ਵਿਧਾਇਕ ਢਿੱਲੋਂ ਨੇ ਸਰਪੰਚਾਂ ਦੀ ਸਹਿਮਤੀ ਨਾਲ ਮਨਜੀਤ ਭੱਟੀਆ ਨੂੰ ਪ੍ਰਧਾਨ ਅਤੇ ਸੁਖਦੀਪ ਨੂੰ ਉਪ ਪ੍ਰਧਾਨ ਬਣਾਇਆ
Friday, Dec 17, 2021 - 02:58 PM (IST)
ਮਾਛੀਵਾੜ੍ਹਾ ਸਾਹਿਬ,(ਟੱਕਰ) – ਮਾਛੀਵਾੜ੍ਹਾ ਬਲਾਕ ਦੀ ਸਰਪੰਚ ਯੂਨੀਅਨ ਦੇ ਪ੍ਰਧਾਨ ਨੂੰ ਲੈ ਕੇ ਕਾਂਗਰਸ ਵਿਚ ਨਵਾਂ ਵਿਵਾਦ ਛਿੜ ਪਿਆ ਹੈ ਕਿਉਂਕਿ ਇੱਕ ਦਿਨ ਪਹਿਲਾਂ ਹੋਈ ਮੀਟਿੰਗ ’ਚ ਕਾਂਗਰਸ ਦੇ ਆਗੂ ਬਲਾਕ ਸੰਮਤੀ ਮੈਂਬਰ ਅਮਨਦੀਪ ਸਿੰਘ ਰਾਣਵਾਂ ਦੀ ਪਤਨੀ ਜਸਪ੍ਰੀਤ ਕੌਰ ਗੁਰੋਂ ਨੂੰ ਯੂਨੀਅਨ ਦਾ ਪ੍ਰਧਾਨ ਬਣਾਇਆ ਗਿਆ ਸੀ ਪਰ ਅੱਜ ਹਲਕਾ ਸਮਰਾਲਾ ਦੇ ਵਿਧਾਇਕ ਅਮਰੀਕ ਸਿੰਘ ਢਿੱਲੋਂ ਦੀ ਅਗਵਾਈ ਹੇਠ ਹੋਈ ਮੀਟਿੰਗ ’ਚ ਸਰਪੰਚਾਂ ਵਲੋਂ ਮਨਜੀਤ ਸਿੰਘ ਭੱਟੀਆਂ ਨੂੰ ਨਵਾਂ ਪ੍ਰਧਾਨ ਅਤੇ ਸੁਖਦੀਪ ਸਿੰਘ ਬਾਜਵਾ ਨੂੰ ਉਪ ਪ੍ਰਧਾਨ ਚੁਣ ਲਿਆ ਗਿਆ। ਬਲਾਕ ਪੰਚਾਇਤ ਦਫ਼ਤਰ ਵਿਖੇ ਹੋਈ ਮੀਟਿੰਗ ’ਚ ਮਾਛੀਵਾੜ੍ਹਾ ਇਲਾਕੇ ਦੇ 81 ਸਰਪੰਚਾਂ ਨੇ ਸ਼ਮੂਲੀਅਤ ਕੀਤੀ ਜਿਨ੍ਹਾਂ ਵਿਧਾਇਕ ਅਮਰੀਕ ਸਿੰਘ ਢਿੱਲੋਂ ਨੂੰ ਅਧਿਕਾਰ ਦਿੱਤੇ ਕਿ ਉਹ ਜਿਸ ਨੂੰ ਚਾਹੇ ਪ੍ਰਧਾਨ ਬਣਾ ਸਕਦੇ ਹਨ ਜਿਸ ’ਤੇ ਮਨਜੀਤ ਸਿੰਘ ਭੱਟੀਆਂ ਅਤੇ ਸੁਖਦੀਪ ਸਿੰਘ ਬਾਜਵਾ ਨੂੰ ਅਹੁਦੇ ਦੇ ਕੇ ਨਿਵਾਜ਼ਿਆ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਢਿੱਲੋਂ ਨੇ ਦੱਸਿਆ ਕਿ ਇੱਕ ਦਿਨ ਪਹਿਲਾਂ ਜੋ ਸਰਪੰਚ ਯੂਨੀਅਨ ਦੀ ਚੋਣ ਹੋਈ ਸੀ ਉਸ ਵਿਚ ਕੁਝ ਕੁ ਸਰਪੰਚਾਂ ਨੂੰ ਗੁੰਮਰਾਹ ਕਰਕੇ ਮੀਟਿੰਗ ’ਚ ਬੁਲਾਇਆ ਗਿਆ ਜਿਸਦੇ ਜਵਾਬ ਵਜੋਂ ਨਵੀਂ ਮੀਟਿੰਗ ਬੁਲਾ ਸਰਬ ਸੰਮਤੀ ਨਾਲ ਇਹ ਨਵੇਂ ਅਹੁਦੇਦਾਰ ਚੁਣੇ ਗਏ ਹਨ।
