ਲਤੀਫਪੁਰਾ ਪਹੁੰਚੇ ਕਾਂਗਰਸ ਪ੍ਰਧਾਨ ਰਾਜਾ ਵੜਿੰਗ, ਜਾਣੋ ਕੀ ਕਿਹਾ
Friday, Dec 16, 2022 - 11:01 PM (IST)
ਜਲੰਧਰ (ਬਿਊਰੋ) : ਜਲੰਧਰ ਦੇ ਲਤੀਫਪੁਰਾ ’ਚ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਕਾਂਗਰਸੀ ਵਰਕਰਾਂ ਨਾਲ ਪੁੱਜੇ। ਇਸ ਦੌਰਾਨ ਉਨ੍ਹਾਂ ਕਿਹਾ ਕਿ ਘਟਨਾ ਸਥਾਨ ’ਤੇ ਦੇਰੀ ਨਾਲ ਆਉਣ ਲਈ ਉਹ ਮੁਆਫੀ ਮੰਗਦੇ ਹਨ। ਇਨ੍ਹਾਂ ਪੀੜਤ ਲੋਕਾਂ ਨਾਲ ਮਿਲੀਭੁਗਤ ਨਾਲ ਧੋਖਾ ਹੋਇਆ ਹੈ। ਇੰਪਰੂਵਮੈਂਟ ਟਰੱਸਟ ਜਾਣਬੁੱਝ ਕੇ ਇਸ ਕੇਸ ਦੀ ਪੈਰਵੀ ਨਹੀਂ ਕਰ ਸਕਿਆ। ਉਹ ਮਾਣਯੋਗ ਅਦਾਲਤਾਂ ਦੇ ਫ਼ੈਸਲਿਆਂ ਦਾ ਸਤਿਕਾਰ ਕਰਦੇ ਹਨ ਪਰ ਅਦਾਲਤਾਂ ਨੂੰ ਵੀ ਦਸਤਾਵੇਜ਼ਾਂ ਨੂੰ ਦੇਖ ਕੇ ਫੈਸਲਾ ਸੁਣਾਉਣਾ ਚਾਹੀਦਾ ਹੈ। ਇਹ ਗਰੀਬ ਲੋਕ ਅਦਾਲਤ ’ਚ ਤਾਂ ਗਏ ਨਹੀਂ ਅਤੇ ਨਾ ਹੀ ਉਨ੍ਹਾਂ ਵੱਲੋਂ ਕੋਈ ਵਕੀਲ ਪੇਸ਼ ਹੋਇਆ, ਇਸੇ ਕਾਰਨ ਇਹ ਫ਼ੈਸਲਾ ਉਨ੍ਹਾਂ ਦੇ ਖ਼ਿਲਾਫ਼ ਆ ਗਿਆ। ਰਾਜਾ ਵੜਿੰਗ ਨੇ ਦੱਸਿਆ ਕਿ ਸਾਨੂੰ ਲੱਗਾ ਕਿ ਇਥੇ ਕੋਈ ਉਂਝ ਹੀ ਲੋਕਾਂ ਨੂੰ ਡਰਾਉਣ ਲਈ ਇਕ-ਦੋ ਕਮਰੇ ਢਾਹ ਦਿੱਤੇ ਗਏ ਹਨ ਪਰ ਜਦੋਂ ਅਸੀਂ ਇੱਥੇ ਆ ਕੇ ਦੇਖਿਆ ਤਾਂ ਪਤਾ ਲੱਗਾ ਕਿ ਪੂਰੇ ਘਰ ਹੀ ਢਾਹ ਦਿੱਤੇ ਗਏ ਹਨ। ਇਹ ਤਾਂ ਬਹੁਤ ਮਾੜੀ ਗੱਲ ਹੈ। ਹੁਣ ਅਜਿਹੀ ਸਥਿਤੀ ’ਚ ਜੇਕਰ ਸਰਕਾਰ ਤੋਂ ਪੁੱਛਿਆ ਜਾਵੇ ਤਾਂ ਉਹ ਕਹੇਗੀ ਕਿ ਇਹ ਸੁਪਰੀਮ ਕੋਰਟ ਦੇ ਹੁਕਮ ਸਨ।
ਇਹ ਖ਼ਬਰ ਵੀ ਪੜ੍ਹੋ : ਅਹਿਮ ਖ਼ਬਰ : ਲਤੀਫ਼ਪੁਰਾ (ਜਲੰਧਰ) ’ਚ ਪ੍ਰਭਾਵਿਤ ਪਰਿਵਾਰਾਂ ਨੂੰ ਲੈ ਕੇ ‘ਆਪ’ ਸਰਕਾਰ ਨੇ ਕੀਤਾ ਵੱਡਾ ਐਲਾਨ
ਰਾਜਾ ਵੜਿੰਗ ਨੇ ਕਿਹਾ ਕਿ ਉਹ ਆਮ ਪਰਿਵਾਰ ਤੋਂ ਸੀ. ਐੱਮ. ਬਣੇ ਭਗਵੰਤ ਮਾਨ ਨੂੰ ਬੇਨਤੀ ਕਰਦੇ ਹਨ ਖੁਦ ਆ ਕੇ ਇਥੇ ਦੇਖਣ। ਹੋ ਸਕਦਾ ਹੈ ਸੀ. ਐੱਮ. ਮਾਨ ਨੂੰ ਕਹਿ ਦਿੱਤਾ ਹੋਵੇ ਕਿ ਦਸਤਾਵੇਜ਼ਾਂ ਅਨੁਸਾਰ ਫ਼ੈਸਲਾ ਸਹੀ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਇਸ ਮੁੱਦੇ ਨੂੰ ਅਦਾਲਤ ’ਚ ਉਠਾਇਆ ਜਾਵੇ, ਇਸ ਮਾਮਲੇ ’ਚ ਵਕੀਲਾਂ ਦਾ ਖਰਚਾ ਕਾਂਗਰਸ ਪਾਰਟੀ ਵੱਲੋਂ ਚੁੱਕਿਆ ਜਾਵੇਗਾ। ਇੰਨਾ ਹੀ ਨਹੀਂ, ਰਾਜਾ ਵੜਿੰਗ ਨੇ ਕਿਹਾ ਕਿ ਜੇਕਰ ਇਨ੍ਹਾਂ ਪੀੜਤਾਂ ਦੇ ਮਕਾਨ ਨਾਜਾਇਜ਼ ਸਨ, ਜੋ ਢਾਹ ਦਿੱਤੇ ਗਏ ਹਨ ਤਾਂ ਉਨ੍ਹਾਂ ਲੋਕਾਂ ਖ਼ਿਲਾਫ ਕਾਰਵਾਈ ਹੋਣੀ ਚਾਹੀਦੀ ਹੈ, ਜਿਨ੍ਹਾਂ ਨੇ ਇਨ੍ਹਾਂ ਦੇ ਘਰਾਂ ’ਚ ਬਿਜਲੀ ਦੇ ਮੀਟਰ ਲਗਾਵੇ, ਸੀਵਰੇਜ ਦੇ ਕੁਨੈਕਸ਼ਨ ਦਿੱਤੇ ਅਤੇ ਇਨ੍ਹਾਂ ਤੋਂ ਹਾਊਸ ਟੈਕਸ ਵਸੂਲਿਆ। ਇਨ੍ਹਾਂ ਸਾਰੇ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।