ਨਵੇਂ ਸਾਲ ''ਚ ਮੋਹਾਲੀ ਨੂੰ ਮਿਲ ਸਕਦੈ ਤੋਹਫਾ, 1 ਹੋਰ ਫਾਇਰ ਸਟੇਸ਼ਨ ਬਣਨ ਦਾ ਕੰਮ ਮੁਕੰਮਲ ਹੋਣ ਕੰਡੇ
Monday, Dec 26, 2022 - 11:47 AM (IST)
ਮੋਹਾਲੀ (ਸੰਦੀਪ) : ਨਵੇਂ ਸਾਲ ਵਿਚ ਮੋਹਾਲੀ ਇਲਾਕੇ ਨੂੰ ਇਕ ਹੋਰ ਫਾਇਰ ਸਟੇਸ਼ਨ ਦਾ ਤੋਹਫਾ ਮਿਲ ਸਕਦਾ ਹੈ। ਜਾਣਕਾਰਾਂ ਦੀ ਮੰਨੀਏ ਤਾਂ ਸੈਕਟਰ-78 ਵਿਚ ਨਵੇਂ ਫਾਇਰ ਸਟੇਸ਼ਨ ਦਾ ਕੰਮ ਅੰਤਿਮ ਪੜਾਅ ’ਤੇ ਪਹੁੰਚ ਗਿਆ ਹੈ। ਸ਼ਹਿਰ ਨੂੰ ਅੱਗ ਅਤੇ ਹੋਰ ਹਾਦਸਿਆਂ ਤੋਂ ਸੁਰੱਖਿਅਤ ਬਣਾਉਣ ਦੇ ਮਕਸਦ ਨਾਲ ਹੁਣ ਇਕ ਹੋਰ ਫਾਇਰ ਸਟੇਸ਼ਨ ਤਿਆਰ ਕੀਤਾ ਜਾ ਰਿਹਾ ਹੈ। ਇਮਾਰਤ ਦੇ ਮੁਕੰਮਲ ਹੋਣ ਤੋਂ ਬਾਅਦ, ਲੋੜੀਂਦਾ ਸਾਜ਼ੋ-ਸਾਮਾਨ ਪ੍ਰਾਪਤ ਹੋਣ ਤੋਂ ਬਾਅਦ ਨਵੇਂ ਫਾਇਰ ਸਟੇਸ਼ਨ ਨੂੰ ਕਾਰਜਸ਼ੀਲ ਬਣਾ ਦਿੱਤਾ ਜਾਵੇਗਾ। ਨਵੇਂ ਫਾਇਰ ਸਟੇਸ਼ਨ ਦੇ ਚਾਲੂ ਹੋਣ ਤੋਂ ਬਾਅਦ ਮੋਹਾਲੀ ਸ਼ਹਿਰ ਦੇ ਖੇਤਰ ਵਿਚ ਇਕ ਨਹੀਂ ਸਗੋਂ 2 ਫਾਇਰ ਸਟੇਸ਼ਨ ਹੋਣਗੇ।
ਹੁਣ ਤਕ ਸਿਰਫ਼ ਇਕ ਹੀ ਫਾਇਰ ਸਟੇਸ਼ਨ
ਜਾਣਕਾਰੀ ਅਨੁਸਾਰ ਮੋਹਾਲੀ ਖੇਤਰ ਵਿਚ ਹੁਣ ਤਕ ਸਿਰਫ਼ ਇਕ ਹੀ ਫਾਇਰ ਸਟੇਸ਼ਨ ਹੈ। ਇਹ ਫਾਇਰ ਸਟੇਸ਼ਨ ਫੇਜ਼-1 ਵਿਚ ਹੈ। ਇਸ ਰਾਹੀਂ ਹੀ ਇਲਾਕੇ ਵਿਚ ਕਿਤੇ ਵੀ ਅੱਗ ਲੱਗਣ ਅਤੇ ਹੋਰ ਹਾਦਸਿਆਂ ਦੀ ਸੂਰਤ ਵਿਚ ਕਾਰਵਾਈ ਕੀਤੀ ਜਾਂਦੀ ਹੈ ਪਰ ਕੁਝ ਸਾਲਾਂ ਵਿਚ ਨਵੇਂ ਸੈਕਟਰ ਅਤੇ ਸੋਸਾਇਟੀਆਂ ਬਣਨ ਕਾਰਨ ਇੱਥੇ ਫਾਇਰ ਸਟੇਸ਼ਨ ਦੀ ਘਾਟ ਲਗਾਤਾਰ ਮਹਿਸੂਸ ਕੀਤੀ ਜਾ ਰਹੀ ਸੀ। ਫਾਇਰ ਸਟੇਸ਼ਨ ਦੀ ਨਵੀਂ ਇਮਾਰਤ ਤਿਆਰ ਹੋਣ ਤੋਂ ਬਾਅਦ ਇੱਥੇ ਸਾਰੇ ਲੋੜੀਂਦੇ ਨਵੇਂ ਉਪਕਰਨ ਮੁਹੱਈਆ ਕਰਵਾਏ ਜਾਣਗੇ। ਨਵਾਂ ਫਾਇਰ ਸਟੇਸ਼ਨ ਤਿਆਰ ਹੋਣ ਤੋਂ ਬਾਅਦ ਫਾਇਰ ਵਿਭਾਗ ਦੀ ਪਾਵਰ ਹੋਰ ਵਧ ਜਾਵੇਗੀ।