ਇਹ ਵੀ ਪੜ੍ਹੋ : ਉਮੀਦਵਾਰਾਂ ਵਲੋਂ ਵੋਟਰਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ’ਤੇ ਰਹੇਗੀ ਚੋਣ ਕਮਿਸ਼ਨ ਦੀ ਨਜ਼ਰ
ਨਵੇਂ ਚੁਣੇ ਗਏ ਅਹੁਦੇਦਾਰਾਂ ਨੂੰ ਮਾਛੀਵਾੜਾ ਬਲਾਕ ਸਰਪੰਚ ਯੂਨੀਅਨ ਦੇ ਬਾਕੀ ਅਹੁਦੇਦਾਰ ਅਤੇ ਕਾਰਜਕਾਰਨੀ ਕਮੇਟੀ ਗਠਨ ਕਰਨ ਦਾ ਅਧਿਕਾਰ ਦਿੱਤਾ ਗਿਆ। ਬਲਾਕ ਦੇ ਸਰਪੰਚ ਯੂਨੀਅਨ ਦੀ ਚੋਣ ’ਚ ਚੁਣੀ ਗਈ ਪਹਿਲੀ ਪ੍ਰਧਾਨ ਵੀ ਕਾਂਗਰਸੀ ਆਗੂ ਦੀ ਪਤਨੀ ਹੈ ਅਤੇ ਹੁਣ ਵੀ ਕਾਂਗਰਸ ਪੱਖੀ ਹੀ ਪ੍ਰਧਾਨ ਚੁਣਿਆ ਗਿਆ ਪਰ ਪਹਿਲੀ ਯੂਨੀਅਨ ’ਚ ਕੁਝ ਅਜਿਹੇ ਵਿਅਕਤੀਆਂ ਨੂੰ ਅਹੁਦੇ ਦਿੱਤੇ ਗਏ ਜਿਨ੍ਹਾਂ ’ਚ ਕੁਝ ਅਕਾਲੀ ਸਮਰਥਕ ਸ਼ਾਮਲ ਸਨ। ਹੋਰ ਤਾਂ ਹੋਰ ਪਹਿਲੀ ਯੂਨੀਅਨ ’ਚ ਕੁਝ ਅਜਿਹੇ ਅਹੁਦੇਦਾਰ ਵੀ ਸਨ ਜਿਨ੍ਹਾਂ ਦਾ ਵਿਧਾਇਕ ਢਿੱਲੋਂ ਨਾਲ 36 ਦਾ ਅੰਕੜਾ ਚੱਲਦਾ ਆ ਰਿਹਾ ਹੈ। ਇਸ ਮੌਕੇ ਯੂਨੀਅਨ ਦੇ ਨਵੇਂ ਚੁਣੇ ਗਏ ਪ੍ਰਧਾਨ ਮਨਜੀਤ ਸਿੰਘ ਭੱਟੀਆਂ ਅਤੇ ਉਪ ਪ੍ਰਧਾਨ ਸੁਖਦੀਪ ਸਿੰਘ ਬਾਜਵਾ ਨੇ ਕਿਹਾ ਕਿ ਉਹ ਵਿਧਾਇਕ ਅਮਰੀਕ ਸਿੰਘ ਢਿੱਲੋਂ ਅਤੇ ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ ਦੇ ਡਾਇਰੈਕਟਰ ਕਰਨਵੀਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਪੰਚਾਇਤਾਂ ਦੀਆਂ ਮੁਸ਼ਕਿਲਾਵਾਂ ਦੇ ਹੱਲ ਲਈ ਯਤਨਸ਼ੀਲ ਰਹਿਣਗੇ। ਵਿਧਾਇਕ ਢਿੱਲੋਂ ਵਲੋਂ ਨਵੇਂ ਅਹੁਦੇਦਾਰਾਂ ਨੂੰ ਸਿਰੋਪਾ ਪਾ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਨਗਰ ਕੌਂਸਲ ਪ੍ਰਧਾਨ ਸੁਰਿੰਦਰ ਕੁੰਦਰਾ, ਚੇਅਰਮੈਨ ਸਿਮਰਨਜੀਤ ਕੌਰ, ਕਾਰਜਕਾਰੀ ਪ੍ਰਧਾਨ ਕੁਲਵਿੰਦਰ ਸਿੰਘ ਮਾਣੇਵਾਲ, ਛਿੰਦਰਪਾਲ ਹਿਯਾਤਪੁਰ, ਸੁਖਦੀਪ ਸਿੰਘ ਸੋਨੀ, ਗੁਰਦੀਪ ਸਿੰਘ ਰੋਹਲੇ, ਜਸਦੇਵ ਸਿੰਘ ਬਿੱਟੂ, ਮਨਜੀਤ ਸਿੰਘ ਡੱਲ੍ਹਾ (ਸਾਰੇ ਸਰਪੰਚ), ਚੇਅਰਮੈਨ ਸੁਖਵੀਰ ਸਿੰਘ ਪੱਪੀ, ਪੀਏ ਰਾਜੇਸ਼ ਬਿੱਟੂ, ਰਜਿੰਦਰ ਸਿੰਘ ਢਿੱਲੋਂ ਵੀ ਮੌਜੂਦ ਸਨ।
ਸਰਪੰਚਾਂ ਨੇ ਕਰਨਵੀਰ ਢਿੱਲੋਂ ਨੂੰ ਕਾਂਗਰਸ ਉਮੀਦਵਾਰ ਵਜੋਂ ਕੀਤਾ ਪ੍ਰਵਾਨ
ਇਹ ਵੀ ਪੜ੍ਹੋ : ਸਰਕਾਰ ਵੱਲੋਂ ਤੈਅ ਕੀਤੇ ਰੇਟਾਂ ਅਨੁਸਾਰ ਹੀ ਰੇਤਾ ਵੇਚਿਆ ਜਾਵੇ : ਡੀ. ਐੱਸ. ਪੀ. ਖਹਿਰਾ
ਬਲਾਕ ਪੰਚਾਇਤ ਦਫ਼ਤਰ ਵਿਖੇ ਹੋਈ ਮੀਟਿੰਗ ’ਚ ਸ਼ਾਮਲ ਸਰਪੰਚਾਂ ਅੱਗੇ ਵਿਧਾਇਕ ਅਮਰੀਕ ਸਿੰਘ ਢਿੱਲੋਂ ਨੇ ਮਤਾ ਪੇਸ਼ ਕੀਤਾ ਕਿ ਉਹ ਇਸ ਵਾਰ ਆਪਣੇ ਪੋਤਰੇ ਪੰਜਾਬ ਸਟੇਟ ਟਰਾਂਸ਼ਮਿਸ਼ਨ ਕਾਰਪੋਰੇਸ਼ਨ ਦੇ ਡਾਇਰੈਕਟਰ ਕਰਨਵੀਰ ਸਿੰਘ ਢਿੱਲੋਂ ਨੂੰ ਕਾਂਗਰਸੀ ਉਮੀਦਵਾਰ ਵਜੋਂ ਚੋਣ ਮੈਦਾਨ ’ਚ ਉਤਾਰਨਾ ਚਾਹੁੰਦੇ ਹਨ ਜਿਸ ਸਬੰਧੀ ਉਨ੍ਹਾਂ ਮੀਟਿੰਗ ’ਚ ਸ਼ਾਮਲ ਸਰਪੰਚ ਤੋਂ ਇਸ ਸਬੰਧੀ ਰਾਏ ਮੰਗੀ। ਵਿਧਾਇਕ ਢਿੱਲੋਂ ਦੇ ਇਸ ਮਤੇ ’ਤੇ ਸਾਰੇ ਸਰਪੰਚਾਂ ਨੇ ਹੱਥ ਖੜ੍ਹੇ ਕਰ ਸਹਿਮਤੀ ਪ੍ਰਗਟਾਉਂਦਿਆਂ ਕਿਹਾ ਕਿ ਉਹ ਕਰਨਵੀਰ ਢਿੱਲੋਂ ਦੀ ਡਟ ਕੇ ਹਮਾਇਤ ਕਰ ਭਾਰੀ ਬਹੁਮਤ ਨਾਲ ਜਿਤਾਉਣਗੇ। ਵਿਧਾਇਕ ਢਿੱਲੋਂ ਨੇ ਕਿਹਾ ਕਿ ਉਨ੍ਹਾਂ ਕਾਂਗਰਸ ਹਾਈਕਮਾਂਡ ਨੂੰ ਵੀ ਬੇਨਤੀ ਕਰ ਦਿੱਤੀ ਹੈ ਕਿ ਇਸ ਵਾਰ ਉਨ੍ਹਾਂ ਦਾ ਪੋਤਰਾ ਕਰਨਵੀਰ ਢਿੱਲੋਂ ਨੂੰ ਕਾਂਗਰਸੀ ਦੀ ਟਿਕਟ ਦੇਣ ਅਤੇ ਨਾਲ ਹੀ ਇਹ ਵੀ ਕਿਹਾ ਕਿ ਹਾਈਕਮਾਂਡ ਉਨ੍ਹਾਂ ਨੂੰ ਜੋ ਵੀ ਸੇਵਾ ਸੌਂਪੇਗੀ ਉਸ ਨੂੰ ਖਿੜ੍ਹੇ ਮੱਥੇ ਪ੍ਰਵਾਨ ਕਰਨਗੇ।