ਕੋਰੋਨਾ ਮ੍ਰਿਤਕ ਦਾ ਤਹਿਸੀਲਦਾਰ ਦੀ ਨਿਗਰਾਨੀ ''ਚ ਕੀਤਾ ਅੰਤਿਮ ਸੰਸਕਾਰ
Saturday, Jun 27, 2020 - 02:30 PM (IST)
ਬਠਿੰਡਾ (ਵਰਮਾ) : ਕੋਰੋਨਾ ਨਾਲ ਪੀੜਤ ਇਕ ਵਿਅਕਤੀ ਦੀ ਮੌਤ ਹੋ ਗਈ, ਜਿਸਦਾ ਅੰਤਿਮ ਸੰਸਕਾਰ ਪਰਿਵਾਰ ਦੇ ਮੈਂਬਰਾਂ ਵਲੋਂ ਤਹਿਸੀਲਦਾਰ ਦੀ ਨਿਗਰਾਨੀ 'ਚ ਕਰ ਦਿੱਤਾ ਗਿਆ। ਕੁਲਦੀਪ ਸਿੰਘ (36) ਪਿਛਲੇ 6 ਮਹੀਨਿਆਂ ਤੋਂ ਕਿਡਨੀ ਦੀ ਬੀਮਾਰੀ ਨਾਲ ਪੀੜਤ ਸੀ ਅਤੇ ਲਗਾਤਾਰ ਡਾਇਲਾਸਿਸ ਲੈ ਰਿਹਾ ਸੀ। ਪੀੜਤ ਨੂੰ ਫਰੀਦਕੋਟ ਮੈਡੀਕਲ ਕਾਲਜ ਵਿਖੇ ਦਾਖਲ ਕਰਵਾਇਆ ਗਿਆ ਸੀ ਅਤੇ ਜਾਂਚ ਦੌਰਾਨ ਉਸ ਨੂੰ ਕੋਰੋਨਾ ਦੀ ਪੁਸ਼ਟੀ ਕੀਤੀ ਗਈ ਸੀ। ਵੀਰਵਾਰ ਨੂੰ ਉਸਦੀ ਮੌਤ ਹੋ ਗਈ, ਜਦਕਿ ਸ਼ੁੱਕਰਵਾਰ ਨੂੰ ਨੌਜਵਾਨ ਵੈੱਲਫੇਅਰ ਸੋਸਾਇਟੀ ਦੇ ਸੋਨੂੰ ਮਹੇਸ਼ਵਰੀ ਨੇ ਪੀ. ਪੀ. ਕਿੱਟ ਪਹਿਨ ਕੇ, ਕੋਰੋਨਾ ਮ੍ਰਿਤਕ ਨੂੰ ਹਸਪਤਾਲ ਤੋਂ ਸ਼ਮਸ਼ਾਨਘਾਟ ਲੈ ਕੇ ਆਏ, ਜਿੱਥੇ ਉਸ ਦਾ ਤਹਿਸੀਲਦਾਰ ਸੁਖਬੀਰ ਬਰਾੜ ਦੀ ਨਿਗਰਾਨੀ ਹੇਠ ਅੰਤਿਮ ਸੰਸਕਾਰ ਕਰ ਦਿੱਤਾ ਗਿਆ।
ਇਸ ਤੋਂ ਪਹਿਲਾ ਸ਼ਮਸ਼ਾਨਘਾਟ ਨੂੰ ਪੂਰੀ ਤਰ੍ਹਾਂ ਸੈਨੇਟਾਈਜ਼ ਕੀਤਾ ਗਿਆ ਅਤੇ ਤਹਿਸੀਲਦਾਰ ਨੇ ਮਾਸਕ, ਕਿੱਟਾਂ ਆਦਿ ਦਾ ਜਾਇਜ਼ਾ ਲਿਆ। ਇਸ ਦੌਰਾਨ ਪਰਿਵਾਰ ਦੇ ਮੈਂਬਰ, ਮਾਪਿਆਂ ਅਤੇ ਸਿਹਤ ਵਿਭਾਗ ਦੇ ਕਰਮਚਾਰੀ, ਸੰਸਥਾ ਦੇ ਮੈਂਬਰ ਅਤੇ ਪ੍ਰਸ਼ਾਸਨਿਕ ਅਧਿਕਾਰੀ ਸਣੇ ਸਿਰਫ 8 ਵਿਅਕਤੀ ਮੌਜੂਦ ਸਨ। ਸੰਸਕਾਰ ਤੋਂ ਬਾਅਦ, ਨਗਰ ਨਿਗਮ ਦੇ ਕਰਮਚਾਰੀਆਂ ਦੁਆਰਾ ਸ਼ਮਸ਼ਾਨਘਾਟ ਨੂੰ ਦੁਬਾਰਾ ਸੈਨੇਟਾਈਜ਼ ਕੀਤਾ ਗਿਆ ।