ਪਾਲ) : ਪਿਛਲੇ 2 ਹਫ਼ਤਿਆਂ ਤੋਂ ਸ਼ਹਿਰ 'ਚ ਕੋਵਿਡ ਦੇ ਮਾਮਲੇ ਫਿਰ ਵੱਧਣੇ ਸ਼ੁਰੂ ਹੋ ਗਏ ਹਨ। ਪਿਛਲੇ ਇਕ ਹਫ਼ਤੇ ਦੀ ਮਰੀਜ਼ਾਂ ਦੀ ਔਸਤ ਗਿਣਤੀ ਵੇਖੀਏ ਤਾਂ ਪਿਛਲੇ 7 ਦਿਨਾਂ ਤੋਂ ਰੋਜ਼ਾਨਾ 7 ਨਵੇਂ ਮਾਮਲੇ ਦਰਜ ਹੋ ਰਹੇ ਹਨ। ਸੋਮਵਾਰ ਨੂੰ ਸ਼ਹਿਰ 'ਚ ਸਰਗਰਮ ਮਰੀਜ਼ਾਂ ਦੀ ਗਿਣਤੀ 33 ਤੱਕ ਪਹੁੰਚ ਗਈ। ਮਾਮਲਿਆਂ ਨੂੰ ਵੇਖਦੇ ਹੋਏ ਸਿਹਤ ਵਿਭਾਗ ਨੇ ਸੋਮਵਾਰ ਨੂੰ ਸਾਵਧਾਨੀ ਵਜੋਂ ਕੋਵਿਡ ਸਬੰਧੀ ਐਡਵਾਈਜ਼ਰੀ ਜਾਰੀ ਕੀਤੀ ਹੈ। ਐਡਵਾਈਜ਼ਰੀ 'ਚ ਕਿਹਾ ਗਿਆ ਹੈ ਕਿ ਯੂ. ਪੀ. ਅਤੇ ਦੂਜੇ ਸੂਬਿਆਂ 'ਚ ਕਈ ਜਗ੍ਹਾ ਮਰੀਜ਼ਾਂ ਦੀ ਗਿਣਤੀ ਫਿਰ ਵੱਧਣ ਲੱਗ ਪਈ ਹੈ। ਇਸ ਲਈ ਸਾਵਧਾਨੀ ਵਜੋਂ ਕੋਰੋਨਾ ਨਾਲ ਜੁੜੀਆਂ ਸਾਰੀਆਂ ਸਾਵਧਾਨੀਆਂ ਫਿਰ ਵਰਤਣ ਦੀ ਲੋੜ ਹੈ।

ਇਹ ਵੀ ਪੜ੍ਹੋ : BJP ਪੰਜਾਬ ਦੇ ਇੰਚਾਰਜ ਵਿਜੇ ਰੁਪਾਣੀ 2 ਦਿਨਾਂ ਪੰਜਾਬ ਦੌਰੇ 'ਤੇ, ਜਲੰਧਰ ਜ਼ਿਮਨੀ ਚੋਣ ਨੂੰ ਲੈ ਕੇ ਕਰਨਗੇ ਮੀਟਿੰਗ

