ਸੰਵਿਧਾਨ ਦੀਅਾਂ ਕਾਪੀਅਾਂ ਸਾੜਨ ਵਿਰੁੱਧ ਫੂਕਿਆ ਮੋਦੀ ਦਾ ਪੁਤਲਾ
Wednesday, Aug 15, 2018 - 01:55 AM (IST)
 
            
            ਹੁਸ਼ਿਆਰਪੁਰ/ਚੱਬੇਵਾਲ,  (ਘੁੰਮਣ, ਗੁਰਮੀਤ)-  ਬੀਤੇ ਦਿਨੀਂ ਦੇਸ਼ ਵਿਰੋਧੀ ਕੰਮ ਕਰਨ ਵਾਲੇ ਕਾਰਕੁੰਨਾਂ ਨੇ ਰਾਜਧਾਨੀ ਦਿੱਲੀ ਦੇ ਸੰਸਦ ਮਾਰਗ ’ਤੇ ਭਾਰਤ ਦੇ ਸੰਵਿਧਾਨ ਦੀਅਾਂ ਕਾਪੀਅਾਂ ਸਾੜੀਅਾਂ ਸੀ ਅਤੇ ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਵਿਰੁੱਧ ਜਾਤੀ-ਸੂਚਕ ਟਿੱਪਣੀ ਕੀਤੀ ਸੀ। ਉਕਤ ਅਤਿ ਨਿੰਦਣਯੋਗ ਕਾਰਵਾਈ ਤੋਂ ਨਾਰਾਜ਼ ਕਾਂਗਰਸ ਵਰਕਰਾਂ ਨੇ ਹਲਕਾ ਚੱਬੇਵਾਲ ਦੇ ਵਿਧਾਇਕ ਡਾ. ਰਾਜ ਕੁਮਾਰ ਦੀ ਅਗਵਾਈ ਵਿਚ ਅੱਜ ਅੱਡਾ ਚੱਬੇਵਾਲ ਸਥਿਤ ਕਾਂਗਰਸ ਦਫਤਰ ਨੇਡ਼ੇ ਮੁੱਖ ਮਾਰਗ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁੱਧ ਰੋਸ ਪ੍ਰਦਰਸ਼ਨ ਕਰ ਕੇ ਪੁਤਲਾ ਫੂਕਿਆ। ਉਨ੍ਹਾਂ ‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੁਰਦਾਬਾਦ’ ਦੇ ਨਾਅਰੇ ਵੀ ਲਾਏ। ਵਿਧਾਇਕ ਡਾ. ਰਾਜ ਕੁਮਾਰ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਸੰਵਿਧਾਨ ਨੂੰ ਸਾੜਨ ਵਾਲਿਆਂ ’ਤੇ ਦੇਸ਼-ਧ੍ਰੋਹ ਦਾ ਮੁਕੱਦਮਾ ਦਰਜ ਕੀਤਾ ਜਾਵੇ ਅਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੀ ਨਾਗਰਿਕਤਾ ਰੱਦ ਕੀਤੀ ਜਾਵੇ। ਉਨ੍ਹਾਂ ਦੋਸ਼ ਲਾਇਆ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਜਿੱਤਣ ਲਈ ਮੋਦੀ ਸਰਕਾਰ ਸਾਜ਼ਿਸ਼ਾਂ ਰਚ ਰਹੀ ਹੈ, ਜਿਸ ਨੂੰ ਕਾਂਗਰਸ ਕਦੇ ਵੀ ਸਫਲ ਨਹੀਂ ਹੋਣ ਦੇਵੇਗੀ। 
ਇਸ ਮੌਕੇ ਜ਼ਿਲਾ ਮੀਤ ਪ੍ਰਧਾਨ ਚਿਰੰਜੀ ਲਾਲ ਬਿਹਾਲਾ, ਗਗਨਦੀਪ ਰੱਲ੍ਹ ਬਲਾਕ ਚੇਅਰਮੈਨ, ਸਰਪੰਚ ਅਮਨਦੀਪ ਚੱਗਰਾਂ, ਨੰਬਰਦਾਰ ਮੇਜਰ ਸਿੰਘ ਨਸਰਾਂ, ਰਮਨ ਲਾਖਾ, ਸਤਪਾਲ ਚੱਬੇਵਾਲ, ਡਾ. ਬਲਦੇਵ ਹੀਰ, ਸੁਖਵਿੰਦਰ ਨੰਗਲ ਖਿਡਾਰੀਆਂ, ਅਸ਼ੋਕ ਸ਼ਰਮਾ ਪੱਟੀ ਆਦਿ ਹਾਜ਼ਰ ਸਨ।

 
                             
                             
                             
                             
                             
                             
                             
                             
                             
                             
                             
                             
                             
                             
                             
                             
                             
                            