ਮੁੱਖ ਮੰਤਰੀ ਵੱਲੋਂ 18 ਸੂਤਰੀ ਏਜੰਡੇ ’ਤੇ ਸ਼ੁਰੂ ਕੀਤੀ ਗਈ ਕਾਰਵਾਈ ਤੋਂ ਕਾਂਗਰਸ ਪ੍ਰਧਾਨ ਸੰਤੁਸ਼ਟ : ਰਾਵਤ
Thursday, Aug 12, 2021 - 01:10 AM (IST)
ਜਲੰਧਰ(ਧਵਨ)– ਕਾਂਗਰਸ ਦੇ ਰਾਸ਼ਟਰੀ ਜਨਰਲ ਸਕੱਤਰ ਅਤੇ ਪੰਜਾਬ ਮਾਮਲਿਆਂ ਦੇ ਮੁਖੀ ਹਰੀਸ਼ ਰਾਵਤ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੱਲ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਕੀਤੀ ਗਈ ਬੈਠਕ ਵਿਚ ਸਰਕਾਰ ਵੱਲੋਂ 18 ਸੂਤਰੀ ਏਜੰਡੇ ’ਤੇ ਚੁੱਕੇ ਗਏ ਕਦਮਾਂ ਦੀ ਜਾਣਕਾਰੀ ਦਿੱਤੀ ਹੈ, ਜਿਸ ਤੋਂ ਕਾਂਗਰਸ ਪ੍ਰਧਾਨ ਸੰਤੁਸ਼ਟ ਹੈ।
ਇਹ ਵੀ ਪੜ੍ਹੋ- ਕੈਪਟਨ ਅਮਰਿੰਦਰ ਸਿੰਘ ਦੀ PM ਮੋਦੀ ਨਾਲ ਮੁਲਾਕਾਤ, ਖੇਤੀ ਕਾਨੂੰਨ ਰੱਦ ਕਰਨ ਦੀ ਕੀਤੀ ਮੰਗ
ਹਰੀਸ਼ ਰਾਵਤ ਜੋ ਖੁਦ ਇਸ ਬੈਠਕ ਵਿਚ ਮੌਜੂਦ ਸਨ, ਨੇ ਦੱਸਿਆ ਕਿ ਮੁੱਖ ਮੰਤਰੀ ਨੇ ਕਾਂਗਰਸ ਪ੍ਰਧਾਨ ਨੂੰ ਜਾਣੂ ਕਰਵਾਇਆ ਕਿ ਸਰਕਾਰ ਵੱਲੋਂ ਬਿਜਲੀ ਸਮਝੌਤਿਆਂ ਅਤੇ ਬੱਸ ਪਰਮਿਟਾਂ ਨੂੰ ਰੱਦ ਕਰਨ ਲਈ ਕਦਮ ਵਧਾਏ ਗਏ ਹਨ। ਉਨ੍ਹਾਂ ਕਿਹਾ ਕਿ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੇ ਮਾਮਲਿਆਂ ਸਬੰਧੀ ਵੀ ਸਰਕਾਰ ਸਖ਼ਤੀ ਵਰਤ ਰਹੀ ਹੈ। ਇਸੇ ਤਰ੍ਹਾਂ ਡਰੱਗਜ਼ ਦੇ ਮਾਮਲਿਆਂ ’ਚ ਵੀ ਵੱਡੀਆਂ ਮੱਛੀਆਂ ’ਤੇ ਹੱਥ ਪਾਉਣ ਲਈ ਕਾਰਵਾਈ ਕੀਤੀ ਜਾ ਰਹੀ ਹੈ।
ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਨਵਜੋਤ ਸਿੰਘ ਸਿੱਧੂ ਵੱਲੋਂ ਆਪਣੀ ਹੀ ਸਰਕਾਰ ’ਤੇ ਹਮਲੇ ਕੀਤੇ ਜਾ ਰਹੇ ਹਨ ਤਾਂ ਉਨ੍ਹਾਂ ਕਿਹਾ ਕਿ ਸੋਨੀਆ ਗਾਂਧੀ ਨੇ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਸਰਕਾਰ ਅਤੇ ਪਾਰਟੀ ਸੰਗਠਨ ਨੂੰ ਆਪਣੀਆਂ ਹੱਦਾਂ ’ਚ ਰਹਿ ਕੇ ਕੰਮ ਕਰਨਾ ਚਾਹੀਦਾ ਹੈ। ਕਾਂਗਰਸ ਪ੍ਰਧਾਨ ਨੇ ਇਸ ਮਾਮਲੇ ’ਚ ਉਨ੍ਹਾਂ ਨੂੰ ਨਜ਼ਰ ਰੱਖਣ ਦੇ ਹੁਕਮ ਦਿੱਤੇ ਹਨ ।
ਇਹ ਵੀ ਪੜ੍ਹੋ- ਵੋਟ ਬੈਂਕ ਦੀ ਸਿਆਸਤ ਕਰਕੇ ਦਲਿਤਾਂ-ਗਰੀਬਾਂ ਨੂੰ ਠੱਗਣ ’ਚ ਮਾਹਿਰ ਹਨ ਕਾਂਗਰਸ, ਬਾਦਲ ਤੇ ਭਾਜਪਾ : ਮਾਨ
ਹਰੀਸ਼ ਰਾਵਤ ਨੇ ਕਿਹਾ ਕਿ ਜਲਦ ਹੀ ਇਨ੍ਹਾਂ ਮਾਮਲਿਆਂ ਸਬੰਧੀ ਉਹ ਸਬੰਧਤ ਧਿਰਾਂ ਨਾਲ ਗੱਲਬਾਤ ਕਰਨਗੇ। ਇਕ ਹੋਰ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਕਾਂਗਰਸ ਪ੍ਰਧਾਨ ਨੂੰ ਦੱਸਿਆ ਹੈ ਕਿ ਕੁਝ ਹੋਰ ਨਾਜ਼ੁਕ ਮਾਮਲਿਆਂ ’ਚ ਵੀ ਸਰਕਾਰ ਅੱਗੇ ਵਧੀ ਹੈ ਪਰ ਕੁਝ ਕਾਨੂੰਨੀ ਦਿੱਕਤਾਂ ਵੀ ਸਾਹਮਣੇ ਹਨ।