ਖਲੀ ਦੀ ਬਾਇਓਪਿਕ ''ਤੇ ਛਿੜਿਆ ਵਿਵਾਦ, ਪੁੱਜੇ ਹਾਈ ਕੋਰਟ

09/24/2019 9:13:01 PM

ਚੰਡੀਗਡ਼੍ਹ (ਹਾਂਡਾ)–‘ਦਿ ਗ੍ਰੇਟ ਖਲੀ’ ਦੇ ਨਾਂ ਨਾਲ ਚਰਚਿਤ ਰੈਸਲਰ ਦਲੀਪ ਸਿੰਘ ਦੇ ਜੀਵਨ ’ਤੇ ਕੁੱਝ ਸਮਾਂ ਪਹਿਲਾਂ ਵਨੀਤ ਕੇ. ਬਾਂਸਲ ਨੇ ਇਕ ਕਿਤਾਬ ਲਿਖੀ ਸੀ। ਕਿਤਾਬ ਲਿਖਣ ਤੋਂ ਪਹਿਲਾਂ ਬਾਂਸਲ ਅਤੇ ਖਲੀ ਵਿਚਕਾਰ ਇਕ ਸਮਝੌਤਾ ਹੋਇਆ ਸੀ, ਜਿਸ ਤਹਿਤ ਜੇਕਰ ਦੋਵਾਂ ਵਿਚਕਾਰ ਭਵਿੱਖ ’ਚ ਕੋਈ ਵਿਵਾਦ ਪੈਦਾ ਹੁੰਦਾ ਹੈ ਤਾਂ ਜਲੰਧਰ ਦੀ ਕੋਰਟ ’ਚ ਪਟੀਸ਼ਨ ਦਾਖਲ ਕੀਤੀ ਜਾਵੇਗੀ। ਖਲੀ ਅਤੇ ਬਾਂਸਲ ਵਿਚਕਾਰ ਹੁਣ ਖਲੀ ਦੀ ਬਾਇਓਪਿਕ ’ਤੇ ਫਾਕਸ ਐਂਟਰਟੇਨਮੈਂਟ ਵੱਲੋਂ ਬਣਾਈ ਜਾ ਰਹੀ ਬਾਲੀਵੁਡ ਫਿਲਮ ਦੀ ਰਾਇਲਟੀ ਨੂੰ ਲੈ ਕੇ ਵਿਵਾਦ ਪੈਦਾ ਹੋ ਗਿਆ ਹੈ। ਕਿਤਾਬ ‘ਮੈਨ ਹਾਓ ਕਮ ਖਲੀ’ ਲਿਖਣ ਵਾਲੇ ਵਨੀਤ ਬਾਂਸਲ ਨੇ ਗਿੱਦਡ਼ਬਾਹਾ ਦੀ ਕੋਰਟ ’ਚ ਮੁਕੱਦਮਾ ਦਰਜ ਕਰ ਕੇ ਖਲੀ ’ਤੇ ਬਣ ਰਹੀ ਬਾਲੀਵੁਡ ਫਿਲਮ ਦੀ ਕਮਾਈ ਦਾ 30 ਫ਼ੀਸਦੀ ਹਿੱਸਾ ਉਸ ਨੂੰ ਦਿੱਤੇ ਜਾਣ ਦੀ ਮੰਗ ਕੀਤੀ ਹੈ। ਬਾਂਸਲ ਦਾ ਦਾਅਵਾ ਹੈ ਕਿ ਉਨ੍ਹਾਂ ਦੀ ਕਿਤਾਬ ਦਾ ਕੰਟੈਂਟ ਫਿਲਮ ’ਚ ਇਸਤੇਮਾਲ ਕੀਤਾ ਜਾ ਰਿਹਾ ਹੈ, ਇਸ ਲਈ ਉਨ੍ਹਾਂ ਦੀ ਰਾਇਲਟੀ ਬਣਦੀ ਹੈ।

ਖਲੀ ਨੇ ਬਾਂਸਲ ਵੱਲੋਂ ਦਾਖਲ ਮੁਕੱਦਮੇ ਨੂੰ ਹਾਈ ਕੋਰਟ ’ਚ ਚੁਣੌਤੀ ਦਿੱਤੀ ਹੈ। ਖਲੀ ਆਪਣੇ ਵਕੀਲ ਨਾਲ ਖੁਦ ਹਾਈ ਕੋਰਟ ਪਹੁੰਚੇ ਅਤੇ ਪਟੀਸ਼ਨ ਦਾਖਲ ਕੀਤੀ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਅਜਿਹਾ ਕੋਈ ਸਮਝੌਤਾ ਨਹੀਂ ਕੀਤਾ ਕਿ ਬਾਂਸਲ ਨੂੰ ਰਾਇਲਟੀ ਦਿੱਤੀ ਜਾਵੇਗੀ। ਖਲੀ ਦੇ ਵਕੀਲ ਕਰਨ ਸਚਦੇਵਾ ਨੇ ਦੱਸਿਆ ਕਿ ਬਾਂਸਲ ਅਤੇ ਖਲੀ ਵਿਚਕਾਰ ਹੋਏ ਸਮਝੌਤੇ ਤਹਿਤ ਜੇਕਰ ਕੋਈ ਕਾਨੂੰਨੀ ਕਾਰਵਾਈ ਕਰਨੀ ਹੈ ਤਾਂ ਦੋਵੇਂ ਸਿਰਫ ਜਲੰਧਰ ਦੀ ਅਦਾਲਤ ’ਚ ਜਾ ਸਕਦੇ ਹਨ, ਅਜਿਹੇ ’ਚ ਗਿੱਦਡ਼ਬਾਹਾ ਕੋਰਟ ’ਚ ਕਾਰਵਾਈ ਬਣਦੀ ਹੀ ਨਹੀਂ, ਜਿਸ ਨੂੰ ਜਲੰਧਰ ਸ਼ਿਫਟ ਕਰਵਾਉਣ ਦੀ ਮੰਗ ਨੂੰ ਲੈ ਕੇ ਉਹ ਹਾਈ ਕੋਰਟ ਆਏ ਹਨ। ਕੋਰਟ ਨੇ ਪਟੀਸ਼ਨ ’ਤੇ ਸੁਣਵਾਈ ਕਰਦੇ ਹੋਏ ਵਨੀਤ ਬਾਂਸਲ ਨੂੰ ਨੋਟਿਸ ਜਾਰੀ ਕਰਕੇ 16 ਅਕਤੂਬਰ ਤੱਕ ਜਵਾਬ ਦਾਖਲ ਕਰਨ ਨੂੰ ਕਿਹਾ ਹੈ।


Sunny Mehra

Content Editor

Related News