ਰਾਹਤ ਭਰੀ ਖਬਰ : ਕੋਰੋਨਾ ਮਰੀਜ਼ਾਂ ਦੇ ਸੰਪਰਕ ''ਚ ਆਏ ਜੀਆਂ ਦੀਆਂ ਰਿਪੋਰਟਾਂ ਆਈਆਂ ਨੈਗੇਟਿਵ
Saturday, Jun 27, 2020 - 06:28 PM (IST)
ਟਾਂਡਾ ਉੜਮੁੜ (ਪੰਡਿਤ, ਮੋਮੀ, ਗੁਪਤਾ, ਜਸਵਿੰਦਰ) : ਟਾਂਡਾ ਦੇ ਪਿੰਡ ਮੂਨਕ ਕਲਾਂ ਨਾਲ ਸਬੰਧਤ ਕੋਰੋਨਾ ਮਰੀਜ਼ ਦੇ ਸੰਪਰਕ ਵਿਚ ਆਏ ਉਸਦੇ ਪਰਿਵਾਰ ਦੇ ਜੀਆਂ ਦੀ ਰਿਪੋਰਟ ਨੈਗੇਟਿਵ ਆਈ ਹੈ, ਜਿਸ ਕਾਰਨ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਰਾਹਤ ਮਹਿਸੂਸ ਕੀਤੀ ਹੈ। ਇਹ ਜਾਣਕਾਰੀ ਦਿੰਦੇ ਕੋਵਿਡ ਇੰਚਾਰਜ ਡਾ. ਕੇ. ਆਰ. ਬਾਲੀ ਨੇ ਦੱਸਿਆ ਕਿ ਪਿੰਡ ਮੂਨਕ ਕਲਾਂ ਵਾਸੀ ਕੋਰੋਨਾ ਮਰੀਜ਼ ਦੇ ਸੰਪਰਕ ਵਿਚ ਆਏ ਉਸਦੇ ਪਰਿਵਾਰ ਦੇ 4 ਜੀਆਂ ਦੇ ਨਾਲ-ਨਾਲ ਹੋਰਨਾਂ ਸੂਬਿਆਂ ਤੋਂ ਆਪਣੇ ਪਿੰਡਾਂ ਮੂਨਕ ਕਲਾਂ ਤੇ ਲੋਧੀ ਚੱਕ ਆਏ 2 ਵਿਅਕਤੀਆਂ ਦੇ ਸੈਂਪਲਾਂ ਦੀ ਰਿਪੋਰਟ ਵੀ ਅੱਜ ਨੈਗੇਟਿਵ ਆਈ ਹੈ।
ਡਾ. ਬਾਲੀ ਨੇ ਦੱਸਿਆ ਕਿ ਐੱਸ. ਐੱਮ. ਓ. ਡਾ. ਮਹੇਸ਼ ਕੁਮਾਰ ਪ੍ਰਭਾਕਰ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਡਾ. ਕਰਣ ਵਿਰਕ, ਡਾ. ਰਵੀ, ਬਲਜੀਤ ਸਿੰਘ, ਜਤਿੰਦਰ ਸਿੰਘ, ਗੁਰਜੀਤ ਸਿੰਘ, ਹਰਿੰਦਰ ਸਿੰਘ ਦੀ ਟੀਮ ਪਿੰਡ ਮੂਨਕ ਕਲਾਂ ਅਤੇ ਹੋਰ ਪਿੰਡਾਂ ਦੇ ਲੋਕਾਂ 'ਚ ਕੋਰੋਨਾ ਵਾਇਰਸ ਤੋਂ ਬਚਣ ਲਈ ਜਾਗਰੂਕਤਾ ਦਾ ਸੰਚਾਰ ਕਰ ਰਹੀ ਹੈ ਅਤੇ ਅੱਜ ਵੀ ਪਿੰਡ ਮੂਨਕ ਕਲਾਂ ਵਿਚ ਸਰਵੇ ਕੀਤਾ ਗਿਆ ਹੈ। ਇਸ ਦੌਰਾਨ ਐੱਸ.ਐੱਮ.ਓ. ਮਹੇਸ਼ ਪ੍ਰਭਾਕਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ 'ਮਿਸ਼ਨ ਫਤਿਹ' ਤਹਿਤ ਇਲਾਕੇ ਵਿਚ ਵੱਧ ਤੋਂ ਵੱਧ ਜਾਗਰੂਕਤਾ ਫੈਲਾਈ ਜਾ ਰਹੀ ਹੈ, ਤਾਂ ਜੋ ਇਲਾਕਾ ਵਾਸੀ ਸਾਵਧਾਨੀਆਂ ਅਪਣਾ ਕੇ ਕੋਰੋਨਾ ਵਾਇਰਸ ਤੋਂ ਬਚ ਸਕਣ। ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਕੋਰੋਨਾ ਵਾਇਰਸ ਸੰਪਰਕ ਦੇ ਨਾਲ ਫੈਲਦਾ ਹੈ। ਇਸ ਲਈ ਸਮਾਜਕ ਦੂਰੀ ਬਰਕਰਾਰ ਰੱਖਦੇ ਹੋਏ ਮਾਸਕ, ਸੈਨੀਟਾਈਜ਼ਰ ਅਤੇ ਸਮੇਂ-ਸਮੇਂ 'ਤੇ 20 ਸੈਕਿਡ ਤੱਕ ਹੱਥ ਧੋਣਾ ਯਕੀਨੀ ਬਣਾਇਆ ਜਾਵੇ।