ਕੋਰੋਨਾ ਦੇ ਨਾਂ ’ਤੇ ਮੋਟੀ ਕਮਾਈ ਕਰਨ ਵਾਲੇ ਪ੍ਰਾਈਵੇਟ ਹਸਪਤਾਲਾਂ ਦੀ ਹੁਣ ਖੈਰ ਨਹੀਂ!
Wednesday, May 19, 2021 - 11:51 AM (IST)
ਅੰਮ੍ਰਿਤਸਰ (ਦਲਜੀਤ) - ਕੋਰੋਨਾ ਦੇ ਨਾਂ ’ਤੇ ਮੋਟੀ ਕਮਾਈ ਕਰਨ ਵਾਲੇ ਪ੍ਰਾਈਵੇਟ ਹਸਪਤਾਲਾਂ ਦੀ ਹੁਣ ਖੈਰ ਨਹੀਂ ਹੋਵੇਗੀ। ਸਿਹਤ ਵਿਭਾਗ ਵੱਲੋਂ ਨਿਯਮਾਂ ਦੇ ਉਲਟ ਅਤੇ ਮਰੀਜ਼ਾਂ ਤੋਂ ਜ਼ਿਆਦਾ ਰਕਮ ਵਸੂਲਣ ਵਾਲੇ ਹਸਪਤਾਲਾਂ ’ਤੇ ਕਾਰਵਾਈ ਕਰਨ ਲਈ ਵਿਸ਼ੇਸ਼ ਯੋਜਨਾ ਬਣਾ ਲਈ ਹੈ। ਜ਼ਿਲ੍ਹੇ ਦੇ 32 ਹਸਪਤਾਲਾਂ ’ਤੇ ਵਿਭਾਗ ਦੀ ਬਾਜ਼ ਦੀ ਨਜ਼ਰ ਰਹੇਗੀ। ਵਿਭਾਗ ਵੱਲੋਂ ਇਸ ਸਬੰਧ ’ਚ ਸੀ. ਮੈਡੀਕਲ ਅਧਿਕਾਰੀ ਦੀ ਅਗਵਾਈ ’ਚ ਟੀਮ ਦਾ ਗਠਨ ਕਰ ਦਿੱਤਾ ਗਿਆ ਹੈ।
ਸਿਵਲ ਸਰਜਨ ਡਾ. ਚਰਨਜੀਤ ਸਿੰਘ ਨੇ ਦੱਸਿਆ ਕਿ ਸਰਕਾਰ ਵੱਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਜਿਹੜਾ ਹਸਪਤਾਲ ਮਰੀਜ਼ਾਂ ਤੋਂ ਕੋਰੋਨਾ ਦੇ ਨਾਂ ’ਤੇ ਜ਼ਿਆਦਾ ਰਕਮ ਵਸੂਲ ਕਰ ਰਹੇ ਹਨ, ਉਨ੍ਹਾਂ ’ਤੇ ਸ਼ਿਕੰਜਾ ਕੱਸਿਆ ਜਾਵੇ। ਜ਼ਿਲ੍ਹੇ ’ਚ 32 ਪ੍ਰਾਈਵੇਟ ਹਸਪਤਾਲ ਅਜਿਹੇ ਹਨ, ਜਿਨ੍ਹਾਂ ’ਚ ਕੋਰੋਨਾ ਦੇ ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਸਰਕਾਰ ਦੇ ਮਾਮਲਾ ਧਿਆਨ ’ਚ ਆਇਆ ਹੈ ਕਿ ਕੁਝ ਹਸਪਤਾਲ ਬਿੱਲ ਲੈਂਦੇ ਸਮੇਂ ਆਪਣੀ ਮਨ-ਮਰਜ਼ੀ ਕਰ ਰਹੇ ਹਨ।
ਸਿਵਲ ਸਰਜਨ ਨੇ ਦੱਸਿਆ ਕਿ ਹਸਪਤਾਲਾਂ ਦੀ ਜਾਂਚ ਲਈ ਸੀ. ਮੈਡੀਕਲ ਅਧਿਕਾਰੀ, ਡਰੱਗ ਇੰਸਪੈਕਟਰ, ਐਨੇਥੀਸਿਆ ਦੇ ਡਾਕਟਰਾਂ ਦੀ ਟੀਮ ਦਾ ਗਠਨ ਕੀਤਾ ਗਿਆ ਹੈ, ਜੋ ਰੋਜ਼ਾਨਾ ਹਸਪਤਾਲਾਂ ਦੀ ਚੈਕਿੰਗ ਕਰਨਗੀਆਂ ਅਤੇ ਉਨ੍ਹਾਂ ਦਾ ਰਿਕਾਰਡ ਵੇਖਣਗੀਆਂ। ਉਨ੍ਹਾਂ ਦੱਸਿਆ ਕਿ ਹਸਪਤਾਲਾਂ ਨੂੰ ਹੁਕਮ ਦਿੱਤੇ ਗਏ ਹੈ ਕਿ ਲੇਵਲ-1, 2, 3 ਦੇ ਮਰੀਜ਼ਾਂ ਦੇ ਇਲਾਜ ਦੇ ਸਬੰਧ ’ਚ ਨਿਰਧਾਰਤ ਕੀਤੀ ਗਈ ਰਕਮ ਵੀ ਡਿਸਪਲੇਅ ਕੀਤੀ ਜਾਵੇ ਅਤੇ ਮਰੀਜ਼ਾਂ ਦੇ ਪਰਿਵਾਰ ਨੂੰ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਇਸ ਸਬੰਧ ’ਚ ਹਸਪਤਾਲਾਂ ਦੇ ਡਾਕਟਰਾਂ ਨੂੰ ਹੁਕਮ ਦਿੱਤੇ ਗਏ ਹਨ ਕਿ ਨਿਯਮਾਂ ਅਨੁਸਾਰ ਕੰਮ ਕਰਨ, ਨਹੀਂ ਤਾਂ ਕਾਰਵਾਈ ਕੀਤੀ ਜਾਵੇਗੀ ।
ਉੱਧਰ ਦੂਜੇ ਪਾਸੇ ਸਿਹਤ ਵਿਭਾਗ ਇੰਪਲਾਇਜ਼ ਵੈੱਲਫ਼ੇਅਰ ਐਸੋ. ਦੇ ਚੇਅਰਮੈਨ ਪੰ. ਰਾਕੇਸ਼ ਸ਼ਰਮਾ ਨੇ ਸਿਹਤ ਮੰਤਰੀ ਨੂੰ ਲਿਖੇ ਪੱਤਰ ’ਚ ਸਪੱਸ਼ਟ ਕੀਤਾ ਹੈ ਕਿ ਜ਼ਿਲ੍ਹੇ ਦੇ ਕੁਝ ਪ੍ਰਾਈਵੇਟ ਹਸਪਤਾਲ ਕੋਰੋਨਾ ਮਰੀਜ਼ਾਂ ਦਾ ਸ਼ੋਸ਼ਣ ਕਰ ਰਹੇ ਹਨ। ਸਰਕਾਰ ਨੂੰ ਇਸ ਸਬੰਧੀ ਮਰੀਜ਼ਾਂ ਦੀ ਰਾਹਤ ਲਈ ਤੁਰੰਤ ਐਕਸ਼ਨ ਲੈਣਾ ਚਾਹੀਦਾ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਕੋਵਿਡ ਮਰੀਜ਼ਾਂ ਦਾ ਜਿੱਥੇ ਇਲਾਜ ਚੱਲ ਰਿਹਾ ਹੈ, ਉੱਥੇ ਸੀ. ਸੀ. ਟੀ. ਵੀ. ਕੈਮਰੇ ਲਗਾਏ ਜਾਣ ਅਤੇ ਉਸਦੀ ਡਿਸਪਲੇਅ ਵਾਰਡ ਦੇ ਬਾਹਰ ਕੀਤੀ ਜਾਵੇ। ਹਰੇਕ ਹਸਪਤਾਲ ਨੂੰ ਰੋਜ਼ਾਨਾ ਉਸਦੇ ਕੋਲ ਕਿੰਨੇ ਬੈੱਡ ਖਾਲੀ ਹਨ ਉਸਦੀ ਵੀ ਡਿਸਪਲੇ ਲਾਈ ਜਾਵੇ, ਸਰਕਾਰ ਯਕੀਨੀ ਬਣਾਏ ਕਿ ਕੋਈ ਵੀ ਹਸਪਤਾਲ ਮਰੀਜ਼ਾਂ ਦੇ ਜਾਣ ’ਤੇ ਉਸ ਦਾ ਬਿੱਲ ਕਰਨ ਤੋਂ ਮਨ੍ਹਾ ਨਾ ਕਰ ਸਕੇ। ਸਿਟੀ ਸਕੈਨ ਸੈਂਟਰ ਦੁਆਰਾ ਚੈਸਟ ਟੈਸਟ ਲਈ ਮਨਮਰਜ਼ੀ ਲਈ ਜਾ ਰਹੇ ਰੇਟਾਂ ’ਤੇ ਰੋਕ ਲਗਾਈ ਜਾਵੇ ।