ਕਾਂਟਰੈਕਟ ਕਾਮਿਆਂ ਨੇ ਵਿਧਾਨ ਸਭਾ ਵੱਲ ਮਾਰਚ ਕਰਕੇ ਮੌਤ ਦੀ ਮੰਗੀ ਇਜਾਜ਼ਤ
Friday, Feb 22, 2019 - 10:30 AM (IST)
ਚੰਡੀਗੜ੍ਹ (ਭੁੱਲਰ) : ਸੇਵਾਵਾਂ ਰੈਗੂਲਰ ਕਰਵਾਉਣ ਦੀ ਮੰਗ ਨੂੰ ਲੈ ਕੇ ਲੰਬੇ ਸਮੇਂ ਤੋਂ ਅੰਦੋਲਨ ਕਰ ਰਹੇ ਕੰਟ੍ਰੈਕਟ ਕਾਮਿਆਂ ਨੇ ਪੰਜਾਬ ਵਿਧਾਨ ਸਭਾ ਵੱਲ ਮਾਰਚ ਕਰਕੇ ਸਰਕਾਰ ਤੋਂ ਉਨ੍ਹਾਂ ਦੀਆਂ ਸੇਵਾਵਾਂ ਰੈਗੂਲਰ ਕਰਨ ਜਾਂ ਫਿਰ ਸਵੈ-ਇੱਛਾ ਨਾਲ ਮੌਤ ਦੀ ਇਜਾਜ਼ਤ ਦੇਣ ਦੀ ਮੰਗ ਕੀਤੀ ਹੈ। ਪਹਿਲਾਂ ਤੋਂ ਤੈਅ ਪ੍ਰੋਗਰਾਮ ਅਨੁਸਾਰ ਵੱਡੀ ਗਿਣਤੀ 'ਚ ਕੰਟ੍ਰੈਕਟ ਕਾਮੇ ਛੋਟੇ-ਛੋਟੇ ਗਰੁੱਪਾਂ 'ਚ ਵਿਧਾਨ ਸਭਾ ਦੇ ਬਿਲਕੁੱਲ ਨੇੜੇ ਪਹੁੰਚਣ 'ਚ ਸਫ਼ਲ ਹੋ ਗਏ ਤੇ ਪੁਲਸ ਵਲੋਂ ਰੋਕੇ ਜਾਣ 'ਤੇ ਵਿਧਾਨ ਸਭਾ ਨੇੜਲੇ ਚੌਕ 'ਤੇ ਹੀ ਧਰਨਾ ਸ਼ੁਰੂ ਕਰ ਦਿੱਤਾ। ਇਸੇ ਦੌਰਾਨ ਅਕਾਲੀ ਦਲ ਦੇ ਵਿਧਾਇਕ ਬਿਕਰਮ ਮਜੀਠੀਆ ਵੀ ਇਨ੍ਹਾਂ ਦੇ ਸਮਰਥਨ ਲਈ ਉਥੇ ਪਹੁੰਚੇ। ਕਾਮੇ ਵਿਧਾਨ ਸਭਾ ਵੱਲ ਕੂਚ ਕਰਨ ਲਈ ਬਜ਼ਿੱਦ ਸਨ, ਜਿਸ ਕਾਰਨ ਪੁਲਸ ਨੇ ਉਨ੍ਹਾਂ ਨੂੰ ਘੇਰਾਬੰਦੀ ਕਰਕੇ ਅੱਗੇ ਵਧਣ ਤੋਂ ਰੋਕਿਆ।
ਬਾਅਦ ਦੁਪਹਿਰ ਪੁਲਸ ਅਤੇ ਪ੍ਰਦਰਸ਼ਨਕਾਰੀਆਂ 'ਚ ਜੱਦੋ-ਜਹਿਦ ਚੱਲਦੀ ਰਹੀ ਤੇ ਆਖਿਰ ਕੰਟ੍ਰੈਕਟ ਕਾਮਿਆਂ ਦੇ ਆਗੂਆਂ ਨੂੰ ਕੈਬਨਿਟ ਸਬ ਕਮੇਟੀ ਨਾਲ ਮਿਲਵਾਏ ਜਾਣ ਤੋਂ ਬਾਅਦ ਉਹ ਸ਼ਾਂਤ ਹੋਏ। ਮੁੱਖ ਮੰਤਰੀ ਦੇ ਓ. ਐੱਸ. ਡੀ. ਜਗਦੀਪ ਸਿੱਧੂ ਨੇ ਖੁਦ ਪ੍ਰਦਰਸ਼ਨਕਾਰੀਆਂ ਤੋਂ ਮੌਕੇ 'ਤੇ ਪਹੁੰਚ ਕੇ ਮੰਗ ਪੱਤਰ ਪ੍ਰਾਪਤ ਕੀਤਾ। ਕੈਬਨਿਟ ਸਬ ਕਮੇਟੀ ਦੇ ਮੈਂਬਰਾਂ ਬ੍ਰਹਮ ਮਹਿੰਦਰਾ, ਮਨਪ੍ਰੀਤ ਬਾਦਲ ਤੇ ਚਰਨਜੀਤ ਸਿੰਘ ਚੰਨੀ ਨੇ ਕੰਟ੍ਰੈਕਟ ਕਾਮਿਆਂ ਦੇ ਆਗੂਆਂ ਨਾਲ ਮੀਟਿੰਗ ਕੀਤੀ। ਉਨ੍ਹਾਂ ਨੇ ਸਰਕਾਰ ਵਲੋਂ ਕੰਟ੍ਰੈਕਟ ਕਾਮਿਆਂ ਦੇ ਮਾਮਲੇ ਦਾ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ।