ਸਰਕਾਰੀ ਸਟੇਜ ''ਤੇ ਹੀ ਉਲਝੇ ਕਾਂਗਰਸੀ ਆਗੂ

Monday, Aug 21, 2017 - 06:48 AM (IST)

ਸਰਕਾਰੀ ਸਟੇਜ ''ਤੇ ਹੀ ਉਲਝੇ ਕਾਂਗਰਸੀ ਆਗੂ

ਲੌਂਗੋਵਾਲ  (ਵਸ਼ਿਸ਼ਟ, ਵਿਜੇ)  - ਸੰਤ ਲੌਂਗੋਵਾਲ ਦੀ ਬਰਸੀ ਮੌਕੇ ਆਯੋਜਿਤ ਰਾਜ ਪੱਧਰੀ ਸਮਾਗਮ 'ਚ ਮੁੱਖ ਮਹਿਮਾਨ ਦੇ ਪੁੱਜਣ ਤੋਂ ਪਹਿਲਾਂ ਹੀ ਕਾਂਗਰਸ ਦੇ ਲੀਡਰ ਸਰਕਾਰੀ ਸਟੇਜ 'ਤੇ ਆਪਸ ਵਿਚ ਤੂੰ-ਤੂੰ-ਮੈਂ-ਮੈਂ 'ਤੇ ਉਤਰ ਆਏ।ਜਾਣਕਾਰੀ ਅਨੁਸਾਰ ਇਹ ਮਾਮਲਾ ਇਕ ਵਿਅਕਤੀ ਦੀ ਮੌਜੂਦਗੀ ਨੂੰ ਲੈ ਕੇ ਭਖਿਆ, ਜਿਸ ਦੀ ਬਦੌਲਤ ਪੰਡਾਲ 'ਚ ਬੈਠੇ ਲੋਕਾਂ ਦਾ ਧਿਆਨ ਮੱਲੋ-ਮੱਲੀ ਸਟੇਜ ਵੱਲ ਖਿੱਚਿਆ ਗਿਆ। ਕੁਝ ਮਿੰਟ ਬਾਅਦ ਭਾਵੇਂ ਮਾਮਲਾ ਸ਼ਾਂਤ ਹੋ ਗਿਆ ਪਰ ਇਹ ਮਾਮਲਾ ਅੰਤ ਤੱਕ ਲੋਕਾਂ 'ਚ ਚਰਚਾ ਦਾ ਵਿਸ਼ਾ ਬਣਿਆ ਰਿਹਾ। ਸਟੇਜ ਤੋਂ ਇਸ ਸੰਬੰਧ 'ਚ ਅਸਿੱਧੇ ਤੌਰ 'ਤੇ ਬੋਲਦਿਆਂ ਯੂਥ ਕਾਂਗਰਸ ਦੀ ਸੂਬਾ ਮੀਤ ਪ੍ਰਧਾਨ ਦਾਮਨ ਥਿੰਦ ਬਾਜਵਾ (ਇੰਚਾਰਜ ਹਲਕਾ ਸੁਨਾਮ) ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਦਾ ਵਿਰੋਧ ਕੀਤਾ ਸੀ, ਉਨ੍ਹਾਂ ਨੂੰ ਅਜੇ ਪਾਰਟੀ 'ਚ ਵੜਨ ਦੀ ਲੋੜ ਨਹੀਂ।
ਕਾਂਗਰਸ ਦੇ ਰਾਜ 'ਚ ਉਨ੍ਹਾਂ ਹੀ ਵਰਕਰਾਂ ਨੂੰ ਤਵੱਜੋਂ ਮਿਲੇਗੀ, ਜਿਨ੍ਹਾਂ ਨੇ ਪਾਰਟੀ ਲਈ ਕੰਮ ਕੀਤਾ ਹੈ ਅਤੇ ਬਾਕੀ ਵਿਰੋਧ ਕਰਨ ਵਾਲੇ ਅਜੇ ਸਾਲ 2 ਸਾਲ ਦੂਜੇ ਪਾਸੇ ਸਵਾਦ ਲੈ ਲੈਣ।
ਇਸ ਸੰਬੰਧ ਵਿਚ ਜਦੋਂ ਕਾਂਗਰਸ ਦੇ ਜ਼ਿਲਾ ਪ੍ਰਧਾਨ ਰਾਜਿੰਦਰ ਸਿੰਘ ਰਾਜਾ ਨਾਲ ਪੱਤਰਕਾਰਾਂ ਨੇ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਟੇਜ 'ਤੇ ਇਕ ਵਰਕਰਾਂ ਦੀ ਮੌਜੂਦਗੀ ਨੂੰ ਲੈ ਕੇ ਹੋਏ ਮਾਮਲੇ ਨੂੰ ਸਮਝਾ-ਬੁਝਾ ਕੇ ਸ਼ਾਂਤ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੈਡਮ ਦਾਮਨ ਥਿੰਦ ਬਾਜਵਾ ਦੇ ਸਮਰਥਕ ਇਕ ਵਰਕਰ ਸੰਬੰਧੀ ਕਹਿ ਰਹੇ ਸਨ ਕਿ ਇਨ੍ਹਾਂ ਨੇ ਚੋਣਾਂ ਵਿਚ ਕਾਂਗਰਸ ਦਾ ਵਿਰੋਧ ਕੀਤਾ ਹੈ, ਜਦਕਿ ਵਰਕਰ ਦਾ ਕਹਿਣਾ ਹੈ ਕਿ ਉਸ ਨੇ ਹਮੇਸ਼ਾ ਕਾਂਗਰਸ ਦੀ ਮਦਦ ਕੀਤੀ ਹੈ।


Related News