ਵੈਡਿੰਗ ਵਿਸ਼ ਨੇ ਨਹੀਂ ਲੱਭਿਆ ਪਸੰਦੀਦਾ ਮੈਚ, 15,500 ਰੁਪਏ ਹਰਜਾਨਾ

11/04/2019 2:11:46 PM

ਚੰਡੀਗੜ੍ਹ (ਰਾਜਿੰਦਰ) : ਵੈਡਿੰਗ ਵਿਸ਼ ਪ੍ਰਾਈਵੇਟ ਲਿਮਟਿਡ ਨੇ ਬੇਟੇ ਲਈ ਪਸੰਦੀਦਾ ਮੈਚ ਨਹੀਂ ਲੱਭਿਆ, ਜਿਸ ਕਾਰਨ ਖਪਤਕਾਰ ਫੋਰਮ ਨੇ ਕੰਪਨੀ ਨੂੰ ਸੇਵਾ 'ਚ ਕੋਤਾਹੀ ਦਾ ਦੋਸ਼ੀ ਕਰਾਰ ਦਿੱਤਾ ਹੈ। ਫੋਰਮ ਨੇ ਕੰਪਨੀ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਸ਼ਿਕਾਇਤ ਕਰਤਾ ਨੂੰ 9 ਫੀਸਦੀ ਵਿਆਜ ਸਮੇਤ 57,500 ਰੁਪਏ ਰੀਫੰਡ ਕਰੇ, ਨਾਲ ਹੀ ਮਾਨਸਿਕ ਪੀੜਾ ਅਤੇ ਉਤਪੀੜਨ ਲਈ 10 ਹਜ਼ਾਰ ਰੁਪਏ ਮੁਆਵਜ਼ਾ ਅਤੇ 5,500 ਰੁਪਏ ਮੁਕੱਦਮਾ ਖਰਚ ਵੀ ਦੇਣ ਦੇ ਨਿਰਦੇਸ਼ ਦਿੱਤੇ ਹਨ। ਹੁਕਮਾਂ ਦੀ ਕਾਪੀ ਮਿਲਣ 'ਤੇ 30 ਦਿਨਾਂ ਦੇ ਅੰਦਰ ਪਾਲਣਾ ਕਰਨੀ ਹੋਵੇਗੀ। ਸੈਕਟਰ-71 ਮੋਹਾਲੀ ਵਾਸੀ ਜਗਮੋਹਨ ਸਿੰਘ ਅਤੇ ਹਰਵਿੰਦਰ ਕੌਰ ਨੇ ਫੋਰਮ 'ਚ ਵੈਡਿੰਗ ਵਿਸ਼ੇ ਪ੍ਰਾਈਵਟ ਲਿਮਟਿਡ, ਸੈਕਟਰ-36ਡੀ ਅਤੇ ਉਸ ਦੀ ਮੈਨੇਜਿੰਗ ਡਾਇਰੈਕਟਰ ਦੇ ਖਿਲਾਫ ਸ਼ਿਕਾਇਤ ਦਿੱਤੀ ਸੀ।
ਸ਼ਿਕਾਇਤ ਕਰਤਾ ਨੇ ਦੱਸਿਆ ਕਿ ਉਕਤ ਕੰਪਨੀ ਨੇ ਉਨ੍ਹਾਂ ਦੇ ਬੇਟੇ ਲਈ ਕੈਨੇਡਾ ਜਾਂ ਅਮਰੀਕਾ ਤੋਂ ਪਸੰਦੀਦਾ ਮੈਚ ਲੱਭਣ ਦਾ ਉਨ੍ਹਾਂ ਨੂੰ ਭਰੋਸਾ ਦਿੱਤਾ ਸੀ। ਉਨ੍ਹਾਂ ਦੇ ਭਰੋਸੇ 'ਤੇ ਹੀ ਉਨ੍ਹਾਂ ਨੇ 57,500 ਰੁਪਏ ਦੀ ਰਾਸ਼ੀ ਵੀ ਜਮਾਂ ਕਰਵਾ ਦਿੱਤੀ। ਕੰਪਨੀ ਨੇ ਸ਼ਿਕਾਇਤ ਕਰਤਾ ਨੂੰ 21 ਪ੍ਰੋਫਾਈਲਜ਼ ਪ੍ਰਦਾਨ ਕਰਨੀਆਂ ਸਨ। ਸ਼ਿਕਾਇਤ ਕਰਤਾ ਨੇ ਕਿਹਾ ਕਿ ਉਨ੍ਹਾਂ ਕੰਪਨੀ ਵਲੋਂ ਕੈਨੇਡਾ ਅਤੇ ਅਮਰੀਕਾ ਤੋਂ ਪਸੰਦੀਦਾ ਮੈਚ ਲੱਭਣ ਦੀ ਅਪੀਲ ਕੀਤੀ ਸੀ ਪਰ ਕੰਪਨੀ ਨੇ ਉਹ ਪ੍ਰੋਫਾਈਲਜ਼ ਭੇਜਣੀਆਂ ਸ਼ੁਰੂ ਕਰ ਦਿੱਤੀਆਂ, ਜੋ ਮੈਚ ਨਹੀਂ ਕਰ ਰਹੀਆਂ ਸਨ।

ਸ਼ਿਕਾਇਤ ਕਰਤਾ ਨੇ ਇਸ ਨੂੰ ਲੈ ਕੇ ਕਈ ਈਮੇਲਜ਼ ਵੀ ਭੇਜੀਆਂ ਪਰ ਉਹ ਕੋਈ ਸੰਤੋਖਜਨਕ ਜਵਾਬ ਨਹੀਂ ਦੇ ਸਕੇ। ਇੱਥੋਂ ਤੱਕ ਕਿ ਸ਼ਿਕਾਇਤ ਕਰਤਾ ਵਲੋਂ ਚੁਣੀਆਂ ਗਈਆਂ ਕੁਝ ਪ੍ਰੋਫਾਈਲਜ਼ ਨਾਲ ਮੀਟਿੰਗ ਕਰਵਾਉਣ 'ਚ ਵੀ ਕੰਪਨੀ ਨੇ ਗੰਭੀਰਤਾ ਨਹੀਂ ਦਿਖਾਈ, ਇਸ ਤੋਂ ਬਾਅਦ ਹੀ ਸ਼ਿਕਾਇਤ ਕਰਤਾ ਨੇ ਲੀਗਲ ਨੋਟਿਸ ਭੇਜਿਆ ਅਤੇ ਇਸ ਸਬੰਧੀ ਫੋਰਮ 'ਚ ਸ਼ਿਕਾਇਤ ਦਿੱਤੀ। ਕੰਪਨੀ ਨੇ ਫੋਰਮ 'ਚ ਆਪਣਾ ਪੱਖ ਰੱਖਦਿਆਂ ਕਿਹਾ ਕਿ ਉਨ੍ਹਾਂ ਨੇ ਸੇਵਾ 'ਚ ਕੋਈ ਕੋਤਾਹੀ ਨਹੀਂ ਵਰਤੀ।


Related News