ਕੇਂਦਰ ਸਰਕਾਰ ਖਿਲਾਫ ਕਾਂਗਰਸ ਸੜਕਾਂ ''ਤੇ, ਘਰਾਂ ''ਚ ਬੈਠੇ ਰਹੇ ਵਿਧਾਇਕ-ਮੰਤਰੀ
Saturday, Nov 16, 2019 - 01:09 PM (IST)

ਚੰਡੀਗੜ੍ਹ : ਕੇਂਦਰ ਸਰਕਾਰ ਦੀਆਂ ਆਰਥਿਕ ਨੀਤੀਆਂ ਦੇ ਖਿਲਾਫ ਬੀਤੇ ਦਿਨ ਕਾਂਗਰਸੀ ਵਰਕਰ ਸੜਕਾਂ 'ਤੇ ਉਤਰ ਆਏ ਅਤੇ ਇਕ ਦਰਜਨ ਤੋਂ ਜ਼ਿਆਦਾ ਜ਼ਿਲਿਆਂ 'ਚ ਧਰਨੇ ਦਿੱਤੇ ਪਰ ਇਸ ਦੌਰਾਨ ਬਹੁਤ ਸਾਰੇ ਵਿਧਾਇਕ ਅਤੇ ਮੰਤਰੀ ਆਪਣੇ ਘਰਾਂ 'ਚ ਹੀ ਬੈਠੇ ਰਹੇ, ਜਿਨ੍ਹਾਂ ਨੂੰ ਹੁਣ ਜਵਾਬ ਦੇਣਾ ਪਵੇਗਾ। ਪ੍ਰਦੇਸ਼ ਕਮੇਟੀ ਨੇ ਇਸ ਦੀ ਰਿਪੋਰਟ ਹਾਈਕਮਾਨ ਨੂੰ ਦੇਣੀ ਹੈ ਕਿਉਂਕਿ ਇਹ ਧਰਨੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਸੱਦੇ 'ਤੇ ਦਿੱਤੇ ਗਏ ਸਨ। ਵਿਧਾਇਕਾਂ ਅਤੇ ਵੱਡੇ ਨੇਤਾਵਾਂ ਦਾ ਧਰਨਿਆਂ 'ਚ ਨਾ ਆਉਣਾ ਪਾਰਟੀ ਲਈ ਚਿੰਤਾ ਦਾ ਵਿਸ਼ਾ ਬਣ ਗਿਆ ਹੈ। ਦੱਸ ਦੇਈਏ ਕਿ 13 ਮਹੀਨਿਆਂ ਦੌਰਾਨ ਇਹ ਦੂਜਾ ਮੌਕਾ ਹੈ, ਜਦੋਂ ਕਾਂਗਰਸ ਪੰਜਾਬ 'ਚ ਆਪਣੀ ਹੀ ਸਰਕਾਰ ਹੋਣ ਤੋਂ ਬਾਅਦ ਸੜਕਾਂ 'ਤੇ ਉਤਰੀ ਹੈ। ਸ਼ੁੱਕਰਵਾਰ ਨੂੰ ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਸੁਨੀਲ ਜਾਖੜ ਨੇ ਲੁਧਿਆਣਾ 'ਚ ਧਰਨਾ ਦਿੱਤਾ। ਇੱਥੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਤਾਂ ਮੌਜੂਦ ਸਨ ਪਰ ਸੰਸਦ ਮੈਂਬਰ ਰਵਨੀਤ ਬਿੱਟੂ ਗਾਇਬ ਰਹੇ। ਬਾਕੀ ਜ਼ਿਲਿਆਂ 'ਚ ਵੀ ਕੁਝ ਇਸ ਤਰ੍ਹਾਂ ਦੇ ਹੀ ਹਾਲਾਤ ਰਹੇ।