ਲਗਾਤਾਰ ਘਾਤਕ ਹੋ ਰਹੇ ਕੋਰੋਨਾ ਦੇ ਚੱਲਦੇ ਸਾਂਸਦ ਪਰਨੀਤ ਕੌਰ ਦਾ ਵੱਡਾ ਐਲਾਨ
Monday, May 10, 2021 - 09:28 PM (IST)

ਪਟਿਆਲਾ (ਮਨਦੀਪ ਸਿੰਘ ਜੋਸਨ) : ਕੋਵਿਡ-19 ਦੇ ਵੱਧ ਰਹੇ ਪ੍ਰਕੋਪ ਕਾਰਨ ਇਸ ਸਮੇਂ ਸਰਕਾਰੀ ਰਜਿੰਦਰਾ ਹਸਪਤਾਲ ਵਿਚ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ। ਕੋਰੋਨਾ ਦੇ ਲੈਵਲ-2 ਤੋਂ ਬਾਅਦ ਲੈਵਲ-3 ਦੇ ਖ਼ਤਰੇ ਨੂੰ ਦੇਖਦਿਆਂ ਸਰਕਾਰੀ ਰਾਜਿੰਦਰਾ ਹਸਪਤਾਲ ਆਉਣ ਵਾਲੇ ਦਿਨਾਂ ਵਿਚ ਆਕਸੀਜਨ ਦੀ ਸਮੱਸਿਆ ਨਾਲ ਜੂਝ ਸਕਦਾ ਹੈ। ਭਵਿੱਖ ਦੀ ਤਿਆਰੀ ਕਰਦਿਆਂ ਲੋਕ ਸਭਾ ਮੈਂਬਰ ਪਰਨੀਤ ਕੌਰ ਨੇ ਆਪਣੇ ਸਾਂਸਦ ਫੰਡ ਵਿਚੋਂ ਇਕ ਕਰੋੜ ਰੁਪਏ ਜਾਰੀ ਕੀਤੇ ਹਨ। ਸੋਮਵਾਰ ਨੂੰ ਕੁਆਰੰਟੀਨ ਟਾਈਮ ਪੂਰਾ ਕਰਨ ਤੋਂ ਬਾਅਦ ਲੋਕਾਂ ਦੇ ਸਾਹਮਣੇ ਆਈ ਲੋਕ ਸਭਾ ਮੈਂਬਰ ਪਰਨੀਤ ਕੌਰ ਨੇ ਕਿਹਾ ਕਿ ਤਿੰਨ ਹਫ਼ਤਿਆਂ ਦੇ ਅੰਦਰ ਦੁਬਈ ਦੀ ਇਕ ਕੰਪਨੀ ਸਰਕਾਰੀ ਰਜਿੰਦਰਾ ਹਸਪਤਾਲ ਵਿਖੇ ਆਕਸੀਜਨ ਪਲਾਂਟ ਸਥਾਪਤ ਕਰੇਗੀ। ਇਸ ਪਲਾਂਟ ਵਿਚ ਰੋਜ਼ਾਨਾ 200 ਸਿਲੰਡਰ ਭਰਨ ਦੀ ਸਮਰੱਥਾ ਹੋਵੇਗੀ, ਜਿਸ ਨਾਲ ਹਸਪਤਾਲ ਪ੍ਰਸ਼ਾਸਨ ਨੂੰ ਕੋਵਿਡ-19 ਦੇ ਮਰੀਜ਼ਾਂ ਨੂੰ ਸੰਭਾਲਣ ਵਿਚ ਸਹਾਇਤਾ ਮਿਲ ਸਕੇਗੀ।
ਇਹ ਵੀ ਪੜ੍ਹੋ : ਨਵਜੋਤ ਸਿੱਧੂ ਨੇ ਫਿਰ ਬੋਲਿਆ ਕੈਪਟਨ ’ਤੇ ਹਮਲਾ, ਸੋਸ਼ਲ ਮੀਡੀਆ ’ਤੇ ਆਖੀ ਵੱਡੀ ਗੱਲ
