ਖਪਤਕਾਰ ਭੁਗਤ ਰਹੇ ਨੇ ਪਾਵਰਕਾਮ ਦੀਆਂ ਆਟੋਮੈਟਿਕ ਬਿੱਲ ਮਸ਼ੀਨਾਂ ਦੀ ਖਰਾਬੀ ਦਾ ਖਮਿਆਜ਼ਾ
Wednesday, Apr 11, 2018 - 11:35 PM (IST)

ਨਾਭਾ, (ਜੈਨ)- ਸਥਾਨਕ ਪਾਵਰਕਾਮ ਨਿਗਮ ਦੀ ਕਥਿਤ ਨਾਲਾਇਕੀ ਦਾ ਖਮਿਆਜ਼ਾ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਕੋਲ ਐਕਸੀਅਨ ਅਤੇ ਹੋਰਨਾਂ ਖਿਲਾਫ ਖਪਤਕਾਰ ਸ਼ਿਕਾਇਤਾਂ ਕਰ ਰਹੇ ਹਨ। ਪਿਛਲੇ ਚਾਰ-ਪੰਜ ਮਹੀਨਿਆਂ ਤੋਂ ਨਿਗਮ ਦੀ ਮਾੜੀ ਕਾਰਗੁਜ਼ਾਰੀ ਲੋਕਾਂ ਵਿਚ ਚਰਚਾ ਦਾ ਕੇਂਦਰ ਬਣੀ ਹੋਈ ਹੈ। ਸਰਕਾਰ ਦੀ ਸਕੀਮ ਅਧੀਨ ਬਿੱਲਾਂ ਦੀ ਅਦਾਇਗੀ ਆਟੋਮੈਟਿਕ ਮਸ਼ੀਨ ਰਾਹੀਂ ਕਰਨ ਲਈ ਦੋ ਥਾਈਂ ਮਸ਼ੀਨਾਂ ਕਾਇਮ ਕੀਤੀਆਂ ਗਈਆਂ ਹਨ, ਜਿਨ੍ਹਾਂ 'ਤੇ ਲੱਖਾਂ ਰੁਪਏ ਖਰਚ ਕੀਤੇ ਗਏ ਹਨ। ਨਿਗਮ ਵੱਲੋਂ ਪ੍ਰਚਾਰ ਕੀਤਾ ਜਾਂਦਾ ਹੈ ਕਿ ਸਵੇਰੇ 8 ਵਜੇ ਤੋਂ ਰਾਤ 8 ਵਜੇ ਤੱਕ ਬਿੱਲ ਭਰੇ ਜਾ ਸਕਦੇ ਹਨ ਪਰ ਕਈ-ਕਈ ਦਿਨ ਮਸ਼ੀਨਾਂ ਖਰਾਬ ਰਹਿੰਦੀਆਂ ਹਨ। ਬਿੱਲ ਜਾਰੀ ਕਰਨ ਦੇ ਪੰਜ ਦਿਨਾਂ ਤੱਕ ਬਿੱਲ ਭਰਨ ਵਿਚ ਟੈਕਨੀਕਲ ਫਾਲਟ ਹੈ, ਜਿਸ ਕਾਰਨ ਖਪਤਕਾਰ ਪਰੇਸ਼ਾਨ ਹਨ। ਦੁਜੇ ਪਾਸੇ ਖਪਤਕਾਰਾਂ ਨੂੰ ਬਿੱਲ ਵੱਧ ਆ ਰਹੇ ਹਨ। ਲੋਕ ਖੱਜਲ-ਖੁਆਰ ਹੁੰਦੇ ਹਨ। ਸਮਾਜ ਸੇਵਕ ਵਿਕਾਸ ਸਿੰਗਲਾ ਨੇ ਦੱਸਿਆ ਕਿ ਮੇਰੇ ਮਕਾਨ ਦਾ ਬਿਜਲੀ ਬਿੱਲ 20/21 ਹਜ਼ਾਰ ਰੁਪਏ ਦੀ ਬਜਾਏ 81461 ਰੁਪਏ ਆਇਆ। ਐਕਸੀਅਨ ਨਾਲ ਸੰਪਰਕ ਕਰਨ 'ਤੇ ਜਵਾਬ ਮਿਲਦਾ ਹੈ ਕਿ ਮੈਂ ਕੀ ਕਰਾਂ? ਕੁੱਝ ਦਿਨ ਪਹਿਲਾਂ ਦਲਿਤਾਂ ਤੇ ਬਾਜ਼ੀਗਰਾਂ ਵੱਲੋਂ ਵੀ ਕਸ਼ਮੀਰ ਲਾਲਕਾ ਦੀ ਅਗਵਾਈ ਹੇਠ ਰੋਸ ਮੁਜ਼ਾਹਰਾ ਕੀਤਾ ਗਿਆ ਸੀ। ਲੋਕਾਂ ਦਾ ਕਹਿਣਾ ਹੈ ਕਿ ਦਲਿਤਾਂ ਦੇ ਵੀ ਬਿੱਲ ਭੇਜੇ ਜਾਂਦੇ ਹਨ, ਜਿਸ ਕਾਰਨ ਨਿਗਮ ਦੀ ਕਾਰਗੁਜ਼ਾਰੀ 'ਤੇ ਸਵਾਲੀਆ ਨਿਸ਼ਾਨ ਲੱਗ ਗਿਆ ਹੈ।