ਵਿਆਹ ਸਮਾਗਮ ’ਚ ਹੋਈ ਤੂੰ,ਤੂੰ-ਮੈਂ,ਮੈਂ, ਸਰਪੰਚ ਦੇ ਪਤੀ ਨੇ ਹਥਿਆਰ ਲੈ ਕੱਢਿਆ ਰੋਡ ਸ਼ੋਅ
Tuesday, Nov 26, 2019 - 04:48 PM (IST)
ਫਿਰੋਜ਼ਪੁਰ (ਸੰਨੀ) - ਫਿਰੋਜ਼ਪੁਰ ਦੇ ਕਸਬਾ ਮਮਦੋਟ ਦੇ ਪਿੰਡ ਪੱਜੋ ਕੇ ਉਤਾੜ ’ਚ ਕਾਂਗਰਸੀਆਂ ਦੀ ਗੁੰਡਾਗਰਦੀ ਦਾ ਨੰਗਾ ਨਾਚ ਉਸ ਸਮੇਂ ਦੇਖਣ ਨੂੰ ਮਿਲਿਆ, ਜਦੋਂ ਕਾਂਗਰਸੀ ਸਰਪੰਚ ਦਾ ਪਤੀ ਅਤੇ ਉਸ ਦੇ ਸਾਥੀ ਹੱਥਾਂ ’ਚ ਹਥਿਆਰ ਲੈ ਕੇ ਪਿੰਡ ’ਚ ਘੁੰਮਦੇ ਰਹੇ। ਉਕਤ ਲੋਕ ਪਿੰਡ ਦੀਆਂ ਗਲੀਆਂ ’ਚ ਸ਼ਰੇਆਮ ਬਦਮਾਸ਼ੀ ਕਰ ਰੋਡ ਸ਼ੋਅ ਕਰਦੇ ਹੋਏ ਨਜ਼ਰ ਵੀ ਆਏ। ਰੋਡ ਸ਼ੋਅ ਦੀ ਦੂਜੀ ਵੀਡੀਓ ’ਚ ਉਕਤ ਕਾਂਗਰਸੀ ਲੋਕ ਧੱਕਾ-ਮੁੱਕੀ ਕਰਦੇ ਹੋਏ ਦਿਖਾਈ ਦੇ ਰਹੇ ਹਨ। ਇਸ ਗੱਲ ਦਾ ਪਤਾ ਲੱਗਣ ’ਤੇ ਪੁਲਸ ਨੇ ਫੁਟੇਜ਼ ਦੇ ਆਧਾਰ ’ਤੇ ਮਾਮਲਾ ਦਰਜ ਕਰਕੇ ਇਸ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ।
ਜਾਣਕਾਰੀ ਅਨੁਸਾਰ ਗੁੰਡਾਗਰਦੀ ਦੀ ਇਕ ਸੀ.ਸੀ.ਟੀ.ਵੀ. ਫੁਟੇਜ਼ ਸਾਹਮਣੇ ਆਈ ਹੈ, ਜਿਸ ’ਚ ਦਿਖਾਈ ਦੇ ਰਿਹੈ ਕਿ ਵਿਆਹ ਵਾਲੇ ਇਕ ਘਰ ’ਚ ਕੁਝ ਲੋਕਾਂ ਵਲੋਂ ਜ਼ਰਾ ਕੁ ਆਨਾਕਾਨੀ ਕਰਨ ਮਗਰੋਂ ਕਾਂਗਰਸੀ ਸਰਪੰਚ ਦੇ ਪਤੀ ਅਤੇ ਉਸ ਦੇ ਸਾਥੀਆਂ ਨੇ ਹਥਿਆਰਾਂ ਨੂੰ ਹੱਥ ’ਚ ਲੈ ਕੇ ਗਲੀਆਂ ’ਚ ਘੁੰਮਣ ਲੱਗ ਗਏ। ਪੁਲਸ ਨੂੰ ਜਾਣਕਾਰੀ ਦਿੰਦਿਆ ਵਿਆਹ ਵਾਲੇ ਲਾੜੇ ਅਤੇ ਉਸ ਦੇ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਵਿਆਹ ਵਾਲਾ ਮਾਹੌਲ ਚੱਲ ਰਿਹਾ ਸੀ। ਇਸ ਦੌਰਾਨ ਕਿਸੇ ਗੱਲ ਨੂੰ ਲੈ ਕੇ ਕਹਾਸੁਣੀ ਹੋਣ ਮਗਰੋਂ ਸਰਪੰਚ ਦੇ ਪਤੀ ਨੇ ਹੰਗਾਮਾ ਕਰ ਦਿੱਤਾ। ਇਸ ਹੰਗਾਮੇ ਦੀ ਵੀਡੀਓ ਕੁਝ ਲੋਕਾਂ ਵਲੋਂ ਬਣਾਈ ਗਈ ਹੈ, ਜਿਸ ’ਚ ਉਹ ਸਾਨੂੰ ਡਰਾਉਣ ਦੀਆਂ ਧਮਕੀਆਂ ਦੇ ਰਹੇ ਹਨ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਡੀ.ਐੱਸ.ਪੀ. ਸਤਨਾਮ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਹੱਥ ਜੋ ਵੀਡੀਓ ਲੱਗੀ ਹੈ, ਉਸ ਦੀ ਜਾਂਚ ਉਨ੍ਹਾਂ ਵਲੋਂ ਕੀਤੀ ਜਾ ਰਹੀ ਹੈ।