ਮੇਅਰ ਸੰਜੀਵ ਸ਼ਰਮਾ ਬਿੱਟੂ ਨਾਲ ਲੋਕ ਸਭਾ ਮੈਂਬਰ ਪਰਨੀਤ ਕੌਰ ਨਾਲ ਮੁਲਾਕਾਤ ਕਰਨ ਆਏ ਸਮਾਜ ਸੇਵੀ ਸੰਸਥਾਵਾਂ ਦੇ ਅਧਿਕਾਰੀ ਨੇ ਦੱਸਿਆ ਕਿ ਉਹ ਕੋਰੋਨਾ ਵਾਰਡ ਵਿਚ ਮਰੀਜ਼ਾਂ ਨੂੰ ਸੰਭਾਲਣ ਵਾਲੇ ਮਲਟੀ-ਟਾਸਕ ਵਰਕਰਾਂ ਨੂੰ ਵਿੱਤੀ ਸਹਾਇਤਾ ਦੇਣ ਲਈ ਇਕ ਪਲੇਟਫਾਰਮ 'ਤੇ ਇਕੱਠੇ ਹੋਏ ਹਨ। ਹਰੇਕ ਮਲਟੀ-ਟਾਸਕ ਵਰਕਰ ਨੂੰ 3 ਹਜ਼ਾਰ ਰੁਪਏ ਪ੍ਰਤੀ ਮਹੀਨਾ ਮਾਣ ਭੱਤਾ ਦਿੱਤਾ ਜਾਵੇਗਾ। ਲੋਕ ਸਭਾ ਮੈਂਬਰ ਪਰਨੀਤ ਕੌਰ ਨੇ ਸਮਾਜਿਕ ਸੰਗਠਨਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਐਲਾਨ ਕੀਤਾ ਕਿ ਉਹ ਕੋਰੋਨਾ ਮਹਾਮਾਰੀ ਨੂੰ ਜਿੱਤਣ ਤੱਕ ਮਲਟੀ-ਟਾਸਕ ਵਰਕਰਾਂ ਲਈ ਹਰ ਮਹੀਨੇ 1 ਲੱਖ ਰੁਪਏ ਦੀ ਗ੍ਰਾਂਟ ਦੇਣਗੇ।
ਇਹ ਵੀ ਪੜ੍ਹੋ : ਕੋਰੋਨਾ ਮਹਾਮਾਰੀ ਦੇ ਔਖੇ ਸਮੇਂ ’ਚ ਵਿਧਾਇਕ ਰਾਜਾ ਵੜਿੰਗ ਦਾ ਸ਼ਲਾਘਾਯੋਗ ਕਦਮ
ਮੌਕੇ ’ਤੇ ਹੀ ਪ੍ਰਨੀਤ ਕੌਰ ਵੱਲੋਂ ਸਮਾਜ ਸੇਵੀ ਸੰਸਥਾਵਾਂ ਨੂੰ ਇਕ ਲੱਖ ਰੁਪਏ ਦਾ ਚੈੱਕ ਦਿੱਤਾ ਗਿਆ। ਇਸ ਦੇ ਨਾਲ ਹੀ ਬੀਬਾ ਜੈਇੰਦਰ ਕੌਰ ਨੇ ਵੀ ਮਲਟੀ ਟਾਸਕ ਵਰਕਰਾਂ ਦੀ ਸਹਾਇਤਾ ਲਈ ਆਪਣੇ ਨਿੱਜੀ ਖਾਤੇ ਵਿਚੋਂ ਇਕ ਲੱਖ ਰੁਪਏ ਦਾ ਚੈਕ ਜਾਰੀ ਕੀਤਾ। ਇਸ ਮੌਕੇ ਰਾਧਾ ਕ੍ਰਿਸ਼ਨ ਜਨ ਸੇਵਾ ਸਮਤੀ ਤੋਂ ਅਨੀਸ਼ ਮੰਗਲਾ, ਪ੍ਰਵੀਨ ਸ਼ਰਮਾ, ਜਨ ਹਿਤ ਸਮਤੀ ਤੋਂ ਵਿਨੋਦ ਸ਼ਰਮਾ, ਸੁਸ਼ੀਲ ਗੌਤਮ, ਭਾਈ ਘਨਈਆ ਚੈਰੀਟੇਬਲ ਟਰੱਸਟ ਤੋਂ ਹਰਸ਼ਪਾਲ ਸਿੰਘ ਅਤੇ ਮੁਸਲਿਮ ਭਾਈਚਾਰੇ ਵਲੋਂ ਅਬਦੁਲ ਵਾਹਿਦ ਹਾਜ਼ਰ ਸਨ।
ਇਹ ਵੀ ਪੜ੍ਹੋ : ਮਾਂ ਦਿਵਸ ’ਤੇ ਕੈਪਟਨ ਨੇ ਸਾਂਝੀ ਕੀਤੀ ਪੁਰਾਣੀ ਯਾਦ, ਮਾਂ ਨੂੰ ਚੇਤੇ ਕਰ ਆਖੀ ਇਹ ਗੱਲ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?