ਅੰਮ੍ਰਿਤਸਰ ਜ਼ਿਲ੍ਹੇ ਵਿਚ ਹੁਣ ਤੱਕ 1321 ਵਿਅਕਤੀਆਂ ਨੇ ਕੋਰੋਨਾ ਨੂੰ ਦਿੱਤੀ ਮਾਤ : ਸਿਵਲ ਸਰਜਨ

08/01/2020 4:25:42 PM

ਅੰਮ੍ਰਿਤਸਰ (ਦਲਜੀਤ ਸ਼ਰਮਾ) : ਅੰਮ੍ਰਿਤਸਰ ਜ਼ਿਲ੍ਹਾ ਜਿੱਥੇ ਕਿ ਪੰਜਾਬ ਦਾ ਸਭ ਤੋਂ ਪਹਿਲਾ ਕੋਵਿਡ-19 ਦਾ ਮਰੀਜ਼ ਜਾਂਚ ਵਿਚ ਮਿਲਿਆ ਸੀ, ਵਿਚ ਕੋਰੋਨਾ ਨਾਲ ਜੰਗ ਜਾਰੀ ਹੈ ਅਤੇ ਇਹ ਲੋਕਾਂ ਦੇ ਸਾਥ ਨਾਲ ਹੀ ਜਿੱਤੀ ਜਾਣੀ ਹੈ। ਹੁਣ ਤੱਕ ਜ਼ਿਲ੍ਹੇ ਵਿਚ 1859 ਮਾਮਲਿਆਂ ਦੀ ਸ਼ਨਾਖਤ ਕੀਤੀ ਜਾ ਚੁੱਕੀ ਹੈ ਅਤੇ ਰੋਜ਼ਾਨਾ 50 ਤੋਂ ਵੱਧ ਮਰੀਜ਼ ਸਾਹਮਣੇ ਆ ਰਹੇ ਹਨ। ਇਹ ਜਾਣਕਾਰੀ ਦਿੰਦੇ ਸਿਵਲ ਸਰਜਨ ਡਾ. ਨਵਦੀਪ ਸਿੰਘ ਨੇ ਦੱਸਿਆ ਕਿ ਵੱਖ-ਵੱਖ ਹਸਪਤਾਲਾਂ ਵਿਚ ਜ਼ੇਰੇ ਇਲਾਜ ਮਰੀਜ਼ਾਂ ਵਿਚੋਂ ਹੁਣ ਤੱਕ 1321 ਮਰੀਜ਼ ਠੀਕ ਹੋ ਕੇ ਆਪਣੇ ਘਰਾਂ ਨੂੰ ਜਾ ਚੁੱਕੇ ਹਨ ਅਤੇ ਸਿਰਫ 460 ਕੋਵਿਡ ਮਰੀਜ਼ ਇਲਾਜ ਅਧੀਨ ਹਨ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਵਿਚ ਅੰਤਰਰਾਸ਼ਟਰੀ ਹਵਾਈ ਅੱਡਾ, ਅੰਤਰਰਾਸ਼ਟਰੀ ਸਰਹੱਦ ਅਤੇ ਰੇਲਵੇ ਜੰਕਸ਼ਨ ਹੋਣ ਕਾਰਨ ਬਾਹਰੋਂ ਆਉਣ ਵਾਲੇ ਲੋਕਾਂ ਦੀ ਗਿਣਤੀ ਜ਼ਿਆਦਾ ਹੈ ਅਤੇ ਮਾਮਲਿਆਂ ਦੇ ਵਾਧੇ ਵਿਚ ਇਹ ਵੀ ਵੱਡਾ ਕਾਰਨ ਹੈ।

ਡਾ. ਨਵਦੀਪ ਸਿੰਘ ਨੇ ਦੱਸਿਆ ਕਿ ਭਾਵੇਂ ਸਾਡੇ ਸਰਕਾਰੀ ਹਸਪਤਾਲ ਵਿਚ ਮਰੀਜ਼ਾਂ ਲਈ ਪੁਖਤਾ ਪ੍ਰਬੰਧ ਹਨ ਪਰ ਫਿਰ ਵੀ ਕਈ ਲੋਕ ਆਪਣੀ ਇੱਛਾ ਨਾਲ ਸਥਾਨਕ ਗੁਰੂ ਰਾਮਦਾਸ ਮੈਡੀਕਲ ਕਾਲਜ ਅਤੇ ਨਿੱਜੀ ਹਸਪਤਾਲਾਂ ਵਿਚੋਂ ਵੀ ਇਲਾਜ ਕਰਵਾ ਰਹੇ ਹਨ। ਉਨ੍ਹਾਂ ਕਿਹਾ ਕਿ ਕੋਰੋਨਾ ਨੂੰ ਹਰਾਉਣ ਵਾਲੇ ਮਰੀਜ਼ਾਂ ਵਿਚ ਵੱਡੀ ਉਮਰ ਦੇ ਲੋਕਾਂ ਤੋਂ ਇਲਾਵਾ ਗਰਭਵਤੀ ਔਰਤਾਂ ਅਤੇ ਬੱਚੇ ਵੀ ਸ਼ਾਮਿਲ ਹਨ। ਉਨ੍ਹਾਂ ਕਿਹਾ ਕਿ ਬਦਕਿਸਮਤੀ ਨਾਲ ਜ਼ਿਲ੍ਹੇ ਵਿਚ 78 ਲੋਕਾਂ ਦੀ ਜਾਨ ਵੀ ਕੋਵਿਡ-19 ਕਾਰਨ ਜਾ ਚੁੱਕੀ ਹੈ, ਇਸ ਲਈ ਸਾਨੂੰ ਸਾਰਿਆਂ ਨੂੰ ਇਸ ਬਿਮਾਰੀ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਹੈ।


Gurminder Singh

Content Editor

Related News