ਸੁਰੱਖਿਆ ਇਨ੍ਹਾਂ ਉਪਕਰਨਾਂ ਅਤੇ ਫਾਇਰ ਟੀਮ ਦੇ ਭਰੋਸੇ
ਪੂਰੇ ਇਲਾਕੇ ਵਿਚ ਇਕ ਹੀ ਫਾਇਰ ਸਟੇਸ਼ਨ ਹੈ। ਫੇਜ਼-1 ਵਿਚ ਸਥਿਤ ਇਸ ਫਾਇਰ ਸਟੇਸ਼ਨ ਵਿਚ ਫਾਇਰ ਸਟੇਸ਼ਨ ਅਫ਼ਸਰ, 6 ਸਬ-ਫਾਇਰ ਅਫ਼ਸਰ, 6 ਫਾਇਰਮੈਨ ਅਤੇ 3 ਡਰਾਈਵਰ ਬਕਾਇਦਾ ਤਾਇਨਾਤ ਹਨ। ਇਨ੍ਹਾਂ ਤੋਂ ਇਲਾਵਾ 33 ਫਾਇਰਮੈਨ ਅਤੇ 8 ਡਰਾਈਵਰ ਵੀ ਠੇਕੇ ’ਤੇ ਸੇਵਾਵਾਂ ਦੇ ਰਹੇ ਹਨ। ਦੂਜੇ ਪਾਸੇ ਉਪਕਰਨਾਂ ਦੀ ਗੱਲ ਕਰੀਏ ਤਾਂ ਇੱਥੇ ਹਾਈਡ੍ਰੋਲਿਕ ਪਲੇਟਫਾਰਮ, ਐਡਵਾਂਸ ਬਚਾਅ ਟੈਂਡਰ, ਫੋਮ ਟੈਂਡਰ, 2 ਮਲਟੀਪਰਪਜ਼, ਵਾਟਰ ਟੈਂਡਰ, 2 ਵਾਟਰ ਬੂਜਰ ਅਤੇ ਜੀਪ ਹਨ। ਸਮੁੱਚੇ ਮੋਹਾਲੀ ਇਲਾਕੇ ਦੀ ਸੁਰੱਖਿਆ ਇਸ ਸਟਾਫ ਅਤੇ ਉਪਕਰਨਾਂ ’ਤੇ ਨਿਰਭਰ ਹੈ। ਦੱਸਣਯੋਗ ਹੈ ਕਿ ਮੋਹਾਲੀ ਖੇਤਰ ਦਾ ਦੂਜਾ ਨਵਾਂ ਫਾਇਰ ਸਟੇਸ਼ਨ ਸੈਕਟਰ-78 ਵਿਚ ਤਿਆਰ ਕੀਤਾ ਜਾ ਰਿਹਾ ਹੈ, ਜਿਸ ਦੀ ਇਮਾਰਤ ਦਾ ਕੰਮ ਅੰਤਿਮ ਪੜਾਅ ਵਿਚ ਹੈ। ਨਵਾਂ ਫਾਇਰ ਸਟੇਸ਼ਨ ਤਿਆਰ ਹੋਣ ਤੋਂ ਬਾਅਦ ਮੋਹਾਲੀ ਵਿਚ 2 ਫਾਇਰ ਸਟੇਸ਼ਨ ਹੋਣਗੇ, ਜਿਸ ਨਾਲ ਅੱਗ ਲੱਗਣ ਅਤੇ ਹੋਰ ਹਾਦਸਿਆਂ ਦੀ ਸਥਿਤੀ ਨਾਲ ਨਜਿੱਠਣ ਲਈ ਫਾਇਰ ਵਿਭਾਗ ਦੀ ਟੀਮ ਦੀ ਸਮਰੱਥਾ ਦੁੱਗਣੀ ਹੋ ਜਾਵੇਗੀ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।