ਪੰਜਾਬ ਪੁਲਸ ’ਚ ਤਾਇਨਾਤ ਕਾਂਸਟੇਬਲ ਹਰਮਨਦੀਪ ਗ੍ਰਿਫ਼ਤਾਰ, ਕਾਰਣ ਜਾਣ ਹੋਵੋਗੇ ਹੈਰਾਨ
Wednesday, Sep 27, 2023 - 06:52 PM (IST)
ਲੁਧਿਆਣਾ (ਰਾਜ) : ਇਕ ਪਾਸੇ ਪੁਲਸ ਨਸ਼ਾ ਸਮੱਗਲਰਾਂ ਦੀ ਚੇਨ ਤੋੜਨ ’ਚ ਲੱਗੀ ਹੋਈ ਹੈ ਪਰ ਦੂਜੇ ਪਾਸੇ ਪੁਲਸ ਦੇ ਅੰਦਰ ਹੀ ਘੁੰਮ ਰਹੀਆਂ ਕੁਝ ਕਾਲੀਆਂ ਭੇਡਾਂ ਇਨ੍ਹਾਂ ਨਸ਼ਾ ਸਮੱਗਲਰਾਂ ਦੀਆਂ ਮਦਦਗਾਰ ਬਣੀਆਂ ਹੋਈਆਂ ਹਨ। ਇਸ ਦੌਰਾਨ ਇਕ ਮਾਮਲੇ ਦਾ ਖੁਲਾਸਾ ਹੋਇਆ ਹੈ, ਜਿਸ ਵਿਚ ਅਫੀਮ ਦੇ ਨਾਲ ਫੜੇ ਗਏ ਨਸ਼ਾ ਸਮੱਗਲਰ ਦੀ ਕਾਲ ਡਿਟੇਲ ਤੋਂ ਪਤਾ ਲੱਗਾ ਕਿ ਲੁਧਿਆਣਾ ਪੁਲਸ ਦਾ ਹੀ ਕਾਂਸਟੇਬਲ ਸਮੱਗਲਿੰਗ ਕਰਨ ’ਚ ਮਦਦ ਕਰਦਾ ਸੀ। ਖੁਦ ਦੀ ਗੱਡੀ ’ਤੇ ਉਸ ਨੂੰ ਯੂ. ਪੀ. ਲੈ ਕੇ ਜਾਂਦਾ ਸੀ ਅਤੇ ਉੱਥੋਂ ਅਫੀਮ ਦੀ ਖੇਪ ਲੈ ਕੇ ਆਉਂਦਾ ਸੀ। ਉੱਥੇ ਪੰਜਾਬ ਪੁਲਸ ਦੇ ਨਾਂ ਦਾ ਪੂਰਾ ਫਾਇਦਾ ਚੁੱਕਦਾ ਸੀ। ਰਸਤੇ ’ਚ ਨਾਕਾਬੰਦੀ ’ਤੇ ਖੁਦ ਦਾ ਆਈ. ਡੀ. ਕਾਰਡ ਦਿਖਾ ਕੇ ਬਚ ਜਾਂਦਾ ਸੀ। ਫਿਰ ਸ਼ਹਿਰ ਪੁੱਜ ਕੇ ਅਫੀਮ ਨੂੰ ਸਮੱਗਲਰ ਅੱਗੇ ਸਪਲਾਈ ਕਰ ਦਿੰਦਾ ਸੀ ਪਰ ਹੁਣ ਪੁਲਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਦੇ ਧਿਆਨ ’ਚ ਮਾਮਲਾ ਆਉਣ ਤੋਂ ਬਾਅਦ ਉਨ੍ਹਾਂ ਨੇ ਤੁਰੰਤ ਮੁਲਜ਼ਮ ਕਾਂਸਟੇਬਲ ’ਤੇ ਕਾਰਵਾਈ ਦੇ ਆਦੇਸ਼ ਜਾਰੀ ਕੀਤੇ, ਜਿਸ ਤੋਂ ਬਾਅਦ ਮੁਲਜ਼ਮ ਕਾਂਸਟੇਬਲ ਹਰਮਨਦੀਪ ਸਿੰਘ ਨੂੰ ਕੇਸ ’ਚ ਨਾਮਜ਼ਦ ਕਰ ਕੇ ਪੁਲਸ ਨੇ ਕਾਬੂ ਕਰ ਲਿਆ ਹੈ। ਮੁਲਜ਼ਮ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ 2 ਦਿਨ ਦੇ ਪੁਲਸ ਰਿਮਾਂਡ ’ਤੇ ਭੇਜਿਆ ਗਿਆ ਹੈ। ਮੁਲਜ਼ਮ ਤੋਂ ਪੁੱਛਗਿੱਛ ਚੱਲ ਰਹੀ ਹੈ।
ਇਹ ਵੀ ਪੜ੍ਹੋ : ਕੁੱਲ੍ਹੜ ਪੀਜ਼ਾ ਕਪਲ ਦੀ ਵਾਇਰਲ ਹੋਈ ਵੀਡੀਓ ਦੇ ਮਾਮਲੇ ’ਚ ਨਵਾਂ ਮੋੜ, ਸਾਹਮਣੇ ਆਈ ਐੱਫ. ਆਈ. ਆਰ.
ਪੁਲਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਐਂਟੀ ਨਾਰਕੋਟਿਕਸ ਸੈੱਲ-1 ਦੀ ਟੀਮ ਨੇ 12 ਅਗਸਤ ਨੂੰ ਗੁਰਪ੍ਰੀਤ ਸਿੰਘ ਉਰਫ ਪ੍ਰੀਤ ਨੂੰ ਕਾਬੂ ਕੀਤਾ ਸੀ। ਉਸ ਕੋਲੋਂ 450 ਗ੍ਰਾਮ ਅਫੀਮ ਬਰਾਮਦ ਹੋਈ ਸੀ। ਥਾਣਾ ਮੇਹਰਬਾਨ ’ਚ ਉਸ ਖਿਲਾਫ ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਹੋਇਆ ਸੀ। ਜਦ ਰਿਮਾਂਡ ਦੌਰਾਨ ਮੁਲਜ਼ਮ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਨਸ਼ਾ ਸਮੱਗਲਿੰਗ ’ਚ ਉਸ ਦੀ ਮਦਦ ਕਾਂਸਟੇਬਲ ਹਰਮਨਦੀਪ ਸਿੰਘ ਕਰਦਾ ਸੀ, ਜੋ ਕਿ ਉਸ ਸਮੇਂ ਥਾਣਾ ਮੇਹਰਬਾਨ ’ਚ ਹੀ ਤਾਇਨਾਤ ਸੀ।
ਇਹ ਵੀ ਪੜ੍ਹੋ : ਨਰਸਰੀ ’ਚ ਪੜ੍ਹਦੇ ਪੁੱਤ ਨੂੰ ਸਕੂਲ ਬੱਸ ’ਚੋਂ ਉਤਾਰ ਰਹੀ ਸੀ ਮਾਂ, ਪਿੱਛੋਂ ਡੇਢ ਸਾਲਾ ਪੁੱਤ ਦੇ ਸਿਰ ਉਪਰੋਂ ਲੰਘ ਗਈ ਬੱਸ
ਉਸ ਸਮੇਂ ਐਂਟੀ ਨਾਰਕੋਟਿਕਸ ਸੈੱਲ ਦੀ ਪੁਲਸ ਨੇ ਕਾਂਸਟੇਬਲ ਹਰਮਨਦੀਪ ਸਿੰਘ ਤੋਂ ਪੁੱਛਗਿੱਛ ਕੀਤੀ ਸੀ ਪਰ ਉਸ ਨੇ ਮੁਲਜ਼ਮ ਨਸ਼ਾ ਸਮੱਗਲਰ ਨੂੰ ਪਛਾਨਣ ਤੋਂ ਇਨਕਾਰ ਕਰ ਦਿੱਤਾ ਸੀ, ਉਸ ਸਮੇਂ ਉਸ ਦਾ ਤਬਾਦਲਾ ਕਰਕੇ ਪੁਲਸ ਲਾਈਨ ’ਚ ਭੇਜ ਦਿੱਤਾ ਗਿਆ ਸੀ। ਇਸ ਤੋਂ ਬਾਅਦ ਪੁਲਸ ਨੇ ਦੋਵਾਂ ਦੇ ਮੋਬਾਇਲਾਂ ਦੀ ਸੀ. ਡੀ. ਆਰ. ਕਢਵਾਈ ਸੀ, ਜਿਸ ਵਿਚ ਸਪੱਸ਼ਟ ਹੋ ਗਿਆ ਕਿ ਦੋਵੇਂ ਇਕੱਠੇ ਹੀ ਯੂ. ਪੀ. ਜਾਂਦੇ ਸਨ। ਮੁਲਜ਼ਮ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਯੂ. ਪੀ. ਦੇ ਜ਼ਿਲ੍ਹਾ ਮੁਰਾਦਾਬਾਦ ਤੋਂ ਅਫੀਮ ਲੈ ਕੇ ਆਉਂਦਾ ਸੀ। ਕਾਂਸਟੇਬਲ ਹਰਮਨਦੀਪ ਸਿੰਘ ਉਸ ਦਾ ਜਾਣਕਾਰ ਸੀ, ਜੋ ਕਿ ਉਸ ਨਾਲ ਆਪਣੀ ਕਾਰ ਲੈ ਕੇ ਜਾਂਦਾ ਸੀ।
ਇਹ ਵੀ ਪੜ੍ਹੋ : ਐੱਨ. ਆਈ. ਏ. ਵੱਲੋਂ ਵੱਡੇ ਪੱਧਰ ’ਤੇ ਪੰਜਾਬ ਭਰ ਵਿਚ ਛਾਪੇਮਾਰੀ
ਹਰਮਨਦੀਪ ਕਾਫੀ ਸਮੇਂ ਵਰਦੀ ਦੀ ਆੜ ਵਿਚ ਨਸ਼ਾ ਸਮੱਗਲਿੰਗ ਵਿਚ ਉਸ ਦੀ ਮਦਦ ਕਰਦਾ ਆ ਰਿਹਾ ਸੀ। ਉਹ ਉਸ ਦਾ ਸੁਰੱਖਿਆ ਕਵਚ ਬਣ ਕੇ ਜਾਂਦਾ ਸੀ। ਪੁਲਸ ਕਮਿਸ਼ਨਰ ਸਿੱਧੂ ਨੇ ਕਿਹਾ ਹੈ ਕਿ ਚੰਗਾ ਕੰਮ ਕਰਨ ’ਤੇ ਇਨਾਮ ਦਿੱਤੇ ਜਾਣਗੇ ਪਰ ਗਲਤ ਕੰਮ ਕਰਦੇ ਫੜੇ ਗਏ ਪੁਲਸ ਮੁਲਾਜ਼ਮ ’ਤੇ ਸਖ਼ਤ ਕਾਰਵਾਈ ਹੋਵੇਗੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਨਸ਼ਾ ਸਮੱਗਲਿੰਗ ’ਚ ਕਿਸੇ ਦੀ ਸ਼ਮੂਲੀਅਤ ਪਾਈ ਜਾਂਦੀ ਹੈ ਤਾਂ ਉਸ ਦੇ ਖ਼ਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8