ਬੋਰਡ ਪ੍ਰੀਖਿਆਵਾਂ ''ਚ ਨਹੀਂ ਰੁਕ ਰਹੀ ਨਕਲ
Tuesday, Mar 06, 2018 - 07:08 AM (IST)

ਅੰਮ੍ਰਿਤਸਰ, (ਦਲਜੀਤ)- ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਪ੍ਰੀਖਿਆਵਾਂ ਵਿਚ ਨਕਲ ਰੁਕਣ ਦਾ ਨਾਂ ਨਹੀਂ ਲੈ ਰਹੀ। ਸਿੱਖਿਆ ਵਿਭਾਗ ਨੇ ਬਾਹਰੀ ਦਖਲ-ਅੰਦਾਜ਼ੀ ਨੂੰ ਵੇਖਦੇ ਹੋਏ ਦੋ ਪ੍ਰੀਖਿਆ ਕੇਂਦਰਾਂ ਦੀ ਪ੍ਰੀਖਿਆ ਰੱਦ ਕਰਨ ਦੀ ਬਜਾਏ ਸ਼ਿਫਟ ਕਰਨ ਦਾ ਫੈਸਲਾ ਕੀਤਾ ਹੈ। ਪੀ. ਬੀ. ਐੱਨ. ਸੀ. ਸੈ. ਸਕੂਲ ਵਿਚ ਸੁਪਰਿੰਟੈਂਡੈਂਟ ਮਨਪ੍ਰੀਤ ਕੌਰ ਦੀ ਸ਼ਿਕਾਇਤ 'ਤੇ ਪੀ. ਬੀ. ਐੱਨ. ਸਕੂਲ ਦੇ ਪ੍ਰੀਖਿਆ ਕੇਂਦਰ ਨੂੰ ਰੱਦ ਕਰ ਕੇ ਡੀ. ਏ. ਵੀ. ਸੀ. ਸੈ. ਸਕੂਲ ਹਾਥੀ ਗੇਟ ਅਤੇ ਫਲਾਇੰਗ ਦਸਤੇ ਦੀ ਸ਼ਿਕਾਇਤ 'ਤੇ ਘਣੂੰਪੁਰ ਸਕੂਲ ਪ੍ਰੀਖਿਆ ਕੇਂਦਰ ਦੇ ਵਿਦਿਆਰਥੀਆਂ ਨੂੰ ਪ੍ਰਭਾਕਰ ਸਕੂਲ ਅਤੇ ਮੈਰੀਟੋਰੀਅਸ ਸਕੂਲ ਵਿਚ ਸ਼ਿਫਟ ਕਰ ਦਿੱਤਾ ਹੈ।
ਸਰਕਾਰੀ ਸੀ. ਸੈ. ਸਕੂਲ ਓਠੀਆਂ ਵਿਚ ਹਥਿਆਰਬੰਦ ਨੌਜਵਾਨਾਂ ਨੇ ਜਿਥੇ ਜੰਮ ਕੇ ਖਰੂਦ ਮਚਾਇਆ ਉਥੇ ਪ੍ਰਿੰਸੀਪਲ ਸਮੇਤ ਸਟਾਫ ਨੂੰ ਵੀ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਸਨ। ਇਸ ਦੌਰਾਨ ਉਨ੍ਹਾਂ ਨੇ ਪ੍ਰੀਖਿਆ ਕੇਂਦਰ ਵਿਚ ਦਖਲ-ਅੰਦਾਜ਼ੀ ਵੀ ਕੀਤੀ ਸੀ। ਇਸ ਗੱਲ ਦੀ ਸੂਚਨਾ ਸਕੂਲ ਪ੍ਰਿੰਸੀਪਲ ਸੁਖਰਾਜ ਕੌਰ ਨੇ ਰਾਜਾਸਾਂਸੀ ਥਾਣੇ ਦੇ ਮੁਖੀ ਨੂੰ ਵੀ ਲਿਖਤੀ ਰੂਪ 'ਚ ਦਿੱਤੀ ਸੀ। ਪ੍ਰੀਖਿਆ ਵਿਚ ਦਖਲ-ਅੰਦਾਜ਼ੀ ਦੇ ਬਾਵਜੂਦ ਇਸ ਕੇਂਦਰ ਦੀ ਪ੍ਰੀਖਿਆ ਰੱਦ ਨਹੀਂ ਕੀਤੀ ਗਈ। ਉਥੇ ਸਰਕਾਰੀ ਸੀ. ਸੈ. ਸਕੂਲ ਅਠਵਾਲ ਵਿਚ ਪਲਸ ਟੂ ਦੀ ਅੰਗਰੇਜ਼ੀ ਦੀ ਪ੍ਰੀਖਿਆ ਦੌਰਾਨ ਹਾਲਾਤ ਇੰਝ ਹੀ ਸਨ। ਨਕਲਚੀ ਖੁੱਲ੍ਹੇਆਮ ਬੇਖੌਫ ਫਿਰ ਰਹੇ ਸਨ। ਸਕੂਲ ਦੇ ਬਾਹਰ ਨਕਲਚੀ ਸਮਰਥਕਾਂ ਵੱਲੋਂ ਕੰਧ ਟੱਪੀ ਜਾ ਰਹੀ ਸੀ। ਨਕਲਚੀਆਂ ਨੂੰ ਗਾਈਡਾਂ ਪਾੜ ਕੇ ਪਰਚੀਆਂ ਮੁਹੱਈਆ ਕਰਵਾਈਆਂ ਜਾ ਰਹੀਆਂ ਸਨ। ਉਨ੍ਹਾਂ ਨੂੰ ਖੁੱਲ੍ਹੇਆਮ ਨਕਲ ਕਰਵਾਈ ਜਾ ਰਹੀ ਸੀ ਜਿਥੇ ਪ੍ਰੀਖਿਆ ਦਾ ਜਾਇਜ਼ਾ ਲੈਣ ਲਈ ਗਏ ਇਕ ਫੋਟੋਗ੍ਰਾਫਰ ਨੂੰ ਫੋਟੋ ਖਿੱਚਦੇ ਸਮੇਂ ਨਕਲਚੀ ਸਮਰਥਕਾਂ ਨੇ ਬੰਦੀ ਬਣਾ ਲਿਆ ਸੀ। ਐੱਸ. ਐੱਸ. ਪੀ. ਦਿਹਾਤੀ ਪਰਮਪਾਲ ਦੀ ਦਖਲ-ਅੰਦਾਜ਼ੀ ਕਾਰਨ ਉਕਤ ਫੋਟੋਗ੍ਰਾਫਰ ਨੂੰ ਦੋ ਘੰਟੇ ਦੀ ਸਖਤ ਮੁਸ਼ੱਕਤ ਦੇ ਬਾਅਦ ਛੁਡਵਾਇਆ ਗਿਆ ਸੀ । ਜੇਕਰ ਉਥੇ ਨਕਲ ਨਹੀਂ ਚੱਲ ਰਹੀ ਸੀ ਤਾਂ ਫੋਟੋਗ੍ਰਾਫਰ ਨੂੰ ਬੰਦੀ ਕਿਉਂ ਬਣਾਇਆ ਗਿਆ? ਉਸ ਤੋਂ ਉਸ ਦੀ ਫੋਟੋ ਡਿਲੀਟ ਕਿਉਂ ਕਰਵਾਈ ਗਈ। ਇਹ ਸਾਰੀਆਂ ਗੱਲਾਂ ਸਿੱਖਿਆ ਵਿਭਾਗ ਅੰਮ੍ਰਿਤਸਰ ਨੂੰ ਮੂੰਹ ਚਿੜਾ ਰਹੀਆਂ ਹਨ। ਸਰਕਾਰੀ ਸੀ. ਸੈ. ਸਕੂਲ ਅਠਵਾਲ ਵਿਚ ਨਕਲ ਦੇ ਬਾਵਜੂਦ ਉਥੇ ਸਟਾਫ ਅਤੇ ਆਬਜ਼ਰਵਰ ਤਾਇਨਾਤ ਕਰਨ ਦੀ ਗੱਲ ਕਰ ਕੇ ਪ੍ਰੀਖਿਆ ਕੇਂਦਰ ਨੂੰ ਬਚਾਉਣ ਦੀ ਕਵਾਇਦ ਕੀਤੀ ਗਈ।
ਪੁਲਸ ਅਧਿਕਾਰੀਆਂ ਨੂੰ ਸੁਰੱਖਿਆ ਵਧਾਉਣ ਲਈ ਕਿਹਾ
ਸੁਨੀਤਾ ਕਿਰਨ ਡੀ. ਈ. ਓ. ਸੈਕੰਡਰੀ ਸੁਨੀਤਾ ਕਿਰਨ ਨੇ ਕਿਹਾ ਹੈ ਕਿ ਸਰਕਾਰੀ ਸੀ. ਸੈ. ਸਕੂਲ ਅਠਵਾਲ ਵਿਚ ਬਾਹਰੀ ਦਖਲ-ਅੰਦਾਜ਼ੀ ਨੂੰ ਰੋਕਣ ਲਈ ਪੁਲਸ ਕਰਮਚਾਰੀਆਂ ਦੀ ਨਿਯੁਕਤੀ ਵਧਾਈ ਗਈ ਹੈ ਉਥੇ ਦੋ ਆਬਜ਼ਰਵਰ ਤਾਇਨਾਤ ਕੀਤੇ ਗਏ ਹਨ।
ਉਥੇ ਓਠੀਆਂ ਸਕੂਲ ਮੈਨੇਜਮੈਂਟ ਦੇ ਕਹਿਣ 'ਤੇ ਪੁਲਸ ਨੇ ਪ੍ਰੀਖਿਆ ਕੇਂਦਰ ਦੇ ਬਾਹਰ ਸੁਰੱਖਿਆ ਵਧਾਉਣ ਦੀ ਗੱਲ ਕਹੀ ਹੈ। ਸੁਨੀਤਾ ਕਿਰਨ ਨੇ ਕਿਹਾ ਹੈ ਕਿ ਉਨ੍ਹਾਂ ਨੇ ਪੇਂਡੂ ਖੇਤਰ ਵਿਚ ਸੁਰੱਖਿਆ ਵਧਾਉਣ ਲਈ ਐੱਸ. ਐੱਸ. ਪੀ. ਦਿਹਾਤੀ ਪਰਮਪਾਲ ਨਾਲ ਨਿੱਜੀ ਤੌਰ 'ਤੇ ਗੱਲਬਾਤ ਕੀਤੀ ਹੈ। ਇਸ ਦੇ ਬਾਅਦ ਉਨ੍ਹਾਂ ਨੇ ਸਕੂਲਾਂ ਦੇ ਬਾਹਰ ਪੁਲਸ ਦੀ ਨਫਰੀ ਵਧਾਈ ਹੈ।