ਲੋਕਾਂ ਨੂੰ ਅਲਰਟ ਰਹਿਣ ਦੇ ਨਾਲ ਹੀ ਕਿਹਾ ਗਿਆ ਹੈ ਕਿ ਭੀੜ-ਭੜੱਕੇ ਵਾਲੀ ਜਗ੍ਹਾ ’ਤੇ ਜਾਣ ਤੋਂ ਬਚੋ ਅਤੇ ਜੇਕਰ ਅਜਿਹੀ ਜਗ੍ਹਾ ’ਤੇ ਜਾ ਰਹੇ ਹੋ ਤਾਂ ਮਾਸਕ ਜ਼ਰੂਰ ਪਾਓ। ਥੋੜ੍ਹੇ ਜਿਹੇ ਹੀ ਲੱਛਣ ਆਉਣ ’ਤੇ ਟੈਸਟ ਜ਼ਰੂਰ ਕਰਵਾਓ। ਬੱਚਿਆਂ ਅਤੇ ਬਜ਼ੁਰਗਾਂ ਖ਼ਾਸ ਕਰ ਕੇ ਉਨ੍ਹਾਂ ਨੂੰ, ਜਿਨ੍ਹਾਂ ਨੂੰ ਪਹਿਲਾਂ ਹੀ ਕੋਈ ਹੋਰ ਬੀਮਾਰੀ ਹੈ, ਨੂੰ ਜ਼ਿਆਦਾ ਸੁਚੇਤ ਰਹਿਣ ਦੀ ਗੱਲ ਕਹੀ ਗਈ ਹੈ। ਉੱਥੇ ਹੀ ਸੋਮਵਾਰ ਸ਼ਹਿਰ 'ਚ ਕੋਵਿਡ ਦੇ 5 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਮਰੀਜ਼ਾਂ 'ਚ 2 ਔਰਤਾਂ ਤੇ ਤਿੰਨ ਮਰਦ ਹਨ। ਸੈਕਟਰ 11, 33, 28, 38 ਵੈਸਟ ਅਤੇ ਪੀ. ਜੀ. ਆਈ. ਕੈਂਪਸ ਤੋਂ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਨਵੇਂ ਮਰੀਜ਼ਾਂ ਦੇ ਨਾਲ ਹੀ 4 ਮਰੀਜ਼ ਠੀਕ ਹੋ ਕੇ ਡਿਸਚਾਰਜ ਵੀ ਹੋਏ ਹਨ। ਸਰਗਰਮ ਮਰੀਜ਼ਾਂ ਵਿਚੋਂ 4 ਪੀ. ਜੀ. ਆਈ. 'ਚ ਦਾਖ਼ਲ ਹਨ, ਜਦੋਂ ਕਿ ਬਾਕੀ ਸਾਰੇ ਹੋਮ ਆਈਸੋਲੇਸ਼ਨ ’ਤੇ ਹਨ। ਸੋਮਵਾਰ ਸ਼ਹਿਰ ਦੀ ਪਾਜ਼ੇਟਿਵਿਟੀ ਦਰ 2.04 ਫ਼ੀਸਦੀ ਰਿਕਾਰਡ ਕੀਤੀ ਗਈ।

ਇਹ ਵੀ ਪੜ੍ਹੋ : ਲੁਧਿਆਣਾ ਵਾਸੀਆਂ ਲਈ ਅਹਿਮ ਖ਼ਬਰ : ਲਾਡੋਵਾਲ ਟੋਲ ਪਲਾਜ਼ਾ ’ਤੇ 1 ਅਪ੍ਰੈਲ ਤੋਂ ਨਹੀਂ ਵੱਧ ਰਹੇ ਟੋਲ ਰੇਟ
ਥੋੜ੍ਹੇ ਜਿਹੇ ਵੀ ਲੱਛਣ ਨਜ਼ਰ ਆਉਣ ’ਤੇ ਟੈਸਟਿੰਗ ਜ਼ਰੂਰ ਕਰਵਾਓ
ਸਾਹ ਦੀ ਤਕਲੀਫ਼ ਹੋਣ ’ਤੇ ਜ਼ਿਆਦਾ ਲੋਕਾਂ ਦੇ ਸੰਪਰਕ 'ਚ ਨਾ ਆਓ। ਬੁਖ਼ਾਰ, ਬਲਗ਼ਮ ਅਤੇ ਸਾਹ ਦੀ ਮੁਸ਼ਕਲ 'ਚ ਡਾਕਟਰ ਨਾਲ ਸੰਪਰਕ ਕਰੋ। ਡਾਕਟਰ ਨੂੰ ਮਿਲਣ ’ਤੇ ਮਾਸਕ ਪਾ ਕੇ ਰੱਖੋ ਅਤੇ ਨੱਕ ਅਤੇ ਮੂੰਹ ਚੰਗੀ ਤਰ੍ਹਾਂ ਢੱਕ ਕੇ ਰੱਖੋ। ਕੋਵਿਡ ਦੇ ਥੋੜ੍ਹੇ ਜਿਹੇ ਵੀ ਲੱਛਣ ਨਜ਼ਰ ਆਉਣ ’ਤੇ ਟੈਸਟਿੰਗ ਜ਼ਰੂਰ ਕਰਵਾਓ। ਉੱਥੇ ਹੀ ਪ੍ਰਸ਼ਾਸਨ ਨੇ ਕਿਹਾ ਹੈ ਕਿ ਭੀੜ-ਭੜੱਕੇ ਵਾਲੀਆਂ ਥਾਵਾਂ ’ਤੇ ਜਾਣ ਤੋਂ ਬਚਣਾ ਚਾਹੀਦਾ ਹੈ। ਅੱਖਾਂ, ਨੱਕ ਅਤੇ ਮੂੰਹ ’ਤੇ ਵਾਰ-ਵਾਰ ਹੱਥ ਨਾ ਲਾਓ। ਜਨਤਕ ਥਾਵਾਂ ’ਤੇ ਥੁੱਕੋ ਨਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


Babita

Content Editor

Related News