ਸੁੱਖੀ ਰੰਧਾਵਾ ਨੂੰ ਤੁਰੰਤ ਸਸਪੈਂਡ ਕਰੇ ਕਾਂਗਰਸ : ਰੋਜ਼ੀ ਬਰਕੰਦੀ

Tuesday, Dec 31, 2019 - 01:00 PM (IST)

ਸੁੱਖੀ ਰੰਧਾਵਾ ਨੂੰ ਤੁਰੰਤ ਸਸਪੈਂਡ ਕਰੇ ਕਾਂਗਰਸ : ਰੋਜ਼ੀ ਬਰਕੰਦੀ

ਸ੍ਰੀ ਮੁਕਤਸਰ ਸਾਹਿਬ (ਬਿਊਰੋ) : ਕਾਂਗਰਸੀ ਮੰਤਰੀ ਸੁੱਖੀ ਰੰਧਾਵਾ ਵੱਲੋਂ ਇਕ ਕਥਿਤ ਵੀਡੀਓ 'ਚ ਗੁਰੂ ਨਾਨਕ ਦੇਵ ਜੀ ਦੀ ਕੈਪਟਨ ਅਮਰਿੰਦਰ ਸਿੰਘ ਨਾਲ ਕੀਤੀ ਗਈ ਤੁਲਨਾ ਦਾ ਵਿਵਾਦ ਕਾਫੀ ਵੱਧਦਾ ਜਾ ਰਿਹਾ ਹੈ। ਪੰਜਾਬ ਭਰ 'ਚ ਜਿੱਥੇ ਵੱਖ-ਵੱਖ ਸਿੱਖ ਜਥੇਬੰਦੀਆਂ ਰੰਧਾਵਾ ਦੇ ਅਸਤੀਫੇ ਦੀ ਮੰਗ ਕਰ ਰਹੀਆਂ ਹਨ, ਉੱਥੇ ਹੀ ਵਿਰੋਧੀ ਪਾਰਟੀ ਅਕਾਲੀ ਦਲ ਵੀ ਇਸ ਮਸਲੇ 'ਤੇ ਕਾਫੀ ਸਰਗਰਮ ਹੈ। ਇਸੇ ਸੰਦਰਭ 'ਚ ਅੱਜ ਵਿਧਾਨ ਸਭਾ ਹਲਕਾ ਸ੍ਰੀ ਮੁਕਤਸਰ ਸਾਹਿਬ ਤੋਂ ਅਕਾਲੀ ਦਲ ਦੇ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਵੱਲੋਂ ਆਪਣੇ ਸਮਰਥਕਾਂ ਸਮੇਤ ਡਿਪਟੀ ਕਮਿਸ਼ਨਰ ਨੂੰ ਰੰਧਾਵਾ ਖਿਲਾਫ ਕਾਰਵਾਈ ਦਾ ਮੰਗ ਪੱਤਰ ਸੌਂਪਿਆ ਗਿਆ। 

ਬਰਕੰਦੀ ਨੇ ਕਿਹਾ ਕਿ ਕਾਂਗਰਸ ਦਾ ਇਤਿਹਾਸ ਹੈ ਕਿ ਉਸਨੇ ਹਮੇਸ਼ਾ ਸਿੱਖਾਂ ਨੂੰ ਢਾਹ ਲਾਉਣ ਦੀਆਂ ਕੋਝੀਆਂ ਹਰਕਤਾਂ ਕੀਤੀਆਂ ਹਨ। ਇਸ ਵਾਰ ਵੀ ਰੰਧਾਵਾ ਨੇ ਗੁਰੂ ਸਾਹਿਬ ਦੀ ਤੁਲਨਾ ਕੈਪਟਨ ਵਰਗੇ ਵਿਅਕਤੀ ਨਾਲ ਕਰਕੇ ਪੰਥ ਦੇ ਦੋਸ਼ੀ ਹੋਣ ਦਾ ਸਬੂਤ ਦਿੱਤਾ ਹੈ। ਬਰਕੰਦੀ ਮੁਤਾਬਕ ਰੰਧਾਵਾ ਦੀ ਇਸ ਹਰਕਤ ਨਾਲ ਪੂਰੇ ਸਿੱਖ ਭਾਈਚਾਰੇ ਦੇ ਹਿਰਦੇ ਵਲੂੰਧਰੇ ਹਨ, ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਤੁਰੰਤ ਰੰਧਾਵਾ ਨੂੰ ਅਹੁਦੇ ਤੋਂ ਬਰਖਾਸਤ ਕੀਤਾ ਜਾਵੇ ਤੇ ਨਾਲ ਹੀ ਪੂਰੀ ਸਿੱਖ ਕੌਮ ਤੋਂ ਮਾਫੀ ਵੀ ਮੰਗੀ ਜਾਵੇ। ਇਸ ਦੌਰਾਨ ਉਨ੍ਹਾਂ ਦੇ ਨਾਲ ਹਰਪਾਲ ਸਿੰਘ ਬੇਦੀ, ਰਵੀ ਸੇਖੋਂ ਬਿੰਦਰ ਸਿੰਘ ਅਤੇ ਹੋਰ ਸਮਰਥਕ ਵੀ ਸ਼ਾਮਲ ਸਨ।


author

Gurminder Singh

Content Editor

